ਕਈਆਂ ਨੂੰ ਕੌੜੀਆਂ ਲੱਗਣੀਆਂ ਰਣਜੀਤ ਬਾਵਾ ਦੀਆਂ ਗੀਤ ‘ਬੈਨਡ’ ’ਚ ਕਹੀਆਂ ਸੱਚੀਆਂ ਗੱਲਾਂ (ਵੀਡੀਓ)
Saturday, Aug 22, 2020 - 03:00 PM (IST)
ਜਲੰਧਰ (ਬਿਊਰੋ)- ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਬਹੁਤ ਘੱਟ ਲੋਕ ਸੱਚ ਲਿਖਣ ਤੇ ਗਾਉਣ ਦਾ ਜਿਗਰਾ ਰੱਖਦੇ ਹਨ ਤੇ ਗੀਤਕਾਰ ਕਾਬਲ ਸਰੂਪਵਾਲੀ ਤੇ ਗਾਇਕ ਰਣਜੀਤ ਬਾਵਾ ਉਨ੍ਹਾਂ ਗਿਣੇ-ਚੁਣੇ ਗਾਇਕਾਂ ਤੇ ਗੀਤਕਾਰਾਂ ’ਚੋਂ ਇਕ ਹਨ, ਜੋ ਸੱਚ ਲਿਖਣ ਤੇ ਗਾਉਣ ’ਚ ਬਿਲਕੁਲ ਝਿਜਕ ਮਹਿਸੂਸ ਨਹੀਂ ਕਰਦੇ।
ਹਾਲ ਹੀ ’ਚ ਰਣਜੀਤ ਬਾਵਾ ਦਾ ਨਵਾਂ ਗੀਤ ‘ਬੈਨਡ’ ਰਿਲੀਜ਼ ਹੋਇਆ ਹੈ। ਜੋ ਅਜਿਹੀਆਂ ਕਈ ਸੱਚੀਆਂ ਗੱਲਾਂ ਬਿਆਨ ਕਰ ਰਿਹਾ ਹੈ, ਜਿਸ ਨੂੰ ਸੁਣ ਕਈਆਂ ਨੂੰ ਸ਼ਾਇਦ ਇਹ ਕੌੜੀਆਂ ਵੀ ਜ਼ਰੂਰ ਲੱਗਣ। ਗੀਤ ’ਚ ਗਾਇਕੀ, ਰਾਜਨੀਤੀ, ਨੌਜਵਾਨੀ ਤੇ ਹੋਰਨਾਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਗੱਲ ਕਰਨ ਤੋਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਡਰਦੀਆਂ ਹਨ। ‘ਬੈਨਡ’ ਗੀਤ ਰਣਜੀਤ ਬਾਵਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤਕ 3 ਲੱਖ ਦੇ ਕਰੀਬ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਸੀ। ਗੀਤ ਦਾ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ ਤੇ ਵੀਡੀਓ ਧੀਮਾਨ ਪ੍ਰੋਡਕਸ਼ਨਜ਼ ਵਲੋਂ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਰਣਜੀਤ ਬਾਵਾ ਦੇ ਵਿਵਾਦਿਤ ਗੀਤ ‘ਮੇਰਾ ਕੀ ਕਸੂਰ’ ’ਤੇ ਹੋਏ ਵਿਰੋਧ ਤੇ ਖਬਰਾਂ ਦਾ ਜ਼ਿਕਰ ਵੀ ਇਸ ਗੀਤ ’ਚ ਕੀਤਾ ਗਿਆ ਹੈ, ਜਿਸ ਦੀ ਝਲਕ ਗੀਤ ਦੀ ਵੀਡੀਓ ਦੇਖ ਕੇ ਸਾਫ ਪਤਾ ਚੱਲਦੀ ਹੈ। ‘ਮੇਰਾ ਕੀ ਕਸੂਰ’ ਕੁਝ ਧਾਰਮਿਕ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਰਣਜੀਤ ਬਾਵਾ ਵਲੋਂ ਡਿਲੀਟ ਕਰ ਦਿੱਤਾ ਗਿਆ ਸੀ। ਰਣਜੀਤ ਬਾਵਾ ਵਲੋਂ ਅੱਗੇ ਵੀ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਕਮਰਸ਼ੀਅਲ ਗੀਤ ਗਾਉਣ ਦੇ ਨਾਲ-ਨਾਲ ਉਹ ਇਹੋ-ਜਿਹੇ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਦੇ ਹੋਰ ਗੀਤ ਵੀ ਭਵਿੱਖ ’ਚ ਲੈ ਕੇ ਆਉਂਦੇ ਰਹਿਣਗੇ।