ਤਲਾਕ ਅਤੇ ਵਿਵਾਦਾਂ ਕਾਰਨ ਗੁਮਨਾਮ ਹੋਈ ‘ਰੰਗੀਲਾ ਗਰਲ’ ਉਰਮਿਲਾ ਮਾਤੋਂਡਕਰ, ਹੁਣ ਓ.ਟੀ.ਟੀ. ਰਾਹੀਂ ਵਾਪਸੀ ਦੀ ਤਿਆਰੀ
Wednesday, Feb 04, 2026 - 12:04 PM (IST)
ਮੁੰਬਈ - ਬਾਲੀਵੁੱਡ ਦੀ ‘ਰੰਗੀਲਾ ਗਰਲ’ ਵਜੋਂ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਜਿਸ ਨੇ ਇਕ ਦੌਰ 'ਚ ਆਪਣੀ ਅਦਾਕਾਰੀ ਅਤੇ ਡਾਂਸ ਨਾਲ ਲੱਖਾਂ ਦਿਲਾਂ 'ਤੇ ਰਾਜ ਕੀਤਾ ਸੀ, ਹੁਣ ਇਕ ਵਾਰ ਫਿਰ ਦਰਸ਼ਕਾਂ ਦੇ ਸਨਮੁਖ ਹੋਣ ਲਈ ਤਿਆਰ ਹੈ। ਰਾਜਨੀਤੀ ਦੇ ਗਲਿਆਰਿਆਂ 'ਚ ਕਿਸਮਤ ਅਜ਼ਮਾਉਣ ਤੋਂ ਬਾਅਦ, ਉਰਮਿਲਾ ਹੁਣ ਓ.ਟੀ.ਟੀ. ਪਲੇਟਫਾਰਮਾਂ ਰਾਹੀਂ ਵਾਪਸੀ ਕਰਨ ਜਾ ਰਹੀ ਹੈ, ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।
ਉਰਮਿਲਾ ਦਾ ਜਨਮ 4 ਫਰਵਰੀ 1974 ਨੂੰ ਮੁੰਬਈ ਦੇ ਇਕ ਮੱਧ-ਵਰਗੀ ਪਰਿਵਾਰ 'ਚ ਹੋਇਆ ਸੀ। ਬਚਪਨ 'ਚ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਮਹਿਜ਼ 6 ਸਾਲ ਦੀ ਉਮਰ 'ਚ ਫਿਲਮ 'ਕਰਮ' ਰਾਹੀਂ ਬਾਲ ਕਲਾਕਾਰ ਵਜੋਂ ਕੰਮ ਸ਼ੁਰੂ ਕੀਤਾ ਅਤੇ ਬਾਅਦ 'ਚ 'ਮਾਸੂਮ' ਵਰਗੀਆਂ ਫਿਲਮਾਂ 'ਚ ਨਜ਼ਰ ਆਏ। ਬਾਲੀਵੁੱਡ 'ਚ ਉਨ੍ਹਾਂ ਨੂੰ ਅਸਲ ਪਛਾਣ 1995 ਦੀ ਫਿਲਮ 'ਰੰਗੀਲਾ' ਤੋਂ ਮਿਲੀ, ਜਿਸ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ 'ਸਤਿਆ', 'ਮਸਤ' ਅਤੇ 'ਕੌਨ' ਵਰਗੀਆਂ ਕਈ ਯਾਦਗਾਰੀ ਫਿਲਮਾਂ ਦਿੱਤੀਆਂ।
ਉਰਮਿਲਾ ਦੇ ਕਰੀਅਰ 'ਚ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਦਾ ਅਹਿਮ ਯੋਗਦਾਨ ਰਿਹਾ ਅਤੇ ਦੋਵਾਂ ਨੇ ਲਗਭਗ 13 ਫਿਲਮਾਂ 'ਚ ਇਕੱਠੇ ਕੰਮ ਕੀਤਾ। ਹਾਲਾਂਕਿ, ਲੰਬੇ ਸਮੇਂ ਤੱਕ ਇਕੋ ਨਿਰਦੇਸ਼ਕ ਨਾਲ ਕੰਮ ਕਰਨ ਕਾਰਨ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਅਤੇ ਸੈੱਟ 'ਤੇ ਹੋਣ ਵਾਲੇ ਵਿਵਾਦਾਂ ਕਾਰਨ ਉਨ੍ਹਾਂ ਦਾ ਫਿਲਮੀ ਕਰੀਅਰ ਪ੍ਰਭਾਵਿਤ ਹੋਣ ਲੱਗਾ। ਸਾਲ 2005 ਤੋਂ ਬਾਅਦ ਉਨ੍ਹਾਂ ਦਾ ਕਰੀਅਰ ਹੌਲੀ-ਹੌਲੀ ਡੁੱਬਦਾ ਚਲਾ ਗਿਆ।
ਉਰਮਿਲਾ ਨੇ ਸਾਲ 2016 'ਚ ਆਪਣੇ ਤੋਂ 9 ਸਾਲ ਛੋਟੇ ਕਾਰੋਬਾਰੀ ਮੋਹਸਿਨ ਅਖਤਰ ਮੀਰ ਨਾਲ ਅੰਤਰ-ਧਰਮੀ ਵਿਆਹ ਕੀਤਾ ਸੀ, ਜਿਸ ਦੀ ਕਾਫੀ ਆਲੋਚਨਾ ਹੋਈ। 8 ਸਾਲਾਂ ਬਾਅਦ ਇਹ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ ਅਤੇ ਸਾਲ 2024 'ਚ ਉਰਮਿਲਾ ਨੇ ਤਲਾਕ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ, ਜੋ ਕਿ ਆਪਸੀ ਸਹਿਮਤੀ ਨਾਲ ਨਹੀਂ ਹੋ ਰਿਹਾ। ਫਿਲਮਾਂ ਤੋਂ ਦੂਰੀ ਬਣਾ ਕੇ ਉਨ੍ਹਾਂ ਨੇ 2019 ਵਿੱਚ ਕਾਂਗਰਸ ਵੱਲੋਂ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਅੱਜ ਉਹ ਆਪਣੀ ਪੁਰਾਣੀ ਸ਼ੋਹਰਤ ਤੋਂ ਦੂਰ ਇੱਕ ਗੁਮਨਾਮ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹਨ।
