‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸੰਜੇ, ਰਣਬੀਰ, ਵਾਣੀ ਤੇ ਨਿਰਦੇਸ਼ਕ ਕਰਨ ਨਾਲ ਖ਼ਾਸ ਗੱਲਬਾਤ
Thursday, Jul 21, 2022 - 12:36 PM (IST)
4 ਸਾਲਾਂ ਬਾਅਦ ਰਣਬੀਰ ਕਪੂਰ ਵੱਡੇ ਪਰਦੇ ’ਤੇ ਦਰਸ਼ਕਾਂ ਨੂੰ ਲੁਭਾਉਣ ਲਈ ਵਾਪਸ ਆ ਗਿਆ ਹੈ। ਉਹ ਇਸ ਵਾਰ ਵਾਈ. ਆਰ. ਐੱਫ. ਪੀਰੀਅਡ ਡਰਾਮਾ ’ਚ ‘ਸ਼ਮਸ਼ੇਰਾ’ ਤੇ ਬਾਲੀ ਦੀ ਦੋਹਰੀ ਭੂਮਿਕਾ ’ਚ ਨਜ਼ਰ ਆਏਗਾ। ਫ਼ਿਲਮ ‘ਸੰਜੂ’ ’ਚ ਸੰਜੇ ਦੱਤ ਦਾ ਕਿਰਦਾਰ ਨਿਭਾਅ ਚੁੱਕਾ ਰਣਬੀਰ ‘ਸ਼ਮਸ਼ੇਰਾ’ ’ਚ ਸੰਜੇ ਦੱਤ ਨਾਲ ਸਕ੍ਰੀਨ ਸਾਂਝੀ ਕਰਦਾ ਦਿਖਾਈ ਦੇਵੇਗਾ। 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸ਼ਮਸ਼ੇਰਾ’ ’ਚ ਸੰਜੇ ਦੱਤ ਤੇ ਵਾਣੀ ਕਪੂਰ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦੀ ਟੀਮ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸੇ ਸਿਲਸਿਲੇ ’ਚ ਸੰਜੇ ਦੱਤ, ਰਣਬੀਰ ਕਪੂਰ, ਵਾਣੀ ਕਪੂਰ ਤੇ ਨਿਰਦੇਸ਼ਕ ਕਰਨ ਮਲਹੋਤਰਾ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੇ। ਇਕ ਵਿਸ਼ੇਸ਼ ਇੰਟਰਵਿਊ ’ਚ ‘ਸ਼ਮਸ਼ੇਰਾ’ ਦੇ ਕਲਾਕਾਰਾਂ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਵੱਖ-ਵੱਖ ਪਹਿਲੂਆਂ ’ਤੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਤੁਹਾਡੇ ਪਿਤਾ ਤੁਹਾਡੇ ਸਭ ਤੋਂ ਵੱਡੇ ਸਮਰਥਕ ਤੇ ਆਲੋਚਕ ਰਹੇ ਹਨ। ਹੁਣ ਜਦਕਿ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਤਾਂ ਉਨ੍ਹਾਂ ਦਾ ਰਿਐਕਸ਼ਨ ਕਿਹੋ ਜਿਹਾ ਰਿਹਾ?
ਵਾਣੀ ਕਪੂਰ– ਮੇਰੇ ਪਿਤਾ ਮੇਰੇ ਸਭ ਤੋਂ ਵੱਡੇ ਸਮਰਥਕ ਤੇ ਆਲੋਚਕ ਹਨ, ਇਹ ਸਹੀ ਹੈ ਪਰ ਜਦੋਂ ਉਨ੍ਹਾਂ ਨੇ ਟੀਜ਼ਰ ਤੇ ਟਰੇਲਰ ਦੇਖਿਆ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਕਿਹਾ ਕਿ ਫ਼ਿਲਮ ਬਹੁਤ ਵਧੀਆ ਕਰਨ ਵਾਲੀ ਹੈ। ਮੇਰੇ ਪਿਤਾ ਸੰਜੇ ਸਰ ਦੇ ਬਹੁਤ ਵੱਡੇ ਫੈਨ ਹਨ। ਸੰਜੇ ਨਾਲ ਮੇਰੀ ਸਕ੍ਰੀਨ ਪ੍ਰੈਜ਼ੈਂਸ ਉਨ੍ਹਾਂ ਲਈ ਵੀ ਮਾਣ ਵਾਲੀ ਗੱਲ ਹੈ। ਉਹ ਰਣਬੀਰ ਨੂੰ ਬਹੁਤ ਪਸੰਦ ਕਰਦੇ ਹਨ।
ਚੰਡੀਗੜ੍ਹ ਨਾਲ ਤੁਹਾਡਾ ਰਿਸ਼ਤਾ ਬਹੁਤ ਪੁਰਾਣਾ ਹੈ, ਇਥੇ ਆ ਕੇ ਕਿਹੋ-ਜਿਹਾ ਮਹਿਸੂਸ ਹੋ ਰਿਹਾ ਹੈ?
ਵਾਣੀ ਕਪੂਰ– ਮੇਰੀ ਪਿਛਲੀ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ’ਚ ਹੋਈ ਸੀ। ਮੈਂ ਇਥੇ ਕਾਫੀ ਕੰਮ ਕੀਤਾ ਪਰ ਉਸ ਵੇਲੇ ਵੀ ਸਿਰਫ ਕੰਮ ਹੀ ਕਰ ਸਕੀ। ਮੈਂ ਅਜੇ ਇੰਨਾ ਐਕਸਪਲੋਰ ਨਹੀਂ ਕੀਤਾ ਪਰ ਇਸ ਸ਼ਹਿਰ ਦੀ ਹਵਾ ’ਚ ਇਕ ਤਾਜ਼ਗੀ ਹੈ। ਇਥੇ ਆ ਕੇ ਮੇਰਾ ਮਨ ਖ਼ੁਸ਼ ਹੋ ਜਾਂਦਾ ਹੈ।
ਵਾਣੀ, ਤੁਸੀਂ ਫ਼ਿਲਮ ’ਚ ਇਕ ਨੱਚਣ ਵਾਲੀ ਦਾ ਕਿਰਦਾਰ ਨਿਭਾਅ ਰਹੇ ਹੋ। ਕਿੰਨਾ ਮੁਸ਼ਕਿਲ ਸੀ ਇਹ ਰੋਲ?
ਵਾਣੀ ਕਪੂਰ– ਮੈਂ ਅਜਿਹਾ ਰੋਲ ਪਹਿਲਾਂ ਕਦੇ ਨਹੀਂ ਕੀਤਾ। ਇਹ ਮੇਰੇ ਲਈ ਵੀ ਨਵਾਂ ਸੀ ਪਰ ਕਹਾਣੀ ਨੂੰ ਅੱਗੇ ਵਧਾਉਣ ਲਈ ਫ਼ਿਲਮ ’ਚ ਮੇਰਾ ਰੋਲ ਬਹੁਤ ਜ਼ਰੂਰੀ ਹੈ। ਸਿਰਫ ਨੱਚਣ ਵਾਲੀ ਕਿਵੇਂ ਹੀਰੋ ਦਾ ਸਾਥ ਦਿੰਦੀ ਹੈ, ਕਿਵੇਂ ਉਹ ਇਕ-ਦੂਜੇ ਨੂੰ ਸੁਪੋਰਟ ਕਰਦੇ ਹਨ। ਇਸ ਕਿਰਦਾਰ ਦੀਆਂ ਕਈ ਪਰਤਾਂ ਹਨ, ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਉਣਗੀਆਂ।
ਤੁਹਾਡੀਆਂ ਪਿਛਲੀਆਂ ਸਾਰੀਆਂ ਫ਼ਿਲਮਾਂ ਵੱਡੀਆਂ ਹਿੱਟ ਰਹੀਆਂ ਹਨ। ਇਸ ਫ਼ਿਲਮ ਤੋਂ ਤੁਹਾਨੂੰ ਕੀ ਉਮੀਦਾਂ ਹਨ?
ਵਾਣੀ ਕਪੂਰ– ਮੈਂ ਆਪਣੀ ਹਰ ਫ਼ਿਲਮ ਤੋਂ ਉਮੀਦ ਕਰਦੀ ਹਾਂ ਕਿ ਦਰਸ਼ਕ ਉਸ ਨੂੰ ਪਿਆਰ ਦੇਣ, ਉਸ ਨੂੰ ਪਸੰਦ ਕਰਨ। ਜਿੰਨੇ ਪਿਆਰ ਤੇ ਮਿਹਨਤ ਨਾਲ ਅਸੀਂ ਇਸ ਫ਼ਿਲਮ ਨੂੰ ਬਣਾਇਆ ਹੈ, ਉਸੇ ਤਰ੍ਹਾਂ ਦਾ ਪਿਆਰ ਸਾਨੂੰ ਦਰਸ਼ਕਾਂ ਤੋਂ ਮਿਲੇ, ਇਹੀ ਉਮੀਦ ਹੈ ਤੇ ਹੁਣ ਜਿਸ ਤਰ੍ਹਾਂ ਦਾ ਰਿਸਪਾਂਸ ਸਾਨੂੰ ਇਸ ਵੇਲੇ ਮਿਲ ਰਿਹਾ ਹੈ, ਉਹ ਬਹੁਤ ਵਧੀਆ ਗੱਲ ਹੈ।
ਤੁਸੀਂ 4 ਸਾਲਾਂ ਬਾਅਦ ਫ਼ਿਲਮੀ ਪਰਦੇ ’ਤੇ ਵਾਪਸੀ ਕਰ ਰਹੇ ਹੋ। ਆਪਣੇ ਪ੍ਰਸ਼ੰਸਕਾਂ ਨੂੰ ਇੰਨੀ ਲੰਮੀ ਉਡੀਕ ਕਿਉਂ ਕਰਵਾਈ?
ਰਣਬੀਰ ਕਪੂਰ– ਮੈਂ ਅਜਿਹਾ ਕੁਝ ਸੋਚ ਕੇ ਨਹੀਂ ਕੀਤਾ। ਪਿਛਲੀ ਫ਼ਿਲਮ ‘ਸੰਜੂ’ ਬਾਇਓਪਿਕ ਸੀ। ਉਸ ਤੋਂ ਬਾਅਦ ਮੈਂ ‘ਸ਼ਮਸ਼ੇਰਾ’ ਤੇ ‘ਬ੍ਰਹਮਾਸਤਰ’ ਨੂੰ ਸ਼ੂਟ ਕਰਨ ਲਈ 350 ਦਿਨ ਦਿੱਤੇ। ਫਿਰ ਕੋਵਿਡ ਸ਼ੁਰੂ ਹੋ ਗਿਆ ਤੇ ਮੇਰੇ ਪਿਤਾ ਜੀ ਦੀ ਸਿਹਤ ਵਿਗੜ ਗਈ। ਅਸੀਂ ਜ਼ਿਆਦਾਤਰ ਇਲਾਜ ਲਈ ਅਮਰੀਕਾ ਆਉਂਦੇ-ਜਾਂਦੇ ਰਹੇ। ਅਜਿਹਾ ਨਹੀਂ ਹੈ ਕਿ ਉਸ ਸਮੇਂ ਕੰਮ ਨਹੀਂ ਹੋ ਰਿਹਾ ਸੀ, ਕੰਮ ਹੋ ਰਿਹਾ ਸੀ ਪਰ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਸੀ। ਹੁਣ ਬੈਕ-ਟੂ-ਬੈਕ ਫ਼ਿਲਮਾਂ ਆ ਰਹੀਆਂ ਹਨ। ਮੈਂ ਬਹੁਤ ਨਰਵਸ ਹਾਂ ਤੇ ਬਹੁਤ ਐਕਸਾਈਟਿਡ ਵੀ ਹਾਂ। ‘ਸ਼ਮਸ਼ੇਰਾ’ ਵੱਡੇ ਪਰਦੇ ’ਤੇ ਵੇਖਣ ਵਾਲੀ ਫ਼ਿਲਮ ਹੈ। ਉਮੀਦ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ।
ਪਿਛਲੀਆਂ ਫ਼ਿਲਮਾਂ ’ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਵੱਖਰੀ ਹੈ। ਤੁਸੀਂ ਡਬਲ ਰੋਲ ’ਚ ਹੋ। ਇਕ ਡਾਕੂ ਦੇ ਤੌਰ ’ਤੇ ਕਿੰਨੀ ਚੁਣੌਤੀ ਭਰੀ ਰਹੀ ਇਹ ਫ਼ਿਲਮ?
ਰਣਬੀਰ ਕਪੂਰ– ਜਦੋਂ ਇਹ ਫ਼ਿਲਮ ਮੈਨੂੰ ਆਫਰ ਹੋਈ ਸੀ ਤਾਂ ਅਦਾਕਾਰ ਦੇ ਤੌਰ ’ਤੇ ਇਹ ਮੇਰੇ ਲਈ ਇਕ ਲਾਲਚ ਸੀ। ਉਸ ਸਮੇਂ ਸਿਰਫ ਬੇਟੇ ਦੇ ਰੋਲ ਬਾਰੇ ਕਿਹਾ ਗਿਆ ਸੀ ਪਰ ਬਾਅਦ ’ਚ ਸਕੋਪ ਦਿਖਾਈ ਦਿੱਤਾ। ਮੈਂ ਤੇ ਕਰਨ ਨੇ ਰੀਲ ਲਈ ਬਹੁਤ ਸਾਰੇ ਲੁੱਕ ਟੈਸਟ ਕੀਤੇ। ਦੇਖਿਆ ਕਿ ਮੈਂ ਕਰ ਸਕਾਂਗਾ ਜਾਂ ਨਹੀਂ। ਮੈਂ ਪਹਿਲਾਂ ਆਪਣੇ-ਆਪ ਨੂੰ ਕਨਵਿੰਸ ਕੀਤਾ, ਜਿਸ ਤੋਂ ਬਾਅਦ ਦੋਵੇਂ ਭੂਮਿਕਾਵਾਂ ਕਰਨ ਬਾਰੇ ਸੋਚਿਆ ਪਰ ਨਤੀਜਾ ਦੇਖ ਕੇ ਮਾਣ ਹੁੰਦਾ ਹੈ ਕਿ ਫ਼ਿਲਮ ਦਾ ਆਊਟਪੁੱਟ ਉਮੀਦ ਨਾਲੋਂ ਬਿਹਤਰ ਰਿਹਾ ਹੈ।
ਤੁਸੀਂ ਸੰਜੇ ਦੀ ਬਾਇਓਪਿਕ ’ਚ ਉਨ੍ਹਾਂ ਦੀ ਭੂਮਿਕਾ ਨਿਭਾਈ ਸੀ। ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰ ਰਹੇ ਹੋ ਤਾਂ ਕਿਹੋ-ਜਿਹਾ ਮਹਿਸੂਸ ਕਰ ਰਹੇ ਹੋ?
ਰਣਬੀਰ ਕਪੂਰ– ਸੰਜੇ ਮੇਰੇ ਆਫ-ਸਕ੍ਰੀਨ ਹੀਰੋ ਤੇ ਆਈਡਲ ਰਹੇ ਹਨ। ਸੰਜੇ ਦੀ ਬਾਇਓਪਿਕ ’ਚ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਵੱਡੀ ਗੱਲ ਸੀ। ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰਨਾ ਸੁਪਨਾ ਸਾਕਾਰ ਹੋਣ ਵਰਗਾ ਹੈ। ਫ਼ਿਲਮ ’ਚ ਤੁਸੀਂ ਹੀਰੋ ਦੀ ਭੂਮਿਕਾ ਨਿਭਾਅ ਰਹੇ ਹੋ ਤੇ ਸੰਜੇ ਤੁਹਾਡੇ ਸਾਹਮਣੇ ਵਿਲੇਨ ਦੀ ਭੂਮਿਕਾ ’ਚ ਹਨ ਤਾਂ ਅਦਾਕਾਰ ਦੇ ਤੌਰ ’ਤੇ ਤੁਹਾਡੀ ਜਰਨੀ ਹੋਰ ਵੀ ਬਿਹਤਰ ਹੋ ਜਾਂਦੀ ਹੈ। ਹਰ ਕੋਈ ਜਾਣਦਾ ਹੈ ਕਿ ਸੰਜੂ ਸਰ ਦਾ ਦਿਲ ਬਹੁਤ ਵੱਡਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਇਹ ਫ਼ਿਲਮ ਕਰ ਰਿਹਾ ਹਾਂ ਤਾਂ ਉਹ ਬਹੁਤ ਖ਼ੁਸ਼ ਹੋਏ। ਜਦੋਂ ਟਰੇਲਰ ਰਿਲੀਜ਼ ਹੋਇਆ ਤਾਂ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਸੰਜੇ ਸਰ ਨੂੰ ਮੇਰੇ ’ਤੇ ਮਾਣ ਹੈ ਕਿ ਮੈਂ ਇੰਨਾ ਵਧੀਆ ਕੰਮ ਕਰ ਰਿਹਾ ਹਾਂ।
ਬਚਪਨ ’ਚ ਤੁਸੀਂ ਆਪਣੀ ਅਲਮਾਰੀ ’ਚ ਸੰਜੇ ਦੱਤ ਦੀ ਫੋਟੋ ਰੱਖਦੇ ਸੀ, ਇਸ ’ਚ ਕਿੰਨੀ ਸੱਚਾਈ ਹੈ?
ਰਣਬੀਰ ਕਪੂਰ– ਇਹ ਗੱਲ ਬਿਲਕੁਲ ਸੱਚ ਹੈ ਕਿ ਮੇਰੀ ਭੈਣ ਦੀ ਅਲਮਾਰੀ ’ਚ ਸਲਮਾਨ ਖ਼ਾਨ ਦੀ ਤਸਵੀਰ ਹੁੰਦੀ ਸੀ, ਜਦਕਿ ਮੇਰੀ ’ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਦੀ। ਦੋਵੇਂ ਮੇਰੇ ਮਨਪਸੰਦ ਕਲਾਕਾਰ ਹਨ। ਇਹ ਮੇਰੀ ਖ਼ੁਸ਼ਕਿਸਮਤੀ ਰਹੀ ਹੈ ਕਿ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਰੱਖਦਾ ਸੀ, ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ’ਚ ਉਨ੍ਹਾਂ ਦੀ ਭੂਮਿਕਾ ਨਿਭਾਈ ਤੇ ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰ ਰਿਹਾ ਹਾਂ।
ਜਿਸ ਤਰ੍ਹਾਂ ਦੀ ਰਣਬੀਰ ਦੀ ਇਮੇਜ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਫ਼ਿਲਮ ਲਈ ਕਿੰਨਾ ਫਿੱਟ ਬੈਠਦਾ ਹੈ, ਕੀ ਉਹ ਤੁਹਾਡੀ ਪਹਿਲੀ ਪਸੰਦ ਸੀ?
ਕਰਨ ਮਲਹੋਤਰਾ– ਰਣਬੀਰ ਇਸ ਸਮੇਂ ਆਪਣੇ ਕਰੀਅਰ ਦੇ ਸਭ ਤੋਂ ਸੁਨਹਿਰੀ ਦੌਰ ’ਚੋਂ ਲੰਘ ਰਿਹਾ ਹੈ। ਉਹ ਪਹਿਲਾਂ ਹੀ ਆਪਣੇ ਟੈਲੇਂਟ ਨੂੰ ਸਾਬਿਤ ਕਰ ਚੁੱਕਾ ਹੈ ਕਿ ਉਹ ਕਿੰਨਾ ਵਧੀਆ ਅਦਾਕਾਰ ਹੈ। ਉਹ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਕਿਸੇ ਵੀ ਭੂਮਿਕਾ ’ਚ ਖ਼ੁਦ ਨੂੰ ਢਾਲ ਲੈਂਦੇ ਹਨ। ਅਜਿਹੇ ਅਦਾਕਾਰ ਨਾਲ ਕੰਮ ਕਰਨਾ ਸੱਚਮੁੱਚ ਸ਼ਾਨਦਾਰ ਹੈ। ਇਸ ਸਮੇਂ ਉਸ ਦੀ ਉਮਰ ਉਸ ਦਾ ਪਲੱਸ ਪੁਆਇੰਟ ਹੈ। ਉਹ ਉਸ ਸਟੇਜ ’ਤੇ ਹੈ, ਜਿਥੇ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਕਰ ਸਕਦਾ ਹੈ, ਖ਼ਾਸ ਤੌਰ ’ਤੇ ਮੈਚਿਓਰ ਰੋਲ। ਜਦੋਂ ਫ਼ਿਲਮ ਦੀ ਗੱਲ ਸ਼ੁਰੂ ਹੋਈ ਸੀ ਤਾਂ ਉਹ ਮੇਰੀ ਪਹਿਲੀ ਪਸੰਦ ਸੀ।
ਸੰਜੇ ਦੱਤ ਦੀ ਇਮੇਜ ਪਰਦੇ ’ਤੇ ਜਿਸ ਤਰ੍ਹਾਂ ਦੀ ਰਹੀ ਹੈ, ਉਸ ਨੂੰ ਦੇਖਦੇ ਹੋਏ ਤੁਹਾਨੂੰ ਉਨ੍ਹਾਂ ਨੂੰ ‘ਸ਼ਮਸ਼ੇਰਾ’ ਬਣਾਉਣ ਦਾ ਵਿਚਾਰ ਕਦੋਂ ਆਇਆ?
ਕਰਨ ਮਲਹੋਤਰਾ– ਰਣਬੀਰ ਤੇ ਸੰਜੇ ਦੋਵੇਂ ਹੀ ਕਮਾਲ ਦੇ ਅਦਾਕਾਰ ਹਨ। ਦੋਵਾਂ ਦੀ ਸਕ੍ਰੀਨ ਪ੍ਰੈਜ਼ੈਂਸ ਜ਼ਬਰਦਸਤ ਹੈ ਪਰ ਮੈਂ ਜਾਣਦਾ ਸੀ ਕਿ ਸੰਜੇ ਨੂੰ ਵਿਲੇਨ ਬਣਾਉਣਾ ਹੈ। ਉਨ੍ਹਾਂ ਦੀ ਪ੍ਰਸਨੈਲਿਟੀ ਬਹੁਤ ਸਟ੍ਰਾਂਗ ਹੈ। ਜਦੋਂ ਹੀਰੋ ਵਿਲੇਨ ਨੂੰ ਮਾਰੇ ਤਾਂ ਲੱਗਣਾ ਚਾਹੀਦਾ ਹੈ ਕਿ ਵਾਕਈ ਉਸ ਨੇ ਮਜ਼ਬੂਤ ਸ਼ਖ਼ਸੀਅਤ ਨੂੰ ਇੰਨੀ ਟੱਕਰ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਸੰਜੇ ਇਸ ’ਚ ਵਿਲੇਨ ਦੀ ਭੂਮਿਕਾ ’ਚ ਹਨ। ਸੰਜੇ ਤੇ ਰਣਬੀਰ ਦੋਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਤੁਹਾਡੀ ਫ਼ਿਲਮ ‘ਅਗਨੀਪਥ’ ਕਾਫੀ ਹਿੱਟ ਰਹੀ ਸੀ। ਤੁਸੀਂ ਉਸ ’ਚ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨਾਲ ਕੰਮ ਕੀਤਾ ਸੀ। ਹੁਣ ਰਣਬੀਰ ਨਾਲ ਕੰਮ ਕੀਤਾ ਹੈ। ਦੋਵਾਂ ਵਿਚਕਾਰ ਤੁਹਾਨੂੰ ਕੀ ਇਕੋ-ਜਿਹਾ ਲੱਗਦਾ ਹੈ?
ਕਰਨ ਮਲਹੋਤਰਾ– ਦੋਵਾਂ ਦੀ ਅਦਾਕਾਰੀ ਨੂੰ ਸਾਰਿਆਂ ਨੇ ਦੇਖਿਆ ਹੈ। ਦੋਵੇਂ ਵਧੀਆ ਅਦਾਕਾਰ ਰਹੇ ਹਨ। ਜਦੋਂ ਦੋਵੇਂ ਸੈੱਟ ’ਤੇ ਆਉਂਦੇ ਹਨ ਤਾਂ ਸਿਰਫ ਕੰਮ ਕਰਨ ਆਉਂਦੇ ਹਨ। ਦੋਵੇਂ ਬਹੁਤ ਹੀ ਪ੍ਰੋਫੈਸ਼ਨਲੀ ਕੰਮ ਕਰਦੇ ਹਨ। ਉਹ ਫਿਲਮ ਤੇ ਨਿਰਦੇਸ਼ਕ ਦੇ ਵਿਜ਼ਨ ਨੂੰ ਦੇਖਦੇ ਹਨ, ਜਿਸ ਲਈ ਉਹ ਸਰੈਂਡਰ ਕਰ ਦਿੰਦੇ ਹਨ।
ਰਣਬੀਰ ਤੁਹਾਡਾ ਇੰਨਾ ਵੱਡਾ ਫੈਨ ਹੈ ਪਰ ਤੁਸੀਂ ਫ਼ਿਲਮ ’ਚ ਉਸ ਨੂੰ ਇੰਨਾ ਟਾਰਚਰ ਕਰ ਰਹੇ ਹੋ, ਕਿਹੋ-ਜਿਹਾ ਲੱਗਾ?
ਸੰਜੇ ਦੱਤ– ਸੱਚ ਕਹਾਂ ਤਾਂ ਜਦੋਂ ਵੀ ਫ਼ਿਲਮ ’ਚ ਮੈਂ ਰਣਬੀਰ ਨੂੰ ਮਾਰਿਆ, ਮੈਨੂੰ ਚੰਗਾ ਨਹੀਂ ਲੱਗਾ। ਇਸ ਬਾਰੇ ਕਰਨ ਨਾਲ ਵੀ ਕਈ ਵਾਰ ਗੱਲ ਕੀਤੀ ਪਰ ਇਕ ਵਾਰ ਜਦੋਂ ਅਦਾਕਾਰ ਕੈਮਰੇ ਦੇ ਸਾਹਮਣੇ ਆ ਜਾਂਦਾ ਹੈ ਤੇ ਜੋ ਕਿਰਦਾਰ ਉਸ ਨੇ ਨਿਭਾਉਣਾ ਹੁੰਦਾ ਹੈ, ਭਾਵੇਂ ਕੁਝ ਵੀ ਹੋ ਜਾਵੇ, ਉਹ ਉਸ ਨੂੰ ਨਿਭਾਉਂਦਾ ਹੀ ਹੈ। ਇਹੀ ਮੈਂ ਕੀਤਾ। ਅਸੀਂ ਸਾਰੇ ਬਹੁਤ ਪ੍ਰੋਫੈਸ਼ਨਲ ਲੋਕ ਹਾਂ।
ਤੁਸੀਂ ਪਿਛਲੇ ਲੰਮੇ ਸਮੇਂ ਤੋਂ ਜੋ ਕਿਰਦਾਰ ਨਿਭਾਅ ਰਹੇ ਹੋ, ਉਹ ਸਾਰੇ ਹੀ ਬਹੁਤ ਖ਼ਤਰਨਾਕ ਰਹੇ ਹਨ। ਤੁਹਾਨੂੰ ਅਜਿਹੀਆਂ ਭੂਮਿਕਾਵਾਂ ਹੀ ਕਿਉਂ ਮਿਲ ਰਹੀਆਂ ਹਨ?
ਸੰਜੇ ਦੱਤ– ਕਈ ਲੋਕਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਹੈ। ਮੈਂ ਵੀ ਹੈਰਾਨ ਹਾਂ ਕਿ ਅਜਿਹੀਆਂ ਸਾਰੀਆਂ ਭੂਮਿਕਾਵਾਂ ਮੈਨੂੰ ਹੀ ਕਿਉਂ ਮਿਲ ਰਹੀਆਂ ਹਨ। ਇਸ ਵਿਚਕਾਰ ਮੈਂ ਕੁਝ ਵੱਖਰੇ ਤਰ੍ਹਾਂ ਦੇ ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਨੇ ਮੈਨੂੰ ਕਿਹਾ ਕਿ ਉਹੀ ਕਰੋ। ਮੈਨੂੰ ਲੱਗਦਾ ਹੈ ਕਿ ਦਰਸ਼ਕ ਵੀ ਮੈਨੂੰ ਇਸੇ ਤਰ੍ਹਾਂ ਦੇ ਰੋਲ ’ਚ ਦੇਖਣਾ ਚਾਹੁੰਦੇ ਹਨ। ਇਸੇ ਲਈ ਇਹੋ ਜਿਹੇ ਕਿਰਦਾਰ ਮੈਨੂੰ ਮਿਲ ਰਹੇ ਹਨ।
ਤੁਸੀਂ ਸਕ੍ਰੀਨ ’ਤੇ ਜਿਸ ਤਰ੍ਹਾਂ ਦੇ ਖ਼ਤਰਨਾਕ ਕਿਰਦਾਰ ਨਿਭਾਉਂਦੇ ਹੋ ਤਾਂ ਤੁਹਾਡੇ ਬੱਚੇ ਉਨ੍ਹਾਂ ਨੂੰ ਦੇਖ ਕੇ ਕਿਹੋ-ਜਿਹਾ ਮਹਿਸੂਸ ਕਰਦੇ ਹਨ?
ਸੰਜੇ ਦੱਤ– ਮੇਰੇ ਬੱਚਿਆਂ ਨੇ ਹੁਣੇ ਜਿਹੇ ‘ਸ਼ਮਸ਼ੇਰਾ’ ਦੇਖੀ, ਜੋ ਉਨ੍ਹਾਂ ਨੂੰ ਬਹੁਤ ਪਸੰਦ ਆਈ। ਉਹ ਰਣਬੀਰ ਦੇ ਵੱਡੇ ਫੈਨ ਹਨ। ਉਹ ਵਾਣੀ ਨੂੰ ਪਸੰਦ ਕਰਦੇ ਹਨ। ਬਸ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਅਖੀਰ ’ਚ ਮਰ ਕਿਉਂ ਜਾਂਦੇ ਹੋ। ਉਹ ਛੋਟੇ ਹਨ ਅਜੇ ਤਾਂ ਇੰਨੀ ਸਮਝ ਉਨ੍ਹਾਂ ਨੂੰ ਨਹੀਂ ਹੈ। ਵੱਡੇ ਹੋ ਜਾਣਗੇ ਤਾਂ ਸਮਝ ਜਾਣਗੇ। ਇਸ ਲਈ ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ ਕਿ ਮਰਿਆ ਨਹੀਂ, ਬਸ ਬੇਹੋਸ਼ ਹੋਇਆ ਹਾਂ ਜਾਂ ਫ਼ਿਲਮ ਦੇ ਸੀਕਵਲ ’ਚ ਫਿਰ ਵਾਪਸ ਆ ਜਾਵਾਂਗਾ।