ਮਹਾਰਾਸ਼ਟਰ ਦੇ ਮੰਤਰੀ ਖ਼ਿਲਾਫ਼ ਸਮੀਰ ਵਾਨਖੇੜੇ ਦੀ ਭੈਣ ਨੇ ਦਰਜ ਕਰਵਾਈ ਸ਼ਿਕਾਇਤ, ਲਾਏ ਗੰਭੀਰ ਦੋਸ਼
Friday, Oct 29, 2021 - 11:03 AM (IST)
ਮੁੰਬਈ (ਬਿਊਰੋ) - ਐੱਨ. ਸੀ. ਬੀ. ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਦੀ ਭੈਣ ਯਾਸਮੀਨ ਵਾਨਖੇੜੇ ਨੇ ਖੁਦ ਨੂੰ ਬਦਨਾਮ ਕਰਨ ਦੇ ਦੋਸ਼ 'ਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਕਰਦਿਆਂ ਪੁਲਸ ਕੋਲ ਸ਼ਿਕਾਇਤ ਦਾਖਲ ਕਰਵਾਈ ਹੈ। ਅਧਿਕਾਰੀ ਅਨੁਸਾਰ ਓਸ਼ੀਵਾਰਾ ਪੁਲਸ ਥਾਣੇ 'ਚ ਦਰਜ ਕਰਵਾਈ ਗਈ 2 ਸਫਿਆਂ ਦੀ ਸ਼ਿਕਾਇਤ 'ਚ ਯਾਸਮੀਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕੌਮੀ ਮਹਿਲਾ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਅਤੇ ਬੇਨਤੀ ਕੀਤੀ ਕਿ ਉਹ ਪੁਲਸ ਨੂੰ ਪਿੱਛਾ ਕਰਨ, ਮਾਣਹਾਨੀ, ਅਪਰਾਧਕ ਧਮਕੀ ਦੇਣ ਅਤੇ ਇਕ ਔਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਅਪਰਾਧ ਦੇ ਨਾਲ-ਨਾਲ ਸੂਚਨਾ ਤਕਨੀਕ ਦੀਆਂ ਸਬੰਧਤ ਧਾਰਾਵਾਂ ਅਧੀਨ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਕਰਨ ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਹੁਕਮ ਦੇਵੇ।
ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਨੇ ਵੀਰਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖੀ, ਜਿਸ 'ਚ ਉਨ੍ਹਾਂ ਆਪਣੇ ਪਰਿਵਾਰ ਅਤੇ ਨਿੱਜੀ ਜੀਵਨ 'ਤੇ ਹੋ ਰਹੇ ਹਮਲਿਆਂ ਨੂੰ ਵੇਖਦਿਆਂ ਇਨਸਾਫ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿਟਰ 'ਤੇ ਚਿੱਠੀ ਸਾਂਝੀ ਕਰਦੇ ਹੋਏ ਇਸ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫਤਰ ਨੂੰ 'ਟੈਗ' ਕੀਤਾ। ਉਨ੍ਹਾਂ ਕਿਹਾ ਕਿ ਇਕ ਮਰਾਠੀ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਇਨਸਾਫ ਦੀ ਆਸ ਰੱਖਦੀ ਹਾਂ ਕਿਉਂਕਿ ਮੇਰੀ ਨਿੱਜੀ ਜ਼ਿੰਦਗੀ ਦਾ ਗੈਰ-ਜ਼ਰੂਰੀ ਤੌਰ 'ਤੇ ਤਮਾਸ਼ਾ ਬਣਾਇਆ ਜਾ ਰਿਹਾ ਹੈ। ਅੱਜ ਜੇ ਸਵਰਗੀ ਬਾਲਾ ਸਾਹਿਬ ਠਾਕਰੇ ਜ਼ਿੰਦਾ ਹੁੰਦੇ ਤਾਂ ਕਿਸੇ ਔਰਤ ਦੇ ਮਾਣ-ਸਨਮਾਨ 'ਤੇ ਅਜਿਹੇ ਨਿੱਜੀ ਹਮਲੇ ਬਰਦਾਸ਼ਤ ਨਾ ਕਰਦੇ। ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਅਗਵਾਈ ਦੇ ਮਾਰਗਦਰਸ਼ਕ ਦੇ ਰੂਪ 'ਚ ਵੇਖਦੀ ਹਾਂ।''
ਐੱਨ. ਸੀ. ਬੀ. ਦਾ ਗਵਾਹ ਕਿਰਨ ਗੋਸਾਵੀ ਗ੍ਰਿਫ਼ਤਾਰ
ਆਰੀਅਨ ਖ਼ਾਨ ਡਰੱਗਜ਼ ਮਾਮਲੇ 'ਚ ਕੁਝ ਦਿਨਾਂ ਤੋਂ ਫਰਾਰ ਚੱਲ ਰਹੇ ਐੱਨ. ਸੀ. ਬੀ. ਦੇ ਗਵਾਹ ਕਿਰਨ ਗੋਸਾਵੀ ਨੂੰ ਵੀਰਵਾਰ ਸਵੇਰੇ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪੁਣੇ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਧੋਖਾਦੇਹੀ ਦੇ ਦੋਸ਼ ਦੀ ਜਾਂਚ ਦੇ ਮਾਮਲੇ 'ਚ ਸਵੇਰੇ 5 ਵਜੇ ਉਸ ਨੂੰ ਫੜ੍ਹਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।