‘ਹੋਮ ਅਲੋਨ’ ਫੇਮ ਅਦਾਕਾਰ ’ਤੇ ਲੱਗੇ ਗੰਭੀਰ ਇਲਜ਼ਾਮ; ਮੋਟਲ ’ਚ ਕੀਤੀ ਅਜਿਹੀ ਹਰਕਤ ਕਿ...''
Friday, Jan 16, 2026 - 02:18 PM (IST)
ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਦੀ ਚਰਚਿਤ ਫਿਲਮ ‘ਹੋਮ ਅਲੋਨ’ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਹਸਾਉਣ ਵਾਲੇ ਦਿੱਗਜ ਅਦਾਕਾਰ ਡੈਨੀਅਲ ਸਟਰਨ ਮੁਸ਼ਕਲਾਂ ਵਿੱਚ ਘਿਰ ਗਏ ਹਨ। 90 ਦੇ ਦਹਾਕੇ ਦੇ ਇਸ ਮਸ਼ਹੂਰ ਅਦਾਕਾਰ ’ਤੇ ਕੈਲੀਫੋਰਨੀਆ ਦੇ ਇੱਕ ਮੋਟਲ ਵਿੱਚ ਵੇਸ਼ਿਆਵਿਰਤੀ (Prostitution) ਲਈ ਉਕਸਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਖ਼ਬਰ ਨੇ ਸਿਨੇਮਾ ਜਗਤ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਸਰੋਤਾਂ ਅਨੁਸਾਰ ਇਹ ਘਟਨਾ ਪਿਛਲੇ ਸਾਲ 10 ਦਸੰਬਰ ਨੂੰ ਕੈਮਾਰਿਲੋ ਦੇ ਇੱਕ ਮੋਟਲ ਵਿੱਚ ਵਾਪਰੀ ਸੀ। ਵੈਂਚੁਰਾ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 68 ਸਾਲਾ ਅਦਾਕਾਰ ’ਤੇ 12 ਜਨਵਰੀ ਨੂੰ ਰਸਮੀ ਤੌਰ ’ਤੇ ਦੋਸ਼ ਲਗਾਏ ਗਏ ਸਨ। ਹਾਲਾਂਕਿ ਉਨ੍ਹਾਂ ਦੀ ਪੇਸ਼ੀ ਪਹਿਲਾਂ 13 ਜਨਵਰੀ ਨੂੰ ਹੋਣੀ ਸੀ, ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 6 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।
ਫਿਲਮਾਂ ਛੱਡ ਜੀ ਰਹੇ ਸਨ 'ਸ਼ਾਂਤ ਜੀਵਨ'
ਜ਼ਿਕਰਯੋਗ ਹੈ ਕਿ ਡੈਨੀਅਲ ਸਟਰਨ ਕਾਫੀ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਸਨ। ਉਨ੍ਹਾਂ ਨੇ ਆਪਣੀ ਪਤਨੀ ਨਾਲ ਸਕੂਨ ਭਰੀ ਜ਼ਿੰਦਗੀ ਬਿਤਾਉਣ ਲਈ ਹਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਵੈਂਚੁਰਾ ਦੇ ਇੱਕ ਫਾਰਮ ਹਾਊਸ ਵਿੱਚ ਖੇਤੀਬਾੜੀ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰ ਰਹੇ ਸਨ। ਅਦਾਕਾਰ ਨੇ ਦਾਅਵਾ ਕੀਤਾ ਸੀ ਕਿ 80 ਅਤੇ 90 ਦੇ ਦਹਾਕੇ ਦੀ ਸਫਲਤਾ ਦੌਰਾਨ ਉਨ੍ਹਾਂ ਨੇ ਇੰਨੀ ਕਮਾਈ ਕਰ ਲਈ ਸੀ ਕਿ ਉਨ੍ਹਾਂ ਨੂੰ ਹੁਣ ਕੰਮ ਕਰਨ ਦੀ ਲੋੜ ਨਹੀਂ ਹੈ।
‘ਹੋਮ ਅਲੋਨ’ ਦੇ ‘ਮਾਰਵ’ ਵਜੋਂ ਮਿਲੀ ਸੀ ਪਛਾਣ
ਡੈਨੀਅਲ ਸਟਰਨ ਨੂੰ ਅੱਜ ਵੀ 1990 ਦੀ ਕਲਾਸਿਕ ਫਿਲਮ ‘ਹੋਮ ਅਲੋਨ’ ਵਿੱਚ ‘ਵੇਟ ਬੈਂਡਿਟ’ ਦੇ ਕਿਰਦਾਰ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਫਿਲਮ ਵਿੱਚ ਇੱਕ ਅਜਿਹੇ ਅਪਰਾਧੀ ਦੀ ਭੂਮਿਕਾ ਨਿਭਾਈ ਸੀ ਜੋ ਚੋਰੀ ਕਰਨ ਲਈ ਘਰ ਵਿੱਚ ਵੜਦਾ ਹੈ। ਇਸ ਤੋਂ ਇਲਾਵਾ ਉਹ ‘ਬ੍ਰੇਕਿੰਗ ਅਵੇ’, ‘ਸਿਟੀ ਸਲਿਕਰਸ’ ਅਤੇ ‘ਦਿ ਵੰਡਰ ਈਅਰਜ਼’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।
