ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਈਡੀ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ, 7 ਤੋਂ 8 ਘੰਟੇ ਹੋ ਸਕਦੀ ਹੈ ਪੁੱਛਗਿੱਛ

08/07/2020 12:33:53 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਤੇ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਨੇ ਵੀਰਵਾਰ ਨੂੰ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ। ਇਸ 'ਚ ਰਿਆ ਚੱਕਰਵਰਤੀ ਸਮੇਤ 6 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀ. ਬੀ. ਆਈ. ਨੇ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਉਥੇ ਹੀ ਸ਼ੁੱਕਰਵਾਰ ਨੂੰ ਰਿਆ ਚੱਕਰਵਰਤੀ ਪੁੱਛਗਿੱਛ ਲਈ ਈਡੀ ਦਫ਼ਤਰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਰਿਆ ਨੇ ਉੱਚ ਅਦਾਲਤ 'ਚ ਸੁਣਵਾਈ ਦਾ ਹਵਾਲਾ ਦੇ ਕੇ ਸਮਾਂ ਮੰਗਿਆ ਸੀ। ਹਾਲਾਂਕਿ ਈਡੀ ਨੇ ਕਿਹਾ ਕਿ ਉਸ ਨੂੰ ਅੱਜ ਆਉਣਾ ਹੋਵੇਗਾ, ਜਿਸ ਤੋਂ ਬਾਅਦ ਉਹ ਕੋਰਟ ਪਹੁੰਚੀ ਹੈ।


ਈਡੀ ਦਫ਼ਤਰ ਪਹੁੰਚੀ ਰਿਆ
ਰਿਆ ਚੱਕਰਵਰਤੀ ਪੁੱਛਗਿੱਛ ਲਈ ਈਡੀ ਦੇ ਦਫ਼ਤਰ ਪਹੁੰਚ ਗਈ ਹੈ। ਉਸ 'ਤੇ ਸੁਸ਼ਾਂਤ ਦੇ ਪੈਸੇ ਹੱੜਪਣ ਤੇ ਅਦਾਕਾਰ ਦੇ ਖ਼ਾਤੇ 'ਚੋਂ 15 ਕਰੋੜ ਰੁਪਏ ਕਢਵਾਉਣ ਦਾ ਦੋਸ਼ ਹੈ। ਉਸ ਤੋਂ ਮਨੀ ਲਾਂਡਿੰਗ ਮਾਮਲੇ 'ਚ ਵੀ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਉਸ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ 'ਤੇ ਈਡੀ ਨੇ ਕਿਹਾ ਸੀ ਕਿ ਉਸ ਨੂੰ ਅੱਜ ਪੇਸ਼ ਹੋਣਾ ਹੀ ਪਵੇਗਾ।

ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫਨਾਮਾ
ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫਨਾਮਾ, ਜਿਸ 'ਚ ਕਿਹਾ ਗਿਆ ਕਿ ਅਦਾਕਾਰਾ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਦੇ ਮੈਂਬਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੰਪਰਕ 'ਚ ਉਸ ਦੇ ਪੈਸੇ ਹੱੜਪਣ ਲਈ ਹੀ ਆਏ ਸਨ ਅਤੇ ਕਿਹਾ ਕਿ ਬਾਅਦ 'ਚ ਉਨ੍ਹਾਂ ਸੁਸ਼ਾਂਤ ਦੀ ਮਾਨਸਿਕ ਬਿਮਾਰੀ ਦੀ ਝੂਠੀ ਅਫ਼ਵਾਹ ਤਿਆਰ ਕੀਤੀ। ਸੁਸ਼ਾਂਤ ਫ਼ਿਲਮ ਉਦਯੋਗ ਛੱਡਣਾ ਤੇ ਜੈਵਿਕ ਖ਼ੇਤੀ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਸੁਸ਼ਾਂਤ ਨੂੰ ਇਹ ਕਹਿੰਦੇ ਹੋਏ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਸੁਸ਼ਾਂਤ ਦੀ ਮੈਡੀਕਲ ਰਿਪੋਰਟ ਮੀਡੀਆ ਨੂੰ ਸੌਂਪ ਦੇਵੇਗੀ ਤੇ ਉਸ ਨੂੰ ਪਾਗਲ ਸਾਬਿਤ ਕਰੇਗੀ। ਫ਼ਿਰ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਮਿਲੇਗਾ।

8 ਜੂਨ ਨੂੰ ਸੁਸ਼ਾਂਤ ਨੂੰ ਇਕੱਲਾ ਘਰ 'ਚ ਛੱਡ ਚਲੀ ਗਈ ਰਿਆ ਚੱਕਰਵਰਤੀ
08.06.2020 ਨੂੰ ਰਿਆ ਨੇ ਆਪਣੇ ਨਕਦੀ, ਲੈਪਟੋਪ, ਕ੍ਰੇਡਿਟ ਕਾਰਡ ਦੇ ਮਹੱਤਵਪੂਰਨ ਦਸਤਾਵੇਜ ਖੋਹ ਲਏ ਤੇ ਸੁਸ਼ਾਂਤ ਦੇ ਘਰੋਂ ਚਲੀ ਗਈ। ਇਹ ਜਾਣਕਾਰੀ ਸੁਸ਼ਾਂਤ ਨੇ ਆਪਣੀ ਭੈਣ ਨੂੰ ਦਿੱਤੀ ਤੇ ਕਿਹਾ ਜੇਕਰ ਮੈਂ ਰਿਆ ਨੂੰ ਹੋਰ ਪੈਸੇ ਨਾ ਦਿੱਤੇ ਤਾਂ ਉਹ ਮੈਨੂੰ ਬੁਰੀ ਤਰ੍ਹਾਂ ਫਸਾ ਦੇਵੇਗੀ।

14 ਜੂਨ ਨੂੰ ਸੁਸ਼ਾਂਤ ਨੇ ਕੀਤੀ ਖ਼ੁਦਕੁਸ਼ੀ
14.06.2020 ਨੂੰ ਸੁਸ਼ਾਂਤ ਨੇ ਰਿਆ ਦੀਆਂ ਇਨ੍ਹਾਂ ਹਰਕਤਾਂ ਕਾਰਨ ਖ਼ੁਦਕੁਸ਼ੀ ਕਰ ਲਈ। ਇਹ ਵੀ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਇਲਾਜ ਕਰਵਾਉਣ ਵਾਲੇ ਡਾਕਟਰ ਵੀ ਯਾਚਿਕਾ ਕਰਤਾ ਨਾਲ ਸਾਜਿਸ਼ 'ਚ ਸ਼ਾਮਲ ਸੀ। ਇਹ ਵੀ ਦੱਸਿਆ ਗਿਆ ਕਿ ਇੱਕ ਸਾਲ ਪਹਿਲਾਂ ਸੁਸ਼ਾਂਤ ਦੇ ਕੋਟਕ ਬੈਂਕ ਖ਼ਾਤੇ 'ਚ 17 ਕਰੋੜ ਸਨ। ਇਹਨਾਂ ਵਿੱਚੋਂ 15 ਕਰੋੜ ਰੁਪਏ ਉਹਨਾਂ ਲੋਕਾਂ ਦੇ ਖ਼ਾਤਿਆਂ ਵਿਚ ਟ੍ਰਾਂਸਫਰ ਕੀਤੇ ਗਏ ਸਨ, ਜਿਹੜੇ ਸੁਸ਼ਾਂਤ ਨੂੰ ਨਹੀਂ ਜਾਣਦੇ ਸਨ।  


sunita

Content Editor

Related News