ਜੈਸਲਮੇਰ ਦੇ ਇਸ ਆਲੀਸ਼ਾਨ ਪੈਲੇਸ ’ਚ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ! ਕਰੋੜਾਂ ’ਚ ਹੈ ਇਕ ਰਾਤ ਦਾ ਕਿਰਾਇਆ
Thursday, Feb 02, 2023 - 01:36 PM (IST)
ਮੁੰਬਈ (ਬਿਊਰੋ)– ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਤੋਂ ਬਾਅਦ ਸਭ ਦੀਆਂ ਨਜ਼ਰਾਂ ਹੁਣ ਇਕ ਹੋਰ ਵੱਡੇ ਭਾਰਤੀ ਵਿਆਹ ’ਤੇ ਟਿਕੀਆਂ ਹੋਈਆਂ ਹਨ। ਇਹ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ ਹੈ। ਸਿਧਾਰਥ ਤੇ ਕਿਆਰਾ ਨੇ ਆਪਣੇ ਵਿਆਹ ਦੀਆਂ ਖ਼ਬਰਾਂ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਸੂਤਰਾਂ ਮੁਤਾਬਕ ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਤੇ ਕਿਆਰਾ 6 ਫਰਵਰੀ ਨੂੰ ਵਿਆਹ ਦੇ ਬੰਧਨ ’ਚ ਬੱਝਣਗੇ ਤੇ ਸਾਰੇ ਫੰਕਸ਼ਨ 5 ਫਰਵਰੀ ਤੋਂ ਸ਼ੁਰੂ ਹੋ ਕੇ 8 ਫਰਵਰੀ ਤੱਕ ਚੱਲਣਗੇ।
ਰਿਪੋਰਟ ਮੁਤਾਬਕ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਸੱਤ ਫੇਰੇ ਲੈਣਗੇ। ਵਿਆਹ ’ਚ 100 ਤੋਂ 125 ਮਹਿਮਾਨਾਂ ਨੂੰ ਬੁਲਾਇਆ ਗਿਆ ਹੈ। ਮਹਿਮਾਨਾਂ ਦੀ ਇਸ ਸੂਚੀ ’ਚ ਬਾਲੀਵੁੱਡ ਤੋਂ ਲੈ ਕੇ ਹੋਰ ਖ਼ੇਤਰਾਂ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ’ਚ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਤੱਕ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ।
84 ਲਗਜ਼ਰੀ ਕਮਰੇ ਕੀਤੇ ਬੁੱਕ, ਇੰਨਾ ਹੈ ਕਿਰਾਇਆ
ਰਿਪੋਰਟਾਂ ਮੁਤਾਬਕ ਸੂਰਿਆਗੜ੍ਹ ਪੈਲੇਸ ਦਾ ਲਗਜ਼ਰੀ ਵਿਲਾ ਮਹਿਮਾਨਾਂ ਲਈ ਬੁੱਕ ਕੀਤਾ ਗਿਆ ਹੈ। ਕਰੀਬ 84 ਕਮਰੇ ਬੁੱਕ ਕੀਤੇ ਗਏ ਹਨ। ਮਹਿਮਾਨਾਂ ਨੂੰ ਲਿਜਾਣ ਲਈ 70 ਤੋਂ ਵੱਧ ਲਗਜ਼ਰੀ ਗੱਡੀਆਂ ਬੁੱਕ ਕੀਤੀਆਂ ਗਈਆਂ ਹਨ। ਇਸ ਪੈਲੇਸ ’ਚ ਵਿਆਹ ਦਾ ਰੋਜ਼ਾਨਾ ਕਿਰਾਇਆ 1 ਤੋਂ 2 ਕਰੋੜ ਰੁਪਏ ਦੇ ਕਰੀਬ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਮੁੰਬਈ ਦੀ ਇਕ ਵੱਡੀ ਵੈਡਿੰਗ ਪਲੈਨਰ ਏਜੰਸੀ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 4 ਫਰਵਰੀ ਤੋਂ ਸੂਰਿਆਗੜ੍ਹ ਪੈਲੇਸ ’ਚ ਮਹਿਮਾਨ ਪੁੱਜਣੇ ਸ਼ੁਰੂ ਹੋ ਜਾਣਗੇ।
ਹਲਦੀ ਤੋਂ ਮਹਿੰਦੀ ਤੱਕ ਦੀ ਤਿਆਰੀ
ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਤੇ ਕਿਆਰਾ ਦਾ ਹਲਦੀ ਤੇ ਸੰਗੀਤ ਸਮਾਰੋਹ ਵੀ ਵਿਆਹ ਵਾਲੇ ਦਿਨ ਹੀ ਹੋਵੇਗਾ। ਹਾਲਾਂਕਿ ਵਿਆਹ ਤੇ ਹੋਰ ਰਸਮਾਂ ਬਾਰੇ ਅਧਿਕਾਰਤ ਤੌਰ ’ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੂਰਿਆਗੜ੍ਹ ਪੈਲੇਸ ’ਚ ਹਲਦੀ, ਸੰਗੀਤ ਤੇ ਮਹਿੰਦੀ ਦੀ ਰਸਮ ਲਈ ਸੈੱਟ ਡਿਜ਼ਾਈਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਕਿਆਰਾ ਤੇ ਸਿਧਾਰਥ ਦਿੱਲੀ ਪਹੁੰਚੇ
ਕਿਆਰਾ ਅਡਵਾਨੀ ਨੂੰ ਹਾਲ ਹੀ ’ਚ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਦਿੱਲੀ ਜਾਂਦੇ ਦੇਖਿਆ ਗਿਆ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਆਪਣੇ ਵਿਆਹ ਦੇ ਕੱਪੜਿਆਂ ਦੀ ਫੀਟਿੰਗ ਲਈ ਜਾ ਰਹੀ ਸੀ। ਸਿਧਾਰਥ ਮਲਹੋਤਰਾ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ। ਸਿਧਾਰਥ ਤੇ ਕਿਆਰਾ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ।
ਰਿਸੈਪਸ਼ਨ ਮੁੰਬਈ ’ਚ ਹੋਵੇਗੀ
ਖ਼ਬਰਾਂ ਮੁਤਾਬਕ ਜੈਸਲਮੇਰ ’ਚ ਵਿਆਹ ਤੋਂ ਬਾਅਦ ਇਹ ਜੋੜਾ ਮੁੰਬਈ ’ਚ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਰੱਖੇਗਾ। ਰਿਪੋਰਟਸ ਮੁਤਾਬਕ ਸਿਧਾਰਥ ਤੇ ਕਿਆਰਾ ਦੇ ਪਰਿਵਾਰ ਨੇ ਇਸ ਸ਼ਾਨਦਾਰ ਵਿਆਹ ਨੂੰ ਇਕ ਦਸਤਾਵੇਜ਼ੀ ਸ਼ੋਅ ’ਚ ਬਦਲਣ ਦਾ ਮਨ ਬਣਾ ਲਿਆ ਹੈ। ਇਸ ਲਈ ਉਨ੍ਹਾਂ ਨੇ ਇਕ ਵੱਡੀ ਵੈਡਿੰਗ ਪਲੈਨਰ ਏਜੰਸੀ ਨਾਲ ਵੀ ਗੱਲ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।