ਵਿਦੇਸ਼ ਰਹਿੰਦੇ ਬੱਚਿਆਂ ਤੇ ਪੰਜਾਬ ਦੇ ਮਾਪਿਆਂ ਵਿਚਾਲੇ ਪੈਦਾ ਹੁੰਦੇ ਮਾਹੌਲ ਨੂੰ ਦਰਸਾਉਂਦੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’

Friday, May 10, 2024 - 09:51 AM (IST)

ਵਿਦੇਸ਼ ਰਹਿੰਦੇ ਬੱਚਿਆਂ ਤੇ ਪੰਜਾਬ ਦੇ ਮਾਪਿਆਂ ਵਿਚਾਲੇ ਪੈਦਾ ਹੁੰਦੇ ਮਾਹੌਲ ਨੂੰ ਦਰਸਾਉਂਦੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’

ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਹਿਨਾ ਖ਼ਾਨ ਤੇ ਸ਼ਿੰਦਾ ਗਰੇਵਾਲ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਦਕਿ ਇਸ ਨੂੰ ਅਮਰਪ੍ਰੀਤ ਜੀ. ਐੱਸ. ਛਾਬੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ, ਸ਼ਿੰਦਾ ਤੇ ਹਿਨਾ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਹੇਠਾਂ ਹਨ–

ਅਸਲ ਜ਼ਿੰਦਗੀ ’ਚ ਪਾਪਾ ਗਿੱਪੀ ਨੂੰ ਕਦੇ ਨਾਂਹ ਆਖੀ?

ਸ਼ਿੰਦਾ ਗਰੇਵਾਲ– ਅਸਲ ਜ਼ਿੰਦਗੀ ’ਚ ਪਾਪਾ ਨੂੰ ਇਕ ਵਾਰ ਵੀ ਨਾਂਹ ਨਹੀਂ ਆਖੀ ਹੈ। ਹਾਂ ਫ਼ਿਲਮ ’ਚ ਬਹੁਤ ਵਾਰ ਨਾਂਹ ਆਖਣੀ ਪਈ। ਕਦੇ-ਕਦੇ ਨਾਂਹ ਕਰਨ ਲੱਗੇ ਡਰ ਵੀ ਲੱਗਦਾ ਸੀ ਪਰ ਪਾਪਾ ਨੇ ਇਜਾਜ਼ਤ ਦੇ ਦਿੱਤੀ ਸੀ।

ਕੀ ਫ਼ਿਲਮ ਦੀ ਕਹਾਣੀ ਸ਼ਿੰਦਾ ਨੂੰ ਧਿਆਨ ’ਚ ਰੱਖ ਕੇ ਲਿਖੀ ਗਈ ਸੀ?

ਗਿੱਪੀ ਗਰੇਵਾਲ– ਮੈਨੂੰ ਫ਼ਿਲਮ ਦੀ ਕਹਾਣੀ ਸ਼ਿੰਦਾ ਦੇ ਨਾਲ ਹੀ ਸੁਣਾਈ ਗਈ ਸੀ। ਨਾਲੇ ਸਾਡੇ ਨਾਲ ਰਿਲੇਟ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਆਪਣੀ ਸਾਰੀ ਜ਼ਿੰਦਗੀ ਪੰਜਾਬ ’ਚ ਕੱਟੀ ਤੇ ਬੱਚਿਆਂ ਦੀ ਜ਼ਿੰਦਗੀ ਵਿਦੇਸ਼ ’ਚ ਲੰਘ ਰਹੀ ਹੈ। ਕਈ ਵਾਰ ਦੋਵਾਂ ਦੀਆਂ ਚੀਜ਼ਾਂ ਫਿੱਟ ਨਹੀਂ ਬੈਠਦੀਆਂ ਹਨ। ਬਾਹਰ ਵਾਲੇ ਬੱਚਿਆਂ ਤੇ ਪੰਜਾਬ ਵਾਲੇ ਮਾਪਿਆਂ ਦੀਆਂ ਇਹੀ ਸਮੱਸਿਆਵਾਂ ਤੇ ਮੁਸ਼ਕਿਲਾਂ ਫ਼ਿਲਮ ’ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਲਈ ਸ਼ਿੰਦਾ ਇਕ ਪਰਫੈਕਟ ਚੁਆਇਸ ਹੈ।

ਫ਼ਿਲਮ ਦੀ ਖ਼ਾਸੀਅਤ ਕੀ ਹੈ?

ਹਿਨਾ ਖ਼ਾਨ– ਮੈਂ ਸਿਰਫ਼ ਇੰਨਾ ਹੀ ਕਹਾਂਗੀ ਕਿ ਇਹ ਫ਼ਿਲਮ ਨਾ ਮੇਰੀ ਹੈ, ਨਾ ਗਿੱਪੀ ਦੀ ਤੇ ਨਾ ਹੀ ਬਾਕੀ ਸਟਾਰ ਕਾਸਟ ਦੀ। ਇਹ ਫ਼ਿਲਮ ਸਿਰਫ਼ ਤੇ ਸਿਰਫ਼ ਸ਼ਿੰਦੇ ਦੀ ਹੈ। ਉਸ ਨੇ ਇਸ ਫ਼ਿਲਮ ਰਾਹੀਂ ਸਾਰੇ ਬੱਚਿਆਂ ਦਾ ਪੁਆਇੰਟ ਆਫ ਵਿਊ ਦਰਸ਼ਕਾਂ ਸਾਹਮਣੇ ਰੱਖ ਦਿੱਤਾ ਹੈ, ਜਿਸ ਨੂੰ ਤੁਸੀਂ ਬਹੁਤ ਪਸੰਦ ਕਰੋਗੇ।

ਕੀ ਸਕੂਲ ਦੇ ਬੱਚਿਆਂ ਨਾਲ ਫ਼ਿਲਮਾਂ ਜਾਂ ਐਕਟਿੰਗ ਨੂੰ ਲੈ ਕੇ ਗੱਲਬਾਤ ਹੁੰਦੀ ਹੈ?

ਸ਼ਿੰਦਾ– ਸਕੂਲ ਤੇ ਕਲਾਸ ’ਚ ਵਧੇਰੇ ਬੱਚੇ ਗੋਰੇ ਹਨ। ਉਹ ਪੰਜਾਬੀ ਫ਼ਿਲਮਾਂ ਨਹੀਂ ਦੇਖਦੇ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਫ਼ਿਲਮਾਂ ਕਰਦਾ ਹਾਂ। ਮੇਰਾ ਇਕ ਗੀਤ ਰਿਲੀਜ਼ ਹੋਇਆ ਸੀ, ਜੋ ਅੰਗਰੇਜ਼ੀ ’ਚ ਸੀ, ਉਸ ਨੂੰ ਉਹ ਜ਼ਰੂਰ ਸੁਣਦੇ ਹਨ।

ਬਾਹਰ ਤਾਂ ਬੱਚੇ ਮਿੰਟ-ਮਿੰਟ ’ਤੇ ਪੁਲਸ ਸੱਦ ਲੈਂਦੇ ਹਨ। ਕੀ ਕਹੋਗੇ ਇਸ ਬਾਰੇ?

ਗਿੱਪੀ– ਫ਼ਿਲਮ ’ਚ ਵੀ ਇਹੀ ਚੀਜ਼ ਦੇਖਣ ਨੂੰ ਮਿਲੇਗੀ ਕਿ ਜਦੋਂ ਮੈਂ ਸ਼ਿੰਦੇ ਨੂੰ ਕੁਝ ਕਹਿੰਦਾ ਹਾਂ ਤਾਂ ਉਹ 911 ’ਤੇ ਕਾਲ ਕਰਕੇ ਪੁਲਸ ਸੱਦ ਲੈਂਦਾ ਹੈ ਤੇ ਇਨ੍ਹਾਂ ਦੇ ਸਕੂਲ ਵਾਲੇ ਵੀ ਇਹੀ ਕਹਿੰਦੇ ਹਨ ਕਿ ਜੇਕਰ ਕੋਈ ਤੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਰੋ। ਹਾਲਾਂਕਿ ਫ਼ਿਲਮ ’ਚ ਬਾਅਦ ’ਚ ਸ਼ਿੰਦੇ ਨੂੰ ਪੰਜਾਬ ਲਿਆਇਆ ਜਾਂਦਾ ਹੈ, ਉਸ ਨੂੰ ਆਪਣਾ ਕਲਚਰ ਸਿਖਾਇਆ ਜਾਂਦਾ ਹੈ ਤੇ ਇਸ ਦੌਰਾਨ ਕੀ ਕੁਝ ਹੁੰਦਾ ਹੈ, ਉਹੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਦੀ ਮੁੱਖ ਕਹਾਣੀ ਹੈ।

ਸ਼ਿੰਦੇ ਨਾਲ ਆਨਸਕ੍ਰੀਨ ਤੇ ਆਫਸਕ੍ਰੀਨ ਬਾਂਡ ਕਿਵੇਂ ਦਾ ਰਿਹਾ?

ਹਿਨਾ– ਸ਼ਿੰਦਾ ਬਹੁਤ ਹੀ ਸਮਝਦਾਰ ਬੱਚਾ ਹੈ। ਮੈਂ ਗਿੱਪੀ ਨਾਲ 40 ਦਿਨ ਕੰਮ ਕੀਤਾ ਪਰ ਮੇਰਾ ਜ਼ਿਆਦਾ ਮੇਲ-ਮਿਲਾਪ ਗਿੱਪੀ ਦੀ ਪਤਨੀ ਰਵਨੀਤ ਤੇ ਉਨ੍ਹਾਂ ਦੇ ਬੱਚਿਆਂ ਨਾਲ ਰਿਹਾ। ਕੈਨੇਡਾ ’ਚ ਸ਼ੂਟ ਦੌਰਾਨ ਮੈਂ ਇਕ ਵਾਰ ਬੀਮਾਰ ਵੀ ਹੋ ਗਈ ਸੀ ਤੇ ਰਵਨੀਤ ਨੇ ਮੇਰਾ ਇੰਨਾ ਖ਼ਿਆਲ ਰੱਖਿਆ, ਜਿਸ ਨੂੰ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ।

ਹਿਨਾ ਖ਼ਾਨ ਨਾਲ ਕੈਮਿਸਟਰੀ ਕਿਵੇਂ ਦੀ ਰਹੀ?

ਸ਼ਿੰਦਾ– ਆਫਸਕ੍ਰੀਨ ਤੇ ਆਨਸਕ੍ਰੀਨ ਉਹ ਬੜੇ ਚੰਗੇ ਇਨਸਾਨ ਹਨ। ਮੇਰੇ ਲਈ ਉਹ ਮੇਰੀ ਮਾਸੀ ਵਾਂਗ ਰਹੇ ਹਨ। ਉਨ੍ਹਾਂ ਨਾਲ ਫ਼ਿਲਮ ਕਰਕੇ ਬਹੁਤ ਮਜ਼ਾ ਆਇਆ।

ਏਕਮ ਦੀ ਅਸਿਸਟੈਂਟ ਡਾਇਰੈਕਟਰ ਵਜੋਂ ਇਹ ਪਹਿਲੀ ਫ਼ਿਲਮ ਹੈ। ਉਸ ਦਾ ਤਜਰਬਾ ਕਿਵੇਂ ਦਾ ਰਿਹਾ?

ਗਿੱਪੀ– ਜਿਥੇ ਸ਼ਿੰਦੇ ਨੂੰ ਸ਼ੂਟਿੰਗ ਦੌਰਾਨ ਮੌਜ ਮਿਲਦੀ ਸੀ, ਉਥੇ ਏਕਮ ਲਈ ਇਹ ਥੋੜ੍ਹਾ ਮੁਸ਼ਕਿਲ ਰਿਹਾ। ਉਸ ਨੇ ਫ਼ਿਲਮ ਅਸਿਸਟੈਂਟ ਡਾਇਰੈਕਟਰ ਵਜੋਂ ਜੁਆਇਨ ਕੀਤੀ ਤੇ ਉਹ ਸਾਰਾ ਦਿਨ ਡਾਇਰੈਕਟਰ ਦੀ ਟੀਮ ਨਾਲ ਰਹਿੰਦਾ ਸੀ। ਸਵੇਰੇ 6 ਵਜੇ ਉੱਠ ਕੇ ਫ਼ਿਲਮ ਦੀ ਸ਼ੂਟਿੰਗ ਲਈ ਜਾਂਦਾ ਸੀ ਤੇ ਕੰਮ ਖ਼ਤਮ ਕਰਕੇ ਰਾਤ 11-12 ਵਜੇ ਘਰ ਆਉਂਦਾ ਸੀ। ਨਾ ਹੀ ਉਸ ਨੂੰ ਫ਼ਿਲਮ ਦੀ ਡਾਇਰੈਕਟਰ ਟੀਮ ’ਚ ਹੋਣ ਦੇ ਬਾਵਜੂਦ ਕੋਈ ਵਧੇਰੇ ਸਹੂਲਤਾਂ ਦਿੱਤੀਆਂ ਗਈਆਂ ਸਨ।

ਕੀ ਬੱਚਿਆਂ ਨੂੰ ਕੁੱਟਣਾ ਇਕ ਸਲਿਊਸ਼ਨ ਹੁੰਦਾ ਹੈ?

ਹਿਨਾ– ਇਕ ਟਾਈਮ ’ਤੇ ਜਦੋਂ ਕਾਫ਼ੀ ਜ਼ਿਆਦਾ ਹੱਦ ਹੋ ਜਾਂਦੀ ਹੈ ਤਾਂ ਇਕ ਅੱਧੀ ਚਪੇੜ ਤਾਂ ਮਾਰ ਦੇਣੀ ਚਾਹੀਦੀ ਹੈ। ਸਾਨੂੰ ਤਾਂ ਸਾਡੇ ਬਚਪਨ ’ਚ ਬਹੁਤ ਕੁੱਟਿਆ ਗਿਆ ਹੈ ਪਰ ਅੱਜ ਦੇ ਸਮੇਂ ’ਚ ਇਸ ਚੀਜ਼ ਨੂੰ ਸਹੀ ਨਹੀਂ ਮੰਨਿਆ ਜਾਂਦਾ। ਹਰੇਕ ਮਾਪੇ ਚਾਹੁੰਦੇ ਹਨ ਕਿ ਉਹ ਆਪਣੇ ਬੱਚੇ ’ਤੇ ਹੱਥ ਨਾ ਚੁੱਕਣ।

ਦਿਲਜੀਤ ਦੋਸਾਂਝ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ?

ਸ਼ਿੰਦਾ– ਉਹ ਵੀ ਪਿਤਾ ਵਾਂਗ ਹੀ ਹਨ, ਉਹ ਬੜੇ ਹੀ ਫਨੀ ਹਨ ਤੇ ਆਨਸਕ੍ਰੀਨ ਬਹੁਤ ਮਦਦ ਕਰਦੇ ਹਨ। ਮੇਰੀ ਉਨ੍ਹਾਂ ਨਾਲ ਕੈਮਿਸਟਰੀ ਬਹੁਤ ਵਧੀਆ ਰਹੀ।

ਕਦੇ ਇੰਝ ਹੋਇਆ ਕਿ ਤੁਸੀਂ ਆਪਣੇ ਬੱਚਿਆਂ ’ਤੇ ਗੁੱਸਾ ਕੀਤਾ ਹੋਵੇ?

ਗਿੱਪੀ– ਦੇਖੋ ਮੈਨੂੰ ਆਪਣੇ ਮਾਪਿਆਂ ਤੋਂ ਘੱਟ ਹੀ ਪਈਆਂ ਹਨ ਤੇ ਮੇਰਾ ਵੀ ਅੱਗੋਂ ਸੁਭਾਅ ਉਸੇ ਤਰ੍ਹਾਂ ਦਾ ਹੈ ਕਿ ਮੈਂ ਵੀ ਬੱਚਿਆਂ ’ਤੇ ਹੱਥ ਨਹੀਂ ਚੁੱਕਦਾ। ਹਾਂ ਮੈਂ ਕਈ ਵਾਰ ਘੂਰ ਜ਼ਰੂਰ ਲੈਂਦਾ ਹਾਂ ਪਰ ਜਦੋਂ ਬਾਅਦ ’ਚ ਬੱਚੇ ਉਦਾਸ ਹੋ ਜਾਂਦੇ ਹਨ ਤੇ ਫਿਰ ਉਨ੍ਹਾਂ ਨੂੰ ਮਨਾਉਣ ਵੀ ਜਾਂਦਾ ਹਾਂ। ਸਿਰਫ਼ ਬੱਚਿਆਂ ਨਾਲ ਹੀ ਨਹੀਂ, ਜਿਸ ਨਾਲ ਮੈਂ ਅਟੈਚ ਹਾਂ, ਜੇ ਉਹ ਨਾਰਾਜ਼ ਹੋ ਜਾਵੇ ਤਾਂ ਮੈਂ ਇਮੋਸ਼ਨਲ ਹੋ ਜਾਂਦਾ ਹੈ।

ਵਿਦੇਸ਼ਾਂ ’ਚ ਰਹਿੰਦੇ ਪਰਿਵਾਰਾਂ ਨੂੰ ਕੀ ਸਲਾਹ ਦੇਣਾ ਚਾਹੋਗੇ?
ਗਿੱਪੀ– ਭਾਵੇਂ ਵਿਦੇਸ਼ ਹੋਵੇ ਜਾਂ ਪੰਜਾਬ, ਇਹ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਹੈ ਕਿ ਮਾਪੇ ਬੱਚਿਆਂ ਦੀ ਬੋਲੀ ਬੋਲਣ ਲੱਗ ਜਾਂਦੇ ਹਨ। ਆਪਣੇ ਬੱਚਿਆਂ ਨਾਲ ਹਮੇਸ਼ਾ ਪੰਜਾਬੀ ’ਚ ਗੱਲ ਕਰੋ। ਉਨ੍ਹਾਂ ਨੂੰ ਆਦਤ ਪਾਓ ਕਿ ਘਰ ’ਚ ਆ ਕੇ ਉਹ ਪੰਜਾਬੀ ਹੀ ਬੋਲਣ। ਸ਼ਿੰਦਾ, ਏਕਮ ਤੇ ਗੁਰਬਾਜ਼ ਆਪਸ ’ਚ ਕਈ ਵਾਰ ਅੰਗਰੇਜ਼ੀ ’ਚ ਗੱਲਬਾਤ ਕਰਦੇ ਹਨ ਪਰ ਜਦੋਂ ਉਹ ਮੈਨੂੰ ਕੁਝ ਪੁੱਛਦੇ ਹਨ ਤਾਂ ਮੇਰੇ ਨਾਲ ਉਹ ਪੰਜਾਬੀ ’ਚ ਹੀ ਗੱਲ ਕਰਦੇ ਹਨ।

ਕਿੰਨੀ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਬੱਚੇ ਨਿੱਕੀ ਉਮਰ ’ਚ ਕੰਮ ਕਰਨ ਲੱਗ ਗਏ?
ਗਿੱਪੀ– ਅਜੇ ਤਾਂ ਇਹ ਸਾਰੀਆਂ ਚੀਜ਼ਾਂ ਮਸਤੀ-ਮਜ਼ਾਕ ’ਚ ਹੋ ਰਹੀਆਂ ਹਨ। ਸ਼ਿੰਦਾ ਉਂਝ ਤਾਂ ਬਾਸਕਟਬਾਲ ਖਿਡਾਰੀ ਬਣਨਾ ਚਾਹੁੰਦਾ ਹੈ। ਸਾਨੂੰ ਵੀ ਇਹ ਹੁੰਦਾ ਹੈ ਕਿ ਸਾਡੀ ਆਪਣੀ ਪ੍ਰੋਡਕਸ਼ਨ ਕੰਪਨੀ ਹੈ, ਸੌਖਾ ਹੋ ਜਾਂਦਾ ਹੈ ਸ਼ਿੰਦੇ ਨਾਲ ਕੰਮ ਕਰਨਾ। ਔਖਾ ‘ਹੌਸਲਾ ਰੱਖ’ ਫ਼ਿਲਮ ਦੌਰਾਨ ਹੋਇਆ ਸੀ, ਉਨ੍ਹਾਂ ਨੇ ਬਹੁਤ ਮੈਨੇਜ ਕੀਤਾ ਸ਼ੂਟਿੰਗ ਦੌਰਾਨ ਕਿਉਂਕਿ ਛੁੱਟੀਆਂ ਸਕੂਲ ਤੋਂ ਮਿਲਦੀਆਂ ਨਹੀਂ ਸਨ। ਫਿਰ ਉਨ੍ਹਾਂ ਨੇ ਸਕੂਲ ਖ਼ਤਮ ਹੋਣ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਫ਼ਿਲਮ ਦਾ ਸ਼ੂਟ ਕੀਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮੁੰਡੇ ਸਾਡੇ ਕਹਿਣੇ ’ਚ ਹਨ।


author

sunita

Content Editor

Related News