ਸਾਇਨਾ ਨੇਹਵਾਲ ਨੂੰ ਅਪਸ਼ਬਦ ਬੋਲਣ ’ਤੇ ਪੁਲਸ ਨੇ ਅਦਾਕਾਰ ਸਿਧਾਰਥ ਨੂੰ ਭੇਜਿਆ ਸੰਮਨ

01/21/2022 2:40:35 PM

ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਉਨ੍ਹਾਂ ਦੇ ਟਵੀਟ ਕਾਰਨ ਹੁਣ ਕਾਨੂੰਨੀ ਮੁਸੀਬਤ ’ਚ ਫਸ ਗਏ ਹਨ। ਸਿਧਾਰਥ ਨੇ ਮਸ਼ਹੂਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਇਸ ਸਬੰਧ ’ਚ ਹੁਣ ਉਸ ਨੂੰ ਚੇਨਈ ਪੁਲਸ ਨੇ ਤਲਬ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਚੇਨਈ ਪੁਲਸ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿਧਾਰਥ ਖ਼ਿਲਾਫ਼ ਦੋ ਸ਼ਿਕਾਇਤਾਂ ਮਿਲੀਆਂ ਹਨ। ਪੁਲਸ ਕਮਿਸ਼ਨਰ ਸ਼ੰਕਰ ਜੇਵਾਲ ਨੇ ਕਿਹਾ, ‘ਸਾਇਨਾ ਨੇਹਵਾਲ ਟਵੀਟ ਮਾਮਲੇ ’ਚ ਅਦਾਕਾਰ ਸਿਧਾਰਥ ਨੂੰ ਸੰਮਨ ਕੀਤਾ ਗਿਆ ਹੈ। ਸਾਨੂੰ ਅਸਲ ’ਚ ਦੋ ਸ਼ਿਕਾਇਤਾਂ ਮਿਲੀਆਂ ਹਨ। ਦੂਸਰਾ ਕੋਈ ਅਪਰਾਧਿਕ ਮਾਮਲਾ ਨਹੀਂ, ਸਗੋਂ ਮਾਨਹਾਨੀ ਦੀ ਸ਼ਿਕਾਇਤ ਹੈ। ਅਸੀਂ ਸਿਰਫ਼ ਉਸ ਦਾ ਬਿਆਨ ਚਾਹੁੰਦੇ ਹਾਂ।’

ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਉਹ ਸੋਚ ਰਹੇ ਹਨ ਕਿ ਸਿਧਾਰਥ ਦਾ ਬਿਆਨ ਕਿਵੇਂ ਲਿਆ ਜਾਵੇ। ਸਾਇਨਾ ਨੇਹਵਾਲ ਨੇ ਸੁਰੱਖਿਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਪਰਵਾਹੀ ’ਤੇ ਟਵੀਟ ਕੀਤਾ ਹੈ। ਇਸ ਦਾ ਜਵਾਬ ਦਿੰਦਿਆਂ ਸਿਧਾਰਥ ਨੇ ਅਪਸ਼ਬਦ ਬੋਲੇ। ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਸਿਧਾਰਥ ਦੀ ਆਲੋਚਨਾ ਕੀਤੀ ਸੀ। ਮਾਮਲਾ ਮਹਿਲਾ ਕਮਿਸ਼ਨ ਕੋਲ ਜਾਣ ਤੋਂ ਬਾਅਦ ਸਿਧਾਰਥ ਖ਼ਿਲਾਫ਼ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਸ ਮਾਮਲੇ ’ਤੇ ਸਿਧਾਰਥ ਨੇ ਕਿਹਾ ਸੀ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਆਪਣੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ ਸੀ। ਉਨ੍ਹਾਂ ਨੇ ਖ਼ੁਦ ਟਵਿਟਰ ’ਤੇ ਆਪਣੀ ਮੁਆਫ਼ੀ ਪੋਸਟ ਕੀਤੀ ਹੈ। ਸਿਧਾਰਥ ਨੇ ਮੁਆਫ਼ੀਨਾਮੇ ’ਚ ਕਿਹਾ ਸੀ ਕਿ ਉਨ੍ਹਾਂ ਨੇ ਮਜ਼ਾਕ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News