ਨਹੀਂ ਰਹੇ ‘ਹੈਰੀ ਪੌਟਰ’ ਦੇ ਹੈਗਰਿਡ, 72 ਸਾਲ ਦੀ ਉਮਰ ’ਚ ਹੋਇਆ ਦਿਹਾਂਤ

Saturday, Oct 15, 2022 - 10:51 AM (IST)

ਨਹੀਂ ਰਹੇ ‘ਹੈਰੀ ਪੌਟਰ’ ਦੇ ਹੈਗਰਿਡ, 72 ਸਾਲ ਦੀ ਉਮਰ ’ਚ ਹੋਇਆ ਦਿਹਾਂਤ

ਮੁੰਬਈ (ਬਿਊਰੋ)– ਹਾਲੀਵੁੱਡ ਫ਼ਿਲਮ ਸੀਰੀਜ਼ ‘ਹੈਰੀ ਪੌਟਰ’ ’ਚ ਹੈਗਰਿਡ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸਕਾਟਿਸ਼ ਅਦਾਕਾਰ ਰੌਬੀ ਕੋਲਟ੍ਰਨ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ‘ਹੈਰੀ ਪੌਟਰ’ ਤੋਂ ਇਲਾਵਾ ਉਹ ਆਈ. ਟੀ. ਵੀ. ਦੇ ਜਾਸੂਸੀ ਡਰਾਮਾ ‘ਕ੍ਰੈਕਰ’ ਤੇ ‘ਜੇਮਸ ਬਾਂਡ’ ਦੀਆਂ ਫ਼ਿਲਮਾਂ ‘ਗੋਲਡਨ ਆਈ’ ਤੇ ‘ਦਿ ਵਰਲਡ ਇਜ਼ ਨੌਟ ਇਨਫ’ ’ਚ ਵੀ ਦਿਖਾਈ ਦਿੱਤੇ ਸਨ।

ਇਕ ਬਿਆਨ ’ਚ ਉਨ੍ਹਾਂ ਦੀ ਏਜੰਟ ਬੇਲਿੰਡਾ ਰਾਈਟ ਨੇ ਪੁਸ਼ਟੀ ਕੀਤੀ ਕਿ ਅਦਾਕਾਰ ਦੀ ਮੌਤ ਸਕਾਟਲੈਂਡ ’ਚ ਫਲਕਿਰਕ ਦੇ ਹਸਪਤਾਲ ’ਚ ਹੋਈ। ਉਨ੍ਹਾਂ ਨੇ ਕੋਲਟ੍ਰਨ ਨੂੰ ਇਕ ‘ਅਦਭੁੱਤ ਪ੍ਰਤਿਭਾ’ ਦਾ ਧਨੀ ਦੱਸਿਆ। ਹੈਗਰਿਡ ਦੇ ਰੂਪ ’ਚ ਉਸ ਦੀ ਭੂਮਿਕਾ ਨੂੰ ਜੋੜਦਿਆਂ ਉਨ੍ਹਾਂ ਕਿਹਾ ਕਿ ਉਹ ਦੁਨੀਆ ਭਰ ’ਚ ਬੱਚਿਆਂ ਤੇ ਵੱਡਿਆਂ ਵਿਚਾਲੇ ਸਨਮਾਨ ਨਾਲ ਯਾਦ ਕੀਤੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਹੈਲਮੇਟ ਜਾਂ ਮਾਸਕ ਨਹੀਂ, ਇਸ ਵਾਰ ਰਾਜ ਕੁੰਦਰਾ ਨੇ ਛਾਣਨੀ ਨਾਲ ਲੁਕਾਇਆ ਮੂੰਹ, ਲੋਕ ਬੋਲੇ- ‘ਹੱਦ ਹੋ ਗਈ’

‘ਹੈਰੀ ਪੌਟਰ’ ਦੀ ਲੇਖਕਾ ਜੇ. ਕੇ. ਰਾਊਟਿੰਗ ਨੇ ਵੀ ਟਵਿਟਰ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਊਲਿੰਗ ਨੇ ਕੋਲਟ੍ਰਨ ਨੂੰ ਅਦਭੁੱਤ ਪ੍ਰਤਿਭਾ ਦੱਸਿਆ। ਰਾਊਲਿੰਗ ਨੇ ਲਿਖਿਆ, ‘‘ਮੈਂ ਰੌਬੀ ਦੀ ਤਰ੍ਹਾਂ ਮੁੜ ਕਦੇ ਕਿਸੇ ਨੂੰ ਇਸ ਤਰ੍ਹਾਂ ਨਾਲ ਨਹੀਂ ਜਾਣ ਪਾਵਾਂਗੀ। ਉਹ ਇਕ ਅਦਭੁੱਤ ਪ੍ਰਤਿਭਾ ਸਨ। ਉਹ ਆਪਣੀ ਤਰ੍ਹਾਂ ਦੇ ਇਕਲੌਤੇ ਸਨ ਤੇ ਮੈਂ ਉਨ੍ਹਾਂ ਨੂੰ ਜਾਣਨ, ਉਨ੍ਹਾਂ ਨਾਲ ਕੰਮ ਕਰਨ ਤੇ ਉਨ੍ਹਾਂ ਨਾਲ ਹੱਸਣ ਲਈ ਖ਼ੁਦ ਨੂੰ ਭਾਗਸ਼ਾਲੀ ਮੰਨਦੀ ਹਾਂ। ਮੈਂ ਉਨ੍ਹਾਂ ਦੇ ਸਾਰੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਲਈ ਆਪਣਾ ਪਿਆਰ ਤੇ ਡੂੰਘਾ ਦੁੱਖ ਪ੍ਰਗਟਾਉਂਦੀ ਹਾਂ।’’

ਡਰਾਮਾ ਸੀਰੀਜ਼ ’ਚ ਸ਼ਾਨਦਾਰ ਕੰਮ ਕਰਨ ਲਈ ਉਨ੍ਹਾਂ ਨੂੰ 2006 ’ਚ ਓ. ਬੀ. ਈ. ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ 2011 ’ਚ ਫ਼ਿਲਮ ’ਚ ਸ਼ਾਨਦਾਰ ਯੋਗਦਾਨ ਲਈ ਬਾਫਟਾ ਸਕਾਟਲੈਂਡ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News