ਸ਼ੈਫਾਲੀ ਜ਼ਰੀਵਾਲਾ ਦੀ ਮੌਤ ਤੋਂ ਬਾਅਦ ''ਕਾਂਟਾ ਲਗਾ'' ਦੇ ਡਾਇਰੈਕਟਰਸ ਦਾ ਵੱਡਾ ਫੈ਼ਸਲਾ
Friday, Jul 04, 2025 - 03:11 PM (IST)

ਐਂਟਰਟੇਨਮੈਂਟ ਡੈਸਕ- ਟੀਵੀ ਅਤੇ ਸੰਗੀਤ ਇੰਡਸਟਰੀ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਸ਼ੈਫਾਲੀ ਜਰੀਵਾਲਾ ਦੀ ਬੇਵਕਤੀ ਮੌਤ 'ਤੇ ਪੂਰਾ ਮਨੋਰੰਜਨ ਜਗਤ ਸੋਗ ਮਨਾ ਰਿਹਾ ਹੈ। ਸਿਰਫ਼ 42 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ੈਫਾਲੀ ਜਰੀਵਾਲਾ ਨੇ ਸਾਲ 2002 ਵਿੱਚ ਰਿਲੀਜ਼ ਹੋਈ ਸੁਪਰਹਿੱਟ ਮਿਊਜ਼ਿਕ ਵੀਡੀਓ 'ਕਾਂਟਾ ਲਗਾ' ਰਾਹੀਂ ਰਾਤੋ-ਰਾਤ ਪ੍ਰਸਿੱਧੀ ਹਾਸਲ ਕੀਤੀ। ਹੁਣ 'ਕਾਂਟਾ ਲਗਾ' ਦੇ ਨਿਰਦੇਸ਼ਕਾਂ ਰਾਧਿਕਾ ਰਾਓ ਅਤੇ ਵਿਨੇ ਸਪਰੂ ਨੇ ਸ਼ੈਫਾਲੀ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਕੀਤੀ।
ਨਿਰਦੇਸ਼ਕਾਂ ਰਾਧਿਕਾ ਰਾਓ ਅਤੇ ਵਿਨੇ ਸਪਰੂ ਨੇ ਇੰਸਟਾਗ੍ਰਾਮ 'ਤੇ ਸ਼ੈਫਾਲੀ ਨੂੰ ਆਖਰੀ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ- "ਕੱਲ੍ਹ ਪ੍ਰਾਰਥਨਾ ਸਭਾ ਸੀ... ਆਖਰੀ ਅਲਵਿਦਾ... ਸਾਡੇ ਪਹਿਲੇ ਫੋਟੋਸ਼ੂਟ ਦੀਆਂ ਯਾਦਾਂ... 'ਕਾਂਟਾ ਲਗਾ' ਦਾ ਸੀਡੀ ਇਨਲੇ ਕਾਰਡ।"
ਉਨ੍ਹਾਂ ਨੇ ਅੱਗੇ ਲਿਖਿਆ- "ਤੁਸੀਂ ਹਮੇਸ਼ਾ ਚਾਹੁੰਦੀ ਸੀ ਕਿ ਤੁਸੀਂ ਹੀ ਇਕਲੌਤੀ 'ਕਾਂਟਾ ਲਗਾ' ਗਰਲ ਰਹੋ। ਇਸ ਲਈ ਅਸੀਂ ਕਦੇ ਵੀ ਇਸਦਾ ਸੀਕਵਲ ਨਹੀਂ ਬਣਾਇਆ ਅਤੇ ਹੁਣ ਕਦੇ ਬਣਾਵਾਂਗੇ ਵੀ ਨਹੀਂ। ਅਸੀਂ 'ਕਾਂਟਾ ਲਗਾ' ਨੂੰ ਹਮੇਸ਼ਾ ਲਈ ਰਿਟਾਇਰ ਕਰ ਰਹੇ ਹਾਂ। ਇਹ ਗੀਤ ਸਿਰਫ਼ ਤੁਹਾਡਾ ਸੀ ਅਤੇ ਹਮੇਸ਼ਾ ਤੁਹਾਡਾ ਹੀ ਰਹੇਗਾ... ਸ਼ੈਫਾਲੀ... ਓਮ ਸ਼ਾਂਤੀ।"
ਕਿਵੇਂ ਹੋਈ ਸ਼ੈਫਾਲੀ ਦੀ ਖੋਜ ?
ਨਿਰਦੇਸ਼ਕ ਵਿਨੈ ਸਪਰੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ੈਫਾਲੀ ਜਰੀਵਾਲਾ ਸੰਜੋਗ ਨਾਲ ਮਿਲੀ ਸੀ। ਉਹ ਅਤੇ ਰਾਧਿਕਾ ਮੁੰਬਈ ਦੇ ਬਾਂਦਰਾ ਵਿੱਚ ਲਿੰਕਿੰਗ ਰੋਡ ਤੋਂ ਲੰਘ ਰਹੇ ਸਨ, ਜਦੋਂ ਉਨ੍ਹਾਂ ਨੇ ਇਕ ਸਕੂਟਰ 'ਤੇ ਆਪਣੀ ਮਾਂ ਨੂੰ ਗਲੇ ਲਗਾਏ ਇਹ ਲੜਕੀ ਨੂੰ ਦੇਖਿਆ।
"ਰਾਧਿਕਾ ਨੇ ਉਸਨੂੰ ਦੇਖ ਕੇ ਕਿਹਾ ਕਿ ਉਸ ਵਿੱਚ ਕੁਝ ਖਾਸ ਹੈ। ਅਸੀਂ ਕਾਰ ਰੋਕੀ ਅਤੇ ਉਸਨੂੰ ਪੁੱਛਿਆ ਕਿ ਕੀ ਉਹ ਸਾਡੇ ਦਫਤਰ ਆਉਣਾ ਚਾਹੁੰਦੀ ਹੈ। ਸਾਡਾ ਸਫ਼ਰ ਉੱਥੋਂ ਸ਼ੁਰੂ ਹੋਇਆ।"
ਉਸ ਛੋਟੀ ਜਿਹੀ ਮੁਲਾਕਾਤ ਨੇ ਸ਼ੈਫਾਲੀ ਜਰੀਵਾਲਾ ਦੀ ਕਿਸਮਤ ਬਦਲ ਦਿੱਤੀ ਅਤੇ ਕਾਂਟਾ ਲਗਾ ਰਾਹੀਂ ਉਸਨੂੰ ਉਹ ਪਛਾਣ ਮਿਲੀ ਜੋ ਅੱਜ ਤੱਕ ਯਾਦ ਕੀਤੀ ਜਾਂਦੀ ਹੈ। ਕਾਂਟਾ ਲਗਾ ਦੀ ਸਫਲਤਾ ਤੋਂ ਬਾਅਦ ਸ਼ੈਫਾਲੀ ਨੇ 2004 ਵਿੱਚ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਦੀ ਫਿਲਮ ਮੁਝਸੇ ਸ਼ਾਦੀ ਕਰੋਗੀ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਤੀ ਪਰਾਗ ਤਿਆਗੀ ਨਾਲ ਨੱਚ ਬੱਲੀਏ ਸੀਜ਼ਨ 5 ਅਤੇ 7 ਵਿੱਚ ਹਿੱਸਾ ਲਿਆ ਅਤੇ ਡਾਂਸ ਰਾਹੀਂ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਹਾਲਾਂਕਿ ਸਿਹਤ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਕਈ ਵੱਡੇ ਪ੍ਰੋਜੈਕਟਾਂ ਤੋਂ ਦੂਰ ਕਰ ਲਿਆ।