ਸੁਰਾਂ ਦੇ ਸਿਕੰਦਰ ਨੂੰ ਆਖ਼ਰੀ ਸਲਾਮ, ਸ਼ਰਧਾਂਜਲੀ ਸਮਾਗਮ ''ਚ ਨਮ ਅੱਖਾਂ ਨਾਲ ਪਹੁੰਚੇ ਪੰਜਾਬੀ ਕਲਾਕਾਰ
Sunday, Mar 07, 2021 - 06:01 PM (IST)
ਖੰਨਾ- ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਨੇ 24 ਫਰਵਰੀ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ। ਅੱਜ 7 ਮਾਰਚ 2021 ਐਤਵਾਰ ਨੂੰ ਅਨਾਜ਼ ਮੰਡੀ, ਜੀ.ਟੀ.ਰੋਡ ਖੰਨਾ ਵਿਖੇ ਸ਼ਰਦੂਰ ਸਿਕੰਦਰ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। ਸ਼ਰਧਾਂਜਲੀ ਸਮਾਗਮ 'ਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਅਤੇ ਆਮ ਲੋਕ ਪਹੁੰਚੇ।
ਪਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਵੀ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਸਰਦੂਲ ਨੂੰ ਆਪਣੇ ਚਰਨਾਂ ਵੀ ਜਗ੍ਹਾ ਦੇਣ ਇਸ ਤਰ੍ਹਾਂ, ਸਤਵਿੰਦਰ ਬਿੱਟੀ, ਪੰਮੀ ਬਾਈ, ਸੁਰਿੰਦਰ ਲਾਡੀ, ਵੀਤ ਬਲਜੀਤ, ਬੂਟਾ ਮੁਹੰਮਦ ਸਣੇ ਕਈ ਨਾਮੀ ਸਿਤਾਰੇ ਸਵ. ਸਰਦੂਰ ਸਿਕੰਦਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਸਨ। ਦੱਸ ਦੇਈਏ ਕਿ ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ 'ਚ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ। ਸਰਦੂਰ ਸਿਕੰਦਰ ਦੀ ਮੌਤ ਨਾਲ ਪੰਜਾਬੀ ਇੰਡਸਟਰੀ, ਪਰਿਵਾਰ ਅਤੇ ਆਮ ਜਨਤਾ ਨੂੰ ਉਨ੍ਹਾਂ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ।
ਦੱਸ ਦੇਈਏ ਕਿ ਸਾਲ 1980 ਦੇ ਸ਼ੁਰੂਆਤੀ ਦੌਰ 'ਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਸਦਕਾ ਰੇਡੀਓ ਅਤੇ ਟੀਲੀਵਿਜ਼ਨ ਰਾਹੀਂ ਆਗਾਜ਼ ਕਰਨ ਵਾਲੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅੱਜ ਅਲਵਿਦਾ ਆਖ ਗਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ 'ਚ ਜਨਮੇ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸੰਗੀਤ ਜਗਤ ਦੇ ਇਸ ਲਾਸਾਨੀ ਸਿਤਾਰੇ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ, ਜਿਸ 'ਚ ‘ਜੱਗਾ ਡਾਕੂ’ ਦਾ ਨਾਂ ਖਾਸ ਹੈ। ਆਪਣੇ ਇਸ ਸੰਗੀਤਕ ਸਫ਼ਰ 'ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ, ਜੋ ਅੱਜ ਵੀ ਉਨ੍ਹਾਂ ਸਮਿਆਂ ਦੇ ਲੋਕਾਂ ਦੀ ਜ਼ਬਾਨ 'ਤੇ ਸ਼ਰਾਬੋਰ ਹਨ। ਸਾਲ 1991 'ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ 'ਹੁਸਨ ਦੇ ਮਾਲਕੋ' ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆਂ ਘੁੰਮਦਿਆਂ ਉਨ੍ਹਾਂ ਆਪਣੇ ਸੰਗੀਤ 'ਚ ਇੱਕ ਵੱਖਰਾ ਟੇਸਟ ਅਤੇ ਸਟਾਈਲ ਲਿਆਂਦਾ।1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਦੇ ਨਾਲ ਹੋਈ। ਇਹ ਕਿਸਮਤ ਹੀ ਸੀ ਜਿਸਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਉਹਨਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ ਦੋਵਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।