ਭਾਰੀ ਇਕੱਠ ਨਾਲ ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੀ ਅਫ਼ਸਾਨਾ ਖ਼ਾਨ, ਇੰਝ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
Saturday, Jun 12, 2021 - 12:49 PM (IST)
ਚੰਡੀਗੜ੍ਹ (ਬਿਊਰੋ) - 'ਲਾਇਸੰਸ', 'ਉੱਚੀਆਂ ਗੱਲਾਂ', 'ਜੀ ਵੈਗਨ' ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਸਿੱਧੂ ਮੂਸੇ ਵਾਲਾ ਆਪਣੇ ਦੋਸਤਾਂ ਅਤੇੁ ਚਾਹੁਣ ਵਾਲਿਆਂ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਆਪਣੇ ਭਰਾ ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਉਸ ਦੇ ਘਰ ਪਹੁੰਚੀ ਸੀ। ਇਸ ਦੌਰਾਨ ਸਿੱਧੂ ਦੇ ਘਰ 'ਚ ਕਿਸੇ ਵੀ ਵਿਅਕਤੀ ਨੇ ਮਾਸਕ ਨਹੀਂ ਸੀ ਪਹਿਨਿਆ ਸੀ। ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਸਿੱਧੂ ਮੂਸੇ ਵਾਲਾ ਨੇ ਆਪਣੇ ਜਨਮਦਿਨ ਦੇ ਜਸ਼ਨ ਦੌਰਾਨ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ।
ਦਰਅਸਲ, ਕੁਝ ਦਿਨ ਪਹਿਲਾਂ ਹੀ ਗਾਇਕ ਖ਼ਾਨ ਸਾਬ੍ਹ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਦੌਰਾਨ ਉਸ ਨੇ ਲੋਕਾਂ ਦਾ ਭਾਰੀ ਇਕੱਠ ਕੀਤਾ ਅਤੇ ਬੈਂਡ ਵਾਜੇ ਨਾਲ ਜਸ਼ਨ ਮਨਾਇਆ। ਇਸ ਦੌਰਾਨ ਖ਼ਾਨ ਸਾਬ੍ਹ ਦੇ ਇਕੱਠ 'ਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਸੀ, ਜਿਸ ਨੂੰ ਵੇਖਦੇ ਹੋਏ ਫਗਵਾੜਾ ਪੁਲਸ ਨੇ ਖ਼ਾਨ ਸਾਬ੍ਹ ਦੇ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਇਸ ਮਾਮਲੇ 'ਚ ਖ਼ਾਨ ਸਾਬ੍ਹ ਸਣੇ 4 ਹੋਰ ਲੋਕਾਂ ਦੀ ਗ੍ਰਿਫ਼ਤਾਰੀ ਵੀ ਸੀ। ਜਦੋਂਕਿ ਬਾਅਦ 'ਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਕੀ ਹੁਣ ਸਿੱਧੂ ਮੂਸੇ ਵਾਲਾ 'ਤੇ ਕੋਈ ਕਾਨੂੰਨੀ ਕਾਰਵਾਈ ਹੋਵੇਗੀ? ਕੀ ਇਸ 'ਤੇ ਵੀ ਪੁਲਸ ਲਵੇਗੀ ਕੋਈ ਐਕਸ਼ਨ? ਹੁਣ ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ।
ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ। ਸਿੱਧੂ ਪੇਸ਼ੇ ਤੋਂ ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਸਾਲ 2017 'ਚ ਸਿੱਧੂ ਮੂਸੇ ਵਾਲਾ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 'ਲਾਇਸੰਸ', 'ਉੱਚੀਆਂ ਗੱਲਾਂ', 'ਜੀ ਵੈਗਨ' ਤੇ 'ਲਾਈਫਸਟਾਇਲ' ਆਦਿ ਗੀਤਾਂ ਨਾਲ ਨੌਜਵਾਨ ਪੀੜ੍ਹੀ 'ਚ ਕਾਫ਼ੀ ਮਕਬੂਲ ਹੋਇਆ।
ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ 'ਚ ਪੜ੍ਹਾਈ ਕੀਤੀ ਅਤੇ ਸਾਲ 2016 'ਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗੀਤ 'ਜੀ ਵੈਗਨ' ਦਰਸ਼ਕਾਂ ਦੇ ਸਨਮੁਖ ਲੈ ਕੇ ਆਇਆ। ਸਿੱਧੂ ਨੇ ਸਾਲ 2018 'ਚ ਭਾਰਤ 'ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸ ਨੇ ਕੈਨੇਡਾ 'ਚ ਵੀ ਸਫ਼ਲ ਲਾਈਵ ਸ਼ੋਅ ਕੀਤੇ। ਅਗਸਤ 2018 'ਚ ਉਸ ਨੇ ਫ਼ਿਲਮ 'ਡਾਕੂਆਂ ਦਾ ਮੁੰਡਾ' ਲਈ ਆਪਣਾ ਪਹਿਲਾ ਫ਼ਿਲਮੀ ਗੀਤ 'ਡਾਲਰ' ਲਾਂਚ ਕੀਤਾ।