ਸ਼੍ਰੇਅਸ ਤਲਪੜੇ ਨੇ 10 ਸਾਲ ਪੁਰਾਣੀ ਗਲਤੀ ਕਾਰਨ ਮੰਗੀ ਮੁਆਫ਼ੀ, ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਮਾਮਲਾ

02/15/2023 3:36:02 PM

ਮੁੰਬਈ (ਬਿਊਰੋ)– ਸ਼੍ਰੇਅਸ ਤਲਪੜੇ ਨੇ ਹਾਲ ਹੀ ’ਚ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਸ਼੍ਰੇਅਸ ਇਸ ਫ਼ਿਲਮ ’ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਲਈ ਸ਼੍ਰੇਅਸ ਨੇ ਸ਼ਾਨਦਾਰ ਟਰਾਂਸਫਾਰਮੇਸ਼ਨ ਲਿਆ ਹੈ, ਜਿਸ ਕਾਰਨ ਉਹ ਸੁਰਖ਼ੀਆਂ ’ਚ ਵੀ ਰਹੇ ਹਨ ਪਰ ਇਸ ਵਾਰ ਉਸ ਨਾਲ ਅਜਿਹੀ ਘਟਨਾ ਵਾਪਰੀ, ਜਿਸ ਕਾਰਨ ਸ਼੍ਰੇਅਸ ਮੁੜ ਤੋਂ ਸੁਰਖ਼ੀਆਂ ’ਚ ਆ ਗਏ।

ਸ਼੍ਰੇਅਸ ਦੀ 10 ਸਾਲ ਪੁਰਾਣੀ ਫ਼ਿਲਮ ਦਾ ਇਕ ਸੀਨ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੀਨ ’ਚ ਸ਼੍ਰੇਅਸ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨਜ਼ਰ ਆ ਰਹੇ ਹਨ। ਯੂਜ਼ਰਸ ਨੇ ਉਸ ਨੂੰ ਕਾਫੀ ਝਾੜਿਆ, ਜਿਸ ਤੋਂ ਬਾਅਦ ਉਸ ਨੂੰ ਮੁਆਫ਼ੀ ਵੀ ਮੰਗਣੀ ਪਈ।

ਇਹ ਖ਼ਬਰ ਵੀ ਪੜ੍ਹੋ : ਭਾਰਤ ਦੇ ਨਕਸ਼ੇ ’ਤੇ ਚੱਲਣਾ ਅਕਸ਼ੇ ਕੁਮਾਰ ਲਈ ਬਣਿਆ ਮੁਸੀਬਤ, ਗ੍ਰਹਿ ਮੰਤਰਾਲੇ ਨੂੰ ਮਿਲੀ ਸ਼ਿਕਾਇਤ

ਸਾਲ 2012 ’ਚ ਸ਼੍ਰੇਅਸ ਦੀ ਇਕ ਫ਼ਿਲਮ ਆਈ, ਜਿਸ ਦਾ ਨਾਂ ‘ਕਮਾਲ ਧਮਾਲ ਮਾਲਾਮਾਲ’ ਸੀ। ਇਸ ਫ਼ਿਲਮ ’ਚ ਸ਼੍ਰੇਅਸ ਨੇ ਕੈਥੋਲਿਕ ਵਿਅਕਤੀ ਦੀ ਭੂਮਿਕਾ ਨਿਭਾਈ ਹੈ। ਵਾਇਰਲ ਸੀਨ ’ਚ ਸ਼੍ਰੇਅਸ ਨਾਨਾ ਪਾਟੇਕਰ ਲਈ ਰਾਹ ਬਣਾਉਣ ਲਈ ਇਕ ਟੈਂਪੂ ਨੂੰ ਅੱਗੇ ਤੋਂ ਜ਼ੋਰਦਾਰ ਲੱਤ ਮਾਰ ਕੇ ਰੋਕਦਾ ਹੈ ਪਰ ਹੁਣ ਸਾਲਾਂ ਬਾਅਦ ਯੂਜ਼ਰਸ ਦੀ ਨਜ਼ਰ ਉਸ ਟੈਂਪੂ ’ਤੇ ਬਣੇ ਓਮ ਚਿੰਨ੍ਹ ’ਤੇ ਪਈ ਹੈ। ਇਸ ਜਗ੍ਹਾ ’ਤੇ ਸ਼੍ਰੇਅਸ ਨੇ ਲੱਤ ਮਾਰ ਕੇ ਟੈਂਪੂ ਨੂੰ ਰੋਕਿਆ। ਸੀਨ ’ਚ ਸ਼੍ਰੇਅਸ ਦੇ ਗਲੇ ’ਚ ਜੀਸਸ ਦਾ ਲਾਕੇਟ ਵੀ ਨਜ਼ਰ ਆ ਰਿਹਾ ਹੈ।

ਇਸ ਸੀਨ ਨੂੰ ਸਾਂਝਾ ਕਰਦਿਆਂ ਕਈ ਯੂਜ਼ਰਸ ਨੇ ਕਿਹਾ ਕਿ ਕੈਥੋਲਿਕ ਕਿਰਦਾਰ ਨਿਭਾਅ ਰਹੇ ਸ਼੍ਰੇਅਸ ਨੇ ਓਮ ਦੇ ਪ੍ਰਤੀਕ ਦਾ ਅਪਮਾਨ ਕੀਤਾ ਹੈ। ਇਸ ਕਾਰਨ ਉਹ ਟ੍ਰੋਲਰਜ਼ ਦੇ ਨਿਸ਼ਾਨੇ ’ਤੇ ਆ ਗਿਆ। ਯੂਜ਼ਰਸ ਨੇ ਇਸ ਵੀਡੀਓ ਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੇਅਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਸ਼੍ਰੇਅਸ ਨੇ ਵੀ ਮਾਮਲਾ ਗਰਮ ਹੁੰਦਾ ਦੇਖ ਕੇ ਦੇਰ ਨਹੀਂ ਕੀਤੀ, ਉਸ ਨੇ ਤੁਰੰਤ ਸਾਰਿਆਂ ਤੋਂ ਮੁਆਫ਼ੀ ਮੰਗ ਲਈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਸ਼੍ਰੇਅਸ ਨੇ ਟਵੀਟ ਕੀਤਾ, ‘‘ਸ਼ੂਟਿੰਗ ਦੌਰਾਨ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਕ ਦ੍ਰਿਸ਼ ਦੌਰਾਨ ਕਿਸੇ ਦੇ ਰਵੱਈਏ ਵਾਂਗ, ਖ਼ਾਸ ਕਰਕੇ ਇਕ ਐਕਸ਼ਨ ਸੀਨ। ਡਾਇਰੈਕਟਰ ਦੀਆਂ ਮੰਗਾਂ, ਸਮੇਂ ਦੀ ਪਾਬੰਦੀ ਤੇ ਹੋਰ ਕਈ ਪਹਿਲੂ ਹਨ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਇਹ ਪੂਰੀ ਤਰ੍ਹਾਂ ਅਣਜਾਣੇ ’ਚ ਹੋਇਆ ਹੈ। ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ। ਮੈਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਸੀ ਤੇ ਨਿਰਦੇਸ਼ਕ ਨੂੰ ਇਸ ਬਾਰੇ ਦੱਸਣਾ ਚਾਹੀਦਾ ਸੀ। ਹਾਲਾਂਕਿ ਮੈਂ ਕਦੇ ਵੀ ਜਾਣਬੁਝ ਕੇ ਕਿਸੇ ਨੂੰ ਦੁਖੀ ਨਹੀਂ ਕਰਾਂਗਾ ਜਾਂ ਅਜਿਹਾ ਕੁਝ ਨਹੀਂ ਦੁਹਰਾਵਾਂਗਾ।’’

ਸ਼੍ਰੇਅਸ ਤਲਪੜੇ ਦੀ ਮੁਆਫ਼ੀ ਨੂੰ ਵੀ ਲੋਕ ਕਬੂਲ ਕਰਦੇ ਨਜ਼ਰ ਆ ਰਹੇ ਹਨ। ਕੁਮੈਂਟ ਕਰਕੇ ਯੂਜ਼ਰਸ ਉਸ ਨੂੰ ਚੰਗਾ ਇਨਸਾਨ ਦੱਸ ਰਹੇ ਹਨ ਤੇ ਉਸ ਦੀ ਤਾਰੀਫ਼ ਕਰ ਰਹੇ ਹਨ। ਯੂਜ਼ਰਸ ਨੇ ਲਿਖਿਆ, ‘‘ਸ਼੍ਰੇਅਸ ਤੋਂ ਦੂਜਿਆਂ ਨੂੰ ਭਾਵਨਾਵਾਂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਮਾਮੂਲੀ ਜਿਹੀ ਗੱਲ ਨਹੀਂ ਬਣੀ ਕਿ ਉਸ ਨੇ ਤੁਰੰਤ ਮੁਆਫ਼ੀ ਮੰਗ ਲਈ।’’ ਸ਼੍ਰੇਅਸ ਆਖਰੀ ਵਾਰ ਫ਼ਿਲਮ ‘ਕੌਨ ਪ੍ਰਵੀਨ ਤਾਂਬੇ’ ’ਚ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News