ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਆਸ਼ੀਰਵਾਦ ਦੇਣ ਪੁੱਜੇ ਜੋਸ਼ੀਮੱਠ ਦੇ ਸ਼ੰਕਰਾਚਾਰੀਆ
Sunday, Oct 27, 2024 - 09:36 AM (IST)
ਨਵੀਂ ਦਿੱਲੀ- ਜਯੋਤਿਸ਼ਪੀਠਾਧੀਸ਼ਵਰ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਸ਼ਨੀਵਾਰ ਨੂੰ ਦਿੱਲੀ ’ਚ ਆਪਣੇ ਪ੍ਰਵਾਸ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਿਵਾਸ ਸਥਾਨ ’ਤੇ ਪੁੱਜੇ ਅਤੇ ਪੂਰੇ ਚੱਢਾ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਜਗਦਗੁਰੂ ਸ਼ੰਕਰਾਚਾਰੀਆ ਨੇ ਸਾਰੇ ਪਰਿਵਾਰ ਨੂੰ ਧਰਮ ਦਾ ਉਪਦੇਸ਼ ਦਿੱਤਾ।
ਇਸ ਦੌਰਾਨ ਸੰਸਦ ਮੈਂਬਰ ਚੱਢਾ, ਉਨ੍ਹਾਂ ਦੀ ਪਤਨੀ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬੇਹੱਦ ਖੁਸ਼ ਨਜ਼ਰ ਆਏ।ਰਾਘਵ ਚੱਢਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲਿਖਿਆ ਕਿ ‘ਅਹੋ ਭਾਗ ਹਮਾਰੇ...ਮੇਰੇ ਘਰ ਸਾਕਸ਼ਾਤ ਪ੍ਰਭੂ ਹੈਂ ਪਧਾਰੇ’। ਅੱਜ ਮੈਂ ਅਤੇ ਪਰਿਣੀਤੀ ਭਾਵੁਕ ਹਾਂ। ਅੱਜ ਸਾਡੀ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਗਏ, ਅਸੀਂ ਸਾਰੇ ਧੰਨ ਹੋ ਗਏ। ਧਰਮ ਦੇ ਗਿਆਤਾ ਅਤੇ ਸਨਾਤਨ ਸੰਸਕ੍ਰਿਤੀ ਦੇ ਸਰਵਉੱਚ ਨੁਮਾਇੰਦੇ ਜੋਸ਼ੀਮੱਠ ਦੇ ਪਰਮ ਸਤਿਕਾਰਯੋਗ ਸ਼ੰਕਰਾਚਾਰੀਆ ਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਦਾ ਸਾਡੇ ਘਰ ਸ਼ੁੱਭ ਆਗਮਨ ਹੋਇਆ।
ਮੇਰੇ ਘਰ ਦਾ ਹਰ ਕੋਨਾ ਉਨ੍ਹਾਂ ਦੇ ਪਾਵਨ ਚਰਨਾਂ ਦੀ ਧੂੜ ਨਾਲ ਪਵਿੱਤਰ ਹੋ ਗਿਆ। ਸਾਡੇ ਪਰਿਵਾਰ ਨੇ ਸ਼ੰਕਰਾਚਾਰੀਆ ਜੀ ਦੀ ਹਾਜ਼ਰੀ ’ਚ ਬੈਠ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਕ ਸਨਾਤਨੀ ਲਈ ਇਸ ਤੋਂ ਵੱਡੀ ਖ਼ੁਸ਼ਕਿਸਮਤੀ ਕੁਝ ਨਹੀਂ ਹੋ ਸਕਦੀ।
ਸੰਸਦ ਮੈਂਬਰ ਨੇ ਦੱਸਿਆ ਕਿ ਜਗਦਗੁਰੂ ਸ਼ੰਕਰਾਚਾਰੀਆ ਜੀ ਸ਼ਨੀਵਾਰ ਸਵੇਰੇ ਰਾਜਧਾਨੀ ਦਿੱਲੀ ’ਚ ਆਪਣੇ ਧਾਰਮਿਕ ਠਹਿਰਾਅ ਦੌਰਾਨ ਪੰਡਾਰਾ ਰੋਡ ’ਤੇ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚੇ। ਐਂਟਰੀ ਗੇਟ ’ਤੇ ਉਨ੍ਹਾਂ ਅਤੇ ਪਰਿਣੀਤੀ ਚੋਪੜਾ ਨੇ ਫੁੱਲਾਂ ਦੀ ਵਰਖਾ ਅਤੇ ਆਰਤੀ ਕਰ ਕੇ ਜਗਦਗੁਰੂ ਸ਼ੰਕਰਾਚਾਰੀਆ ਜੀ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਧਾਰਮਿਕ ਮਾਹੌਲ ’ਚ ਉਨ੍ਹਾਂ ਦੇ ਪਾਦੁਕਾਂ ਦੀ ਪੂਜਾ ਕੀਤੀ, ਕਿਉਂਕਿ ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਜਗਦਗੁਰੂ ਸ਼ੰਕਰਾਚਾਰੀਆ ਦੇ ਚਰਨ ਛੂਹਣ ਦੀ ਸਖ਼ਤ ਮਨਾਹੀ ਹੈ।
ਇਸ ਲਈ ਕੇਵਲ ਉਨ੍ਹਾਂ ਦੀਆਂ ਪਾਦੁਕਾਂ ਦੀ ਹੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਰਾਘਵ ਚੱਢਾ ਨੇ ਸ਼ੰਕਰਾਚਾਰੀਆ ਜੀ ਨਾਲ ਧਰਮ ਨਾਲ ਸਬੰਧਤ ਕਈ ਵਿਸ਼ਿਆਂ ’ਤੇ ਚਰਚਾ ਵੀ ਕੀਤੀ। ਕੁਝ ਸਮੇਂ ਬਾਅਦ ਜਗਦਗੁਰੂ ਸ਼ੰਕਰਾਚਾਰੀਆ ਆਪਣੇ ਚੇਲਿਆਂ ਸਮੇਤ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।
ਰਾਘਵ ਚੱਢਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਨੂੰ ਜਗਦਗੁਰੂ ਸ਼ੰਕਰਾਚਾਰੀਆ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੀ ਪਤਨੀ ਪਰਿਣੀਤੀ ਅਤੇ ਸਤਿਕਾਰਯੋਗ ਮਾਤਾ-ਪਿਤਾ ਜੀ ਨੇ ਜਗਦਗੁਰੂ ਸ਼ੰਕਰਾਚਾਰੀਆ ਜੀ ਦੀ ਹਾਜ਼ਰੀ ਵਿਚ ਬੈਠ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਮੈਂ ਬਹੁਤ ਨਿਮਰਤਾ ਨਾਲ ਪਰਮਪਿਤਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਕਿਰਪਾ ਨਾਲ ਮੇਰੇ ਜੀਵਨ ਵਿਚ ਇਹ ਪਵਿੱਤਰ ਪਲ ਆਇਆ ਹੈ।ਉਨ੍ਹਾਂ ਦੀ ਪਤਨੀ ਪਰਿਣੀਤੀ ਚੋਪੜਾ ਨੇ ਵੀ ਸ਼ੰਕਰਾਚਾਰੀਆ ਦੇ ਆਸ਼ੀਰਵਾਦ ਨੂੰ ਆਪਣੀ ਖ਼ੁਸ਼ਕਿਸਮਤੀ ਦੱਸਿਆ ਤੇ ਇਸ ਦੌਰਾਨ ਉਹ ਬੇਹੱਦ ਖੁਸ਼ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਹ ਪ੍ਰਭੂ ਦੀ ਕਿਰਪਾ ਹੈ ਕਿ ਉਸ ਪਰਮਾਤਮਾ ਨੇ ਸਾਡੇ ਪਰਿਵਾਰ ਨੂੰ ਅਸੀਸ ਦੇਣ ਲਈ ਜਗਦਗੁਰੂ ਸ਼ੰਕਰਾਚਾਰੀਆ ਜੀ ਨੂੰ ਭੇਜਿਆ। ਇਸ ਦੇ ਨਾਲ ਹੀ ਸ਼ੰਕਰਾਚਾਰੀਆ ਜੀ ਦੇ ਸ਼ੁੱਭ ਆਗਮਨ ’ਤੇ ਕਈ ਲੋਕ ਸੰਸਦ ਮੈਂਬਰ ਦੀ ਰਿਹਾਇਸ਼ ’ਤੇ ਮੌਜੂਦ ਸਨ। ਇਸ ਦੌਰਾਨ ਕਈ ਲੋਕ ਸ਼ੰਕਰਾਚਾਰੀਆ ਜੀ ਦਾ ਆਸ਼ੀਰਵਾਦ ਲੈਣ ਲਈ ਬੇਸਬਰੇ ਦੇਖੇ ਗਏ।