ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ

Saturday, Aug 13, 2022 - 02:22 PM (IST)

ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੇ ਇਕ ਗੁਆਂਢੀ ਤੋਂ ਪ੍ਰੇਸ਼ਾਨ ਹਨ। ਮਾਮਲਾ ਬਾਂਬੇ ਹਾਈ ਕੋਰਟ ਤਕ ਜਾ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਲਮਾਨ ਖ਼ਾਨ ਵਲੋਂ ਦੱਸਿਆ ਗਿਆ ਕਿ ਪਨਵੇਲ ਫਾਰਮਹਾਊਸ ਦੇ ਉਨ੍ਹਾਂ ਦੇ ਗੁਆਂਢੀ ਕੇਤਨ ਕੱਕੜ ਦੇ ਸੋਸ਼ਲ ਮੀਡੀਆ ਪੋਸਟ ਨਾ ਸਿਰਫ ਮਾਨਹਾਨੀ ਵਾਲੇ ਹਨ, ਸਗੋਂ ਭਾਈਚਾਰੇ ਨੂੰ ਭੜਕਾਉਣ ਵਾਲੇ ਵੀ ਹਨ।

ਸਲਮਾਨ ਖ਼ਾਨ ਦੀ ਪਟੀਸ਼ਨ ’ਤੇ ਜਸਟਿਸ ਸੀ. ਵੀ. ਭਾੜੰਗ ਨੇ ਸੁਣਵਾਈ ਕੀਤੀ। ਇਹ ਅਪੀਲ ਸਲਮਾਨ ਨੇ ਮਾਰਚ, 2022 ’ਚ ਸਿਵਲ ਕੋਰਟ ਦੇ ਆਰਡਰ ਨੂੰ ਚੈਲੰਜ ਕਰਦਿਆਂ ਦਾਇਰ ਕੀਤੀ ਸੀ। ਕੋਰਟ ਨੇ ਕੱਕੜ ਖ਼ਿਲਾਫ਼ ਸਲਮਾਨ ਖ਼ਾਨ ਵਲੋਂ ਦਾਇਰ ਮਾਨਹਾਨੀ ਦੇ ਮਾਮਲੇ ’ਚ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਕੇਸ ਸਲਮਾਨ ਨੇ ਕੱਕੜ ਖ਼ਿਲਾਫ਼ ਉਨ੍ਹਾਂ ਵੀਡੀਓਜ਼ ਨੂੰ ਲੈ ਕੇ ਦਾਇਰ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਦਿਖਾਇਆ ਸੀ ਕਿ ਅਦਾਕਾਰ ਆਪਣੇ ਪਨਵੇਲ ਸਥਿਤ ਫਾਰਮਹਾਊਸ ’ਚ ਕੀ-ਕੀ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਸਲਮਾਨ ਖ਼ਾਨ ਨੇ ਕੋਰਟ ਕੋਲੋਂ ਮੰਗ ਕੀਤੀ ਸੀ ਕਿ ਕੇਤਨ ਕੱਕੜ ਨੂੰ ਇਹ ਵੀਡੀਓ ਹਟਾਉਣ ਦਾ ਹੁਕਮ ਦਿੱਤਾ ਜਾਵੇ। ਨਾਲ ਹੀ ਉਸ ਨੂੰ ਅੱਗੇ ਵੀ ਅਦਾਕਾਰ ’ਤੇ ਕੋਈ ਕੁਮੈਂਟ ਕਰਨ ਤੋਂ ਰੋਕਿਆ ਜਾਵੇ। ਜਦੋਂ ਸਿਵਲ ਕੋਰਟ ਨੇ ਅਜਿਹਾ ਆਰਡਰ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਸਲਮਾਨ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਸ਼ੁੱਕਰਵਾਰ ਨੂੰ ਸਲਮਾਨ ਖ਼ਾਨ ਦੇ ਵਕੀਲ ਰਵੀ ਕਦਮ ਨੇ ਕਿਹਾ ਕਿ ਸਿਵਲ ਕੋਰਟ ਦਾ ਹੁਕਮ ਨਾ ਦੇਣਾ ਗਲਤ ਸੀ। ਉਨ੍ਹਾਂ ਕਿਹਾ, ‘‘ਕੱਕੜ ਨੇ ਜਿਹੜੀ ਵੀਡੀਓ ਅਪਲੋਡ ਕੀਤੀ ਹੈ, ਉਹ ਪੂਰੀ ਤਰ੍ਹਾਂ ਨਾਲ ਅਟਕਲਾਂ ਹਨ। ਉਹ ਵੀਡੀਓ ਨਾ ਸਿਰਫ ਮਾਨਹਾਨੀ ਵਾਲੀ ਹੈ, ਸਗੋਂ ਦਰਸ਼ਕਾਂ ਨੂੰ ਸਲਮਾਨ ਖ਼ਾਨ ਖ਼ਿਲਾਫ਼ ਭਾਈਚਾਰਕ ਰੂਪ ਨਾਲ ਉਕਸਾਉਣ ਵਾਲੀ ਵੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News