ਸਿੱਧੂ ਮੂਸੇ ਵਾਲਾ ਦੇ ਕਾਤਲਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਸੁਰੱਖਿਆ ਏਜੰਸੀਆਂ ਅਲਰਟ
Saturday, Jun 04, 2022 - 12:08 PM (IST)
ਜਲੰਧਰ (ਧਵਨ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸਿੱਧੂ ਮੂਸੇ ਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਭਾਵੇਂ ਪੰਜਾਬ ਦੀ ਐੱਸ. ਆਈ. ਟੀ. ਤੇ ਹੋਰ ਸੁਰੱਖਿਆ ਏਜੰਸੀਆਂ ਭਾਲ ਕਰ ਰਹੀਆਂ ਹਨ, ਉਥੇ ਦੂਜੇ ਪਾਸੇ ਕੇਂਦਰੀ ਏਜੰਸੀਆਂ ਵੀ ਸਾਰੇ ਮਾਮਲੇ ’ਤੇ ਨਜ਼ਰ ਰੱਖ ਰਹੀਆਂ ਹਨ।
ਪੁਲਸ ਤੇ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਕਾਂਡ ’ਚ ਜਿਨ੍ਹਾਂ ਸ਼ੂਟਰਾਂ ਨੇ ਹਿੱਸਾ ਲਿਆ ਹੈ, ਉਹ ਨੇਪਾਲ ਸਣੇ ਹੋਰ ਦੇਸ਼ਾਂ ’ਚ ਦੌੜ ਸਕਦੇ ਹਨ। ਨੇਪਾਲ ਭੱਜਣਾ ਸਭ ਤੋਂ ਸੌਖਾ ਮੰਨਿਆ ਜਾਂਦਾ ਹੈ ਤੇ ਨੇਪਾਲ ਤੋਂ ਹੋਰ ਦੇਸ਼ ਜਾਇਆ ਜਾ ਸਕਦਾ ਹੈ। ਪੁਲਸ ਨੇ ਪਿਛਲੇ ਦਿਨੀਂ ਹਰਿਆਣਾ ਦੇ ਫਤਿਹਾਬਾਦ ਤੋਂ 2 ਨੌਜਵਾਨਾਂ ਤੇ ਉਤਰਾਖੰਡ ਤੋਂ ਵੀ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਖ਼ਬਰ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ
ਪੰਜਾਬ ਪੁਲਸ ਦੀ ਐੱਸ. ਆਈ. ਟੀ. ਨੇ ਵੀ ਆਈ. ਜੀ. ਜਸਕਰਨ ਸਿੰਘ ਦੀ ਅਗਵਾਈ ਹੇਠ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਐੱਸ. ਆਈ. ਟੀ. ’ਚ ਸ਼ਾਮਲ ਅਧਿਕਾਰੀ ਜਿਥੇ ਇਕ ਪਾਸੇ ਇਸ ਕਤਲ ਕਾਂਡ ’ਚ ਸ਼ਾਮਲ ਸਾਰੇ ਸ਼ੂਟਰਾਂ ਦੇ ਨਾਵਾਂ ਦਾ ਪਤਾ ਲਗਾ ਰਹੇ ਹਨ, ਉਥੇ ਦੂਜੇ ਪਾਸੇ ਸੂਬਾ ਸਰਕਾਰ ਦੀਆਂ ਏਜੰਸੀਆਂ ਨੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਨਾਲ ਵੀ ਤਾਲਮੇਲ ਬਣਾਇਆ ਹੈ।
ਸਿੱਧੂ ਮੂਸੇ ਵਾਲਾ ਮਾਮਲੇ ਨੂੰ ਸੂਬਾ ਸਰਕਾਰ ਇਸ ਲਈ ਵੀ ਜਲਦ ਤੋਂ ਜਲਦ ਹੱਲ ਕਰਨਾ ਚਾਹੁੰਦੀ ਹੈ ਕਿਉਂਕਿ ਸੰਗਰੂਰ ਜ਼ਿਮਨੀ ਚੋਣ ਵੀ ਨੇੜੇ ਆ ਰਹੀ ਹੈ। ਬੀਤੇ ਦਿਨੀਂ ਭਗਵੰਤ ਮਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।