ਰਾਣੀ ਮੁਖਰਜੀ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਰਾਜ਼: ਮਾਪੇ ਕਰਵਾਉਣਾ ਚਾਹੁੰਦੇ ਸਨ ਛੋਟੀ ਉਮਰੇ ਵਿਆਹ
Thursday, Jan 22, 2026 - 07:10 PM (IST)
ਮੁੰਬਈ- ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰਾਣੀ ਮੁਖਰਜੀ ਇਸ ਸਾਲ ਫਿਲਮ ਇੰਡਸਟਰੀ ਵਿੱਚ ਆਪਣੇ 30 ਸਾਲ ਪੂਰੇ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਰਾਣੀ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਕੁਝ ਅਜਿਹੇ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਪ੍ਰਸ਼ੰਸਕਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ।
"ਮਾਪੇ ਨਹੀਂ ਦੇਖਦੇ ਸਨ ਮੇਰੇ ਲਈ ਕੋਈ ਸਪਨਾ"
ਯਸ਼ਰਾਜ ਸਟੂਡੀਓ ਵਿੱਚ ਆਪਣੇ ਪੁਰਾਣੇ ਦੋਸਤ ਅਤੇ ਫਿਲਮ ਮੇਕਰ ਕਰਨ ਜੌਹਰ ਨਾਲ ਗੱਲਬਾਤ ਕਰਦਿਆਂ ਰਾਣੀ ਮੁਖਰਜੀ ਕਾਫੀ ਭਾਵੁਕ ਹੋ ਗਈ। ਉਸ ਨੇ ਦੱਸਿਆ ਕਿ ਭਾਵੇਂ ਉਹ ਇੱਕ ਫਿਲਮੀ ਪਰਿਵਾਰ ਨਾਲ ਸਬੰਧ ਰੱਖਦੀ ਸੀ, ਪਰ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਵਧੀਆ ਨਹੀਂ ਸਨ। ਰਾਣੀ ਅਨੁਸਾ ਉਸ ਦੇ ਪਿਤਾ ਰਾਮ ਮੁਖਰਜੀ ਇੱਕ ਫਿਲਮ ਨਿਰਮਾਤਾ ਸਨ, ਪਰ ਘਰ ਦਾ ਖਰਚਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਪਰਿਵਾਰ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਸਿਰਫ ਮੁੰਡਿਆਂ (ਰਾਣੀ ਦੇ ਭਰਾ) ਦੀ ਮੰਨੀ ਜਾਂਦੀ ਸੀ। ਰਾਣੀ ਦੇ ਮਾਪਿਆਂ ਨੇ ਉਸ ਦੇ ਕਰੀਅਰ ਲਈ ਕਦੇ ਕੋਈ ਸਪਨਾ ਨਹੀਂ ਦੇਖਿਆ ਸੀ, ਸਗੋਂ ਉਹ ਚਾਹੁੰਦੇ ਸਨ ਕਿ ਬਹੁਤ ਘੱਟ ਉਮਰ ਵਿੱਚ ਰਾਣੀ ਦਾ ਵਿਆਹ ਕਰ ਦਿੱਤਾ ਜਾਵੇ।
ਮਾਂ ਦੇ ਕਹਿਣ 'ਤੇ ਰੱਖਿਆ ਫਿਲਮਾਂ 'ਚ ਕਦਮ
ਰਾਣੀ ਮੁਖਰਜੀ ਨੇ ਦੱਸਿਆ ਕਿ ਉਸ ਦੀ ਪਹਿਲੀ ਫਿਲਮ ‘ਰਾਜਾ ਕੀ ਆਏਗੀ ਬਾਰਾਤ’ (1996) ਉਸ ਨੂੰ ਕਿਸਮਤ ਨਾਲ ਮਿਲੀ ਸੀ। ਰਾਣੀ ਮੁਖਰਜੀ ਦੇ ਅਨੁਸਾਰ ਇਸ ਫਿਲਮ ਦਾ ਪ੍ਰਸਤਾਵ ਉਸ ਦੇ ਪਿਤਾ ਦੇ ਦੋਸਤ ਸਲੀਮ ਅਖਤਰ ਨੇ ਦਿੱਤਾ ਸੀ। ਉਸ ਦੀ ਮਾਂ ਨੇ ਉਸ ਨੂੰ ਇਹ ਫਿਲਮ ਕਰਨ ਲਈ ਜ਼ੋਰ ਪਾਇਆ ਕਿਉਂਕਿ ਉਹ ਜਾਣਦੀ ਸੀ ਕਿ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਇਹ ਇੱਕ ਚੰਗਾ ਮੌਕਾ ਹੈ। ਰਾਣੀ ਨੇ ਕਿਹਾ ਕਿ ਉਸ ਸਮੇਂ ਉਸ ਨੂੰ ਅਹਿਸਾਸ ਨਹੀਂ ਸੀ, ਪਰ ਹੁਣ ਸਮਝ ਆਉਂਦੀ ਹੈ ਕਿ ਉਸ ਦੀ ਮਾਂ ਘਰ ਦੇ ਹਾਲਾਤ ਬਦਲਣਾ ਚਾਹੁੰਦੀ ਸੀ।
'ਮਰਦਾਨੀ 3' ਨਾਲ ਵਾਪਸੀ ਦੀ ਤਿਆਰੀ
ਹਾਲਾਂਕਿ ਰਾਣੀ ਦੀ ਪਹਿਲੀ ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਰਹੀ ਸੀ, ਪਰ ਇਸ ਨੇ ਉਸ ਲਈ 'ਗੁਲਾਮ' ਅਤੇ 'ਕੁਛ ਕੁਛ ਹੋਤਾ ਹੈ' ਵਰਗੀਆਂ ਵੱਡੀਆਂ ਫਿਲਮਾਂ ਦੇ ਰਸਤੇ ਖੋਲ੍ਹ ਦਿੱਤੇ ਸਨ। ਅੱਜ ਕੱਲ੍ਹ ਰਾਣੀ ਮੁਖਰਜੀ ਆਪਣੀ ਆਉਣ ਵਾਲੀ ਫਿਲਮ ‘ਮਰਦਾਨੀ 3’ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ ਅਤੇ ਜਲਦ ਹੀ ਸਿਨੇਮਾਘਰਾਂ ਵਿੱਚ ਵਾਪਸੀ ਕਰੇਗੀ। ਹਾਲ ਹੀ ਵਿੱਚ ਇੱਕ ਸਟੇਜ ਈਵੈਂਟ ਦੌਰਾਨ ਉਹ ਕਰਨ ਜੌਹਰ ਦਾ ਧੰਨਵਾਦ ਕਰਦੇ ਹੋਏ ਭਾਵੁਕ ਵੀ ਹੋ ਗਈ ਸੀ।
