ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

12/03/2021 12:15:38 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਤ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਅੱਜ ਰਸਮੀ ਤੌਰ ’ਤੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਸਿੱਧੂ ਮੂਸੇ ਵਾਲਾ ਨਾਲ ਉਨ੍ਹਾਂ ਦੇ ਪਿਤਾ ਵੀ ਮੌਜੂਦ ਸਨ। ਸਿੱਧੂ ਮੂਸੇ ਵਾਲਾ ਨੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਕਾਂਗਰਸ ’ਚ ਸ਼ਮੂਲੀਅਤ ਕੀਤੀ। ਸ਼ਾਮਲ ਹੁੰਦਿਆਂ ਹੀ ਸਿੱਧੂ ਮੂਸੇ ਵਾਲਾ ਨੇ ਰਾਜਨੀਤੀ ’ਚ ਆਉਣ ਦੀ ਵਜ੍ਹਾ ਦੱਸੀ ਹੈ। ਹੇਠਾਂ ਸਿੱਧੂ ਮੂਸੇ ਵਾਲਾ ਵਿਸਥਾਰ ਨਾਲ ਬਿਆਨ ਸਾਂਝਾ ਕੀਤਾ ਗਿਆ ਹੈ–

  • ਅੱਜ ਤੋਂ 3-4 ਸਾਲ ਪਹਿਲਾਂ ਮੈਂ ਮਿਊਜ਼ਿਕ ’ਚ ਸ਼ੁਰੂਆਤ ਕੀਤੀ ਸੀ। ਤੁਹਾਡੇ ਸਾਰਿਆਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਹੈ ਕਿ ਸਾਰੀ ਦੁਨੀਆ ਦੇ ’ਤੇ ਪੰਜਾਬੀਆਂ ਤੇ ਪੰਜਾਬੀ ਮਿਊਜ਼ਿਕ ਦਾ ਨਾਂ ਰੌਸ਼ਨ ਹੋਇਆ, ਜਿਸ ਨੂੰ ਇਕ ਖੇਤਰੀ ਭਾਸ਼ਾ ਦੱਸਿਆ ਜਾਂਦਾ ਸੀ।
  • ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ’ਚ ਇਕ ਨਵਾਂ ਸਟੈੱਪ ਲੈਣ ਜਾ ਰਿਹਾ। ਇਕ ਨਵਾਂ ਕਿੱਤਾ, ਇਕ ਨਵੀਂ ਦੁਨੀਆ, ਜਿਸ ’ਚ ਮੇਰੀ ਸ਼ੁਰੂਆਤ ਹੈ। ਮੇਰਾ ਇਸ ਵੱਲ ਰੁਝਾਨ ਨਹੀਂ ਸੀ ਕਿਉਂਕਿ ਮਿਊਜ਼ਿਕ ਕਰਨ ਵਾਲੇ ਲੋਕਾਂ ਦੀ ਦੁਨੀਆ ਕੁਝ ਹੋਰ ਹੁੰਦੀ ਹੈ ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ। ਅਸੀਂ ਆਮ ਪਰਿਵਾਰਾਂ ’ਚੋਂ ਉੱਠੇ ਹੋਏ ਲੋਕ ਹਾਂ। ਪ੍ਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਪਰ ਅਸੀਂ ਅਜੇ ਵੀ ਉਸੇ ਪਿੰਡ ਦੇ ਉਸੇ ਘਰ ’ਚ ਰਹਿ ਰਹੇ ਹਾਂ।
  • ਜਦੋਂ ਆਮ ਘਰਾਣੇ ਦੇ ਬੱਚੇ ਦਾ ਨਾਂ ਹੁੰਦਾ ਹੈ ਤਾਂ ਆਲੇ-ਦੁਆਲੇ ਦੇ ਲੋਕ ਉਸ ਤੋਂ ਉਮੀਦਾਂ ਲਗਾਉਣ ਲੱਗਦੇ ਹਨ ਕਿ ਜੇ ਸਾਡੇ ਜਵਾਕ ਦਾ ਨਾਂ ਹੋਇਆ ਤਾਂ ਕਿਤੇ ਨਾ ਕਿਤੇ ਉਹ ਸਾਡੀ ਮਦਦ ਕਰੇ। ਮੇਰੇ ਨਾਲ ਜਿਸ ਤਰੀਕੇ ਨਾਲ ਮਾਨਸਾ ਤੇ ਬਠਿੰਡਾ ਏਰੀਆ ਅਟੈਚ ਹੈ, ਇਹ ਉਨ੍ਹਾਂ ਦੇ ਪਿਆਰ, ਦੁਆਵਾਂ ਤੇ ਆਸਾਂ ਕਰਕੇ ਹੈ। ਜਦੋਂ ਉਹ ਕਦੇ ਪਿੰਡੋਂ ਬਾਹਰ ਜਾਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਮਾਨਸਾ ਤੋਂ ਹਾਂ, ਬਠਿੰਡਾ ਤੋਂ ਹਾਂ ਤਾਂ ਉਹ ਮਾਣ ਮਹਿਸੂਸ ਕਰਦੇ ਹਨ। ਜਦੋਂ ਅਸੀਂ ਉਸ ਇਲਾਕੇ ’ਚ ਰਹਿੰਦੇ ਹਾਂ, ਜਦੋਂ ਲੋਕਾਂ ਨਾਲ ਵਿੱਚਰਦੇ ਹਾਂ ਤਾਂ ਉਥੇ ਬਹੁਤ ਚੀਜ਼ਾਂ ਅਜਿਹੀਆਂ ਹਨ, ਜੋ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਕਿਸ ਨਾਲ ਜੂਝ ਰਹੇ ਹਨ।
  • ਪੰਜਾਬ ਬਹੁਤ ਤਰੱਕੀ ਕਰ ਗਿਆ, ਸਾਰੀ ਦੁਨੀਆ ’ਤੇ ਨਾਂ ਹੈ ਪੰਜਾਬ ਦਾ ਪਰ ਸਾਡੇ ਮਾਨਸਾ ਦੀ ਅਜਿਹੀ ਤ੍ਰਾਸਦੀ ਹੈ ਕਿ ਉਹ ਕਦੇ ਅੱਗੇ ਹੀ ਨਹੀਂ ਆ ਸਕਿਆ। ਮੈਂ ਰੁਤਬੇ ਜਾਂ ਵਾਹ-ਵਾਹੀ ਖਾਤਿਰ ਇਸ ਕਿੱਤੇ ’ਚ ਨਹੀਂ ਆ ਰਿਹਾ, ਮੇਰਾ ਸਿਰਫ ਇਕੋ ਮਕਸਦ ਹੈ ਕਿ ਮੇਰੇ ਨਾਲ ਕੁਝ ਲੋਕ ਜੁੜੇ ਹੋਏ ਹਨ, ਜੋ ਮੇਰੇ ਤੋਂ ਕੁਝ ਆਸ ਰੱਖਦੇ ਹਨ ਤੇ ਸਿਸਟਮ ’ਚ ਬਦਲਾਅ ਤੇ ਉਸ ਨੂੰ ਸੁਧਾਰਨ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ।
  • ਇਸ ਪਾਰਟੀ ਰਾਹੀਂ ਮੈਂ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਕਾਂਗਰਸ ’ਚ ਹੀ ਕਿਉਂ ਸ਼ਾਮਲ ਹੋਇਆ, ਇਸ ਦਾ ਇਕ ਬਹੁਤ ਵੱਡਾ ਤੇ ਖ਼ਾਸ ਕਾਰਨ ਹੈ। ਕਾਰਨ ਇਹ ਹੈ ਕਿ ਕਾਂਗਰਸ ’ਚ ਅਜਿਹੇ ਲੋਕ ਹਨ, ਜੋ ਆਮ ਘਰਾਂ ’ਚੋਂ ਉੱਠੇ ਹੋਏ ਹਨ। ਉਦਾਹਰਣ ਵਜੋਂ ਰਾਜਾ ਬਾਈ ਨੂੰ ਲੈ ਲਓ। ਉਨ੍ਹਾਂ ਬਾਰੇ ਜਾਣੋ ਕਿ 10 ਸਾਲ ਪਹਿਲਾਂ ਉਹ ਕੀ ਸਨ ਤੇ ਕਿੰਨੀ ਮਿਹਨਤ ਕਰਕੇ ਉਹ ਇਥੋਂ ਤਕ ਆਏ ਹਨ।
  • ਮੁੱਖ ਕਾਰਨ ਇਹ ਵੀ ਹੈ ਕਿ ਇਸ ’ਚ ਜੋ ਮਿਹਨਤ ਕਰਨ ਵਾਲਾ ਆਦਮੀ ਹੈ, ਉਹ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਤਰੱਕੀ ਕਰ ਸਕਦਾ ਹੈ। ਕਿੱਤਿਆਂ ਤੇ ਘਰਾਣਿਆਂ ’ਚੋਂ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਮੇਰਾ ਇਹੀ ਕਾਰਨ ਸੀ ਰਾਜਨੀਤੀ ’ਚ ਆਉਣ ਦਾ।

ਨੋਟ– ਸਿੱਧੂ ਮੂਸੇ ਵਾਲਾ ਦੇ ਇਸ ਬਿਆਨ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News