ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦਾ ਲੋਕਾਂ ਨੂੰ ਸਰਪ੍ਰਾਈਜ਼, ਕੀਤਾ ਇਹ ਐਲਾਨ
Wednesday, Jul 22, 2020 - 09:28 AM (IST)

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਲੱਗਦਿਆਂ ਵੀ ਪੰਜਾਬੀ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪੰਜਾਬੀ ਅਦਾਕਾਰਾ ਤੇ ਮਾਡਲ ਸਰਗੁਣ ਮਹਿਤਾ ਹੁਣ ਬਹੁਤ ਹੀ ਜਲਦ ਹੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨਾਲ ਗੀਤ 'ਤਿਤਲੀਆਂ' 'ਚ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਿਸ ਦੀ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ 'ਚ ਹਾਰਡੀ ਸੰਧੂ ਨਾਲ ਅਫਸਾਨਾ ਖਾਨ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਗੁਣ ਮਹਿਤਾ ਮਨਿੰਦਰ ਬੁੱਟਰ ਨਾਲ ਗੀਤ 'ਲਾਰੇ' 'ਚ ਨਜ਼ਰ ਆਏ ਸਨ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਬਾਦਸ਼ਾਹ ਦੇ ਇੱਕ ਗਾਣੇ 'ਚ ਵੀ ਸਰਗੁਣ ਮਹਿਤਾ ਨਜ਼ਰ ਆਏ ਸਨ। ਇਸ ਗੀਤ 'ਚ ਉਨ੍ਹਾਂ ਦੇ ਪਤੀ ਰਵੀ ਦੁਬੇ ਵੀ ਵਿਖਾਈ ਦਿੱਤੇ ਸਨ।
ਸਰਗੁਣ ਮਹਿਤਾ ਪੰਜਾਬੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਸਰਗਰਮ ਹਨ। ਹਾਲ ਹੀ 'ਚ ਉਹ ਬੀਨੂੰ ਢਿੱਲੋਂ ਨਾਲ ਫ਼ਿਲਮ 'ਝੱਲੇ' 'ਚ ਵਿਖਾਈ ਦਿੱਤੇ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਹੋਰ ਫ਼ਿਲਮ 'ਕਿਸਮਤ-2' ਦਾ ਪੋਸਟਰ ਸਾਂਝਾ ਕੀਤਾ ਸੀ। ਇਹ ਫ਼ਿਲਮ 'ਕਿਸਮਤ' ਦਾ ਸੀਕਵਲ ਹੈ। ਇਸ ਦੇ ਨਾਲ ਹੀ ਉਹ ਐਮੀ ਵਿਰਕ ਅਤੇ ਨਿਮਰਤ ਖਹਿਰਾ ਨਾਲ ਫ਼ਿਲਮ 'ਸੌਂਕਣ ਸੌਂਕਣੇ' 'ਚ ਵੀ ਨਜ਼ਰ ਆਉਣਗੇ।