ਭਗਵੰਤ ਮਾਨ ਨੂੰ ਮੂਸੇ ਵਾਲਾ ਦੇ ਪਿਤਾ ਦੇ ਭਾਵੁਕ ਬੋਲ, ‘ਜੇ ਸਕਿਓਰਿਟੀ ਹੁੰਦੀ ਤਾਂ ਪੁੱਤਰ ਜਿਊਂਦਾ ਹੁੰਦਾ...’

06/04/2022 11:43:07 AM

ਮਾਨਸਾ (ਬਿਊਰੋ)– ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਮੂਸਾ ਵਿਖੇ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਦੁੱਖ ਪ੍ਰਗਟਾਉਣ ਪਰਿਵਾਰ ਨੂੰ ਮਿਲਣ ਗਏ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ, ‘‘ਮੈਂ ਬੜੀ ਗਰੀਬੀ ’ਚ ਆਪਣੇ ਪੁੱਤਰ ਨੂੰ ਪਾਲਿਆ ਸੀ, ਜੇ ਸਕਿਓਰਿਟੀ ਹੁੰਦੀ ਤਾਂ ਮੇਰਾ ਪੁੱਤ ਅੱਜ ਜਿਊਂਦਾ ਹੁੰਦਾ। ਹੁਣ ਮੈਨੂੰ ਚਾਰ ਗੰਨਮੈਨ ਦੇ ਦਿੱਤੇ, ਮੈਂ ਕੀ ਕਰਨੇ ਨੇ। ਮੈਂ ਤਾਂ ਮਰਿਆ ਹੀ ਪਿਆ।’’

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਭਗਵੰਤ ਮਾਨ ਨੂੰ ਅੱਗੇ ਕਿਹਾ, ‘‘ਤੁਹਾਡੇ ’ਤੇ ਬਹੁਤ ਬੋਝ ਹੈ। ਮੈਂ ਸਮਝ ਸਕਦਾ ਹਾਂ। ਮੇਰੀ ਪਤਨੀ ਸਰਪੰਚ ਹੈ। ਦੋ-ਚਾਰ ਦਿਨ ਤਾਂ ਅਸੀਂ ਲੋਕਾਂ ਦੀ ਗੱਲ ਨਹੀਂ ਸੁਣ ਪਾਉਂਦੇ। ਤੁਸੀਂ ਤਾਂ ਫਿਰ ਵੀ ਮੁੱਖ ਮੰਤਰੀ ਹੋ। ਤੁਸੀਂ ਪੂਰੀ ਸਟੇਟ ਸੰਭਾਲਣੀ ਹੈ। ਅਸੀਂ ਤੁਹਾਡੇ ਨਾਲ ਮਿਲਣਾ ਵੀ ਚਾਹੁੰਦੇ ਸੀ ਪਰ ਅਸੀਂ ਮਿਲ ਨਹੀਂ ਸਕੇ। ਇਹ ਮੇਰੀ ਬਦਨਸੀਬੀ ਰਹੀ।’’

ਇਹ ਖ਼ਬਰ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ

ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ, ‘‘ਜੋ ਹੋਇਆ, ਉਹ ਬਹੁਤ ਦੁੱਖ ਭਰਿਆ ਹੈ। ਪਰਿਵਾਰ ਨੂੰ ਇਨਸਾਫ ਦਿਵਾਉਣਾ ਮੇਰੀ ਨਿੱਜੀ ਜ਼ਿੰਮੇਵਾਰੀ ਹੈ। ਸਿੱਧੂ ਮੇਰਾ ਕਲਾਕਾਰ ਭਰਾ ਸੀ। ਉਸ ਦੀ ਗਾਇਕੀ ਹੱਦਾਂ-ਸਰਹੱਦਾਂ ਦੇ ਪਾਰ ਤਕ ਜਾਂਦੀ ਹੈ। ਉਸ ਦੀ ਮੌਤ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਭਾਵੇਂ ਹੀ ਸਾਡੀ ਰਾਜਨੀਤਕ ਵਿਚਾਰਧਾਰਾ ਅਲੱਗ ਸੀ ਪਰ ਕੋਈ ਮਤਭੇਦ ਨਹੀਂ ਸੀ। ਉਸ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਬਹੁਤ ਹੀ ਮਿਲਣਸਾਰ ਸੀ। ਘੱਟ ਉਮਰ ’ਚ ਇੰਨਾ ਵੱਡਾ ਮੁਕਾਮ ਹਾਸਲ ਕੀਤਾ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ

ਇਸ ਤੋਂ ਬਾਅਦ ਮਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਹਵੇਲੀ ਦੇ ਅੰਦਰ ਚਲੇ ਗਏ ਤੇ ਲਗਭਗ ਇਕ ਘੰਟੇ ਤਕ ਅੰਦਰ ਰਹੇ। ਬਾਹਰ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸੂਬਾ ਸਰਕਾਰ ਪਰਿਵਾਰ ਨਾਲ ਹੈ। ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਕੁਝ ਅਹਿਮ ਸਬੂਤ ਪੁਲਸ ਨੂੰ ਮਿਲੇ ਹਨ। ਬਹੁਤ ਜਲਦ ਕਾਤਲਾਂ ਨੂੰ ਫੜ ਲਿਆ ਜਾਵੇਗਾ। ਪੰਜਾਬੀਅਤ ਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਦੱਸਦਿਆਂ ਮਾਨ ਨੇ ਕਿਹਾ ਕਿ ਇਸ ਮਾਮਲੇ ’ਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁਝ ਲੋਕ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਇਹ ਠੀਕ ਨਹੀਂ ਹੈ। ਇਹ ਉਹੀ ਲੋਕ ਹਨ, ਜੋ ਪਹਿਲਾਂ ਵੱਖ-ਵੱਖ ਮਾਮਲਿਆਂ ’ਚ ਉਸ ਦੀ ਨਿੰਦਿਆ ਕਰਦੇ ਸਨ। ਹੁਣ ਇਹ ਲੋਕ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਪੰਜਾਬ ਦੇ ਲੋਕ ਇਨ੍ਹਾਂ ਤੋਂ ਬਚ ਕੇ ਰਹਿਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News