ਦਮਦਾਰ ਡਾਇਲਾਗਸ ਨਾਲ ਰਿਲੀਜ਼ ਹੋਇਆ ਪਰਿਣੀਤੀ ਦੀ ਫ਼ਿਲਮ ‘ਸਾਇਨਾ’ ਦਾ ਟਰੇਲਰ (ਵੀਡੀਓ)
Tuesday, Mar 09, 2021 - 04:10 PM (IST)
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਬਹੁਚਰਚਿਤ ਫ਼ਿਲਮ ‘ਸਾਇਨਾ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇੰਟਰਨੈਸ਼ਨਲ ਮਹਿਲਾ ਦਿਵਸ ਦੇ ਮੌਕੇ ’ਤੇ ਇਹ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟੀਜ਼ਰ ’ਚ ਪਹਿਲਾਂ ਹੀ ਕਈ ਦਮਦਾਰ ਡਾਇਲਾਗਸ ਬੋਲੇ ਗਏ ਸਨ। ਹੁਣ ਟਰੇਲਰ ’ਚ ਵੀ ਕਾਫ਼ੀ ਡਾਇਲਾਗਸ ਦਾ ਇਸਤੇਮਾਲ ਕੀਤਾ ਗਿਆ ਹੈ। ਲੋਕਾਂ ਨੂੰ ‘ਸਾਇਨਾ’ ਫ਼ਿਲਮ ਦਾ ਟਰੇਲਰ ਕਾਫ਼ੀ ਪਸੰਦ ਆ ਰਿਹਾ ਹੈ।
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਕਿਰਦਾਰ ’ਚ ਪਰਿਣੀਤੀ ਚੋਪੜਾ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ। ਟਰੇਲਰ ਦੀ ਸ਼ੁਰੂਆਤ ਸਾਇਨਾ ਦੀ ਮਾਂ ਦੇ ਕਿਰਦਾਰ ’ਚ ਨਜ਼ਰ ਆ ਰਹੀ ‘ਮੇਘਨਾ ਮਲਿਕ’ ਤੋਂ ਹੁੰਦੀ ਹੈ। ਮੇਘਨਾ ਇਕਦਮ ਹਰਿਆਣਵੀ ਅੰਦਾਜ਼ ’ਚ ਸਾਇਨਾ ਨੂੰ ਬੈਡਮਿੰਟਨ ਸਟਾਰ ਬਣਾਉਣ ਦੇ ਸੁਫ਼ਨੇ ਵੇਖਦੀ ਹੋਈ ਡਾਇਲਾਗ ਬੋਲਦੀ ਹੈ। ਮੇਘਨਾ ਮਲਿਕ ਦੀ ਐਕਟਿੰਗ ਵੀ ਦਮਦਾਰ ਨਜ਼ਰ ਆ ਰਹੀ ਹੈ। ਪਰਿਣੀਤੀ ਚੋਪੜਾ ਕਈ ਸੀਨ ’ਚ ਸਾਇਨਾ ਦੇ ਕਿਰਦਾਰ ’ਚ ਹਮੇਸ਼ਾ ਵਾਂਗ ਚੁਲਬੁਲੀ ਦੀ ਬਜਾਏ ਭੋਲੀ-ਭਾਲੀ ਜਿਹੀ ਨਜ਼ਰ ਆ ਆਉਂਦੀ ਹੈ। ਸਾਇਨਾ ਦੇ ਕੋਚ ਪੁਲੇਲਾ ਗੋਪੀਚੰਦ ਦੇ ਕਿਰਦਾਰ ’ਚ ਮਾਨਵ ਕੌਲ ਹਮੇਸ਼ਾ ਵਾਂਗ ਬੇਹੱਦ ਪ੍ਰੌਮਿਸਿੰਗ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਸਾਇਨਾ ਨੇਹਵਾਲ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਬੈਡਮਿੰਟਨ ਖਿਡਾਰੀ ਹੈ, ਜਿਸ ਨੇ ਸਾਲ 2012 ਲੰਡਨ ਓਲੰਪਿਕ ’ਚ ਕਾਂਸੇ ਦਾ ਤਮਗਾ ਜਿੱਤਿਆ ਸੀ। ਇਹ ਫ਼ਿਲਮ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਹੈ। ਅਮੋਲ ਗੁਪਤਾ ਵਲੋਂ ਨਿਰਦੇਸ਼ਤ ਇਹ ਫ਼ਿਲਮ 26 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।