ਮੁਸੀਬਤ ’ਚ ਘਿਰੇ ਰਣਦੀਪ ਹੁੱਡਾ, ਸਕ੍ਰਿਪਟ ਰਾਈਟਰ ਨੇ ਨੋਟਿਸ ਭੇਜ ਕੀਤੀ 10 ਕਰੋੜ ਦੇ ਹਰਜਾਨੇ ਦੀ ਮੰਗ

08/18/2021 1:23:40 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਕਿਸੇ ਵਿਵਾਦ ’ਚ ਫਸੇ ਹੋਏ ਜਾਪਦੇ ਹਨ। ਉਸ ’ਤੇ ਪ੍ਰਿਆ ਸ਼ਰਮਾ ਨਾਂ ਦੀ ਇਕ ਲੇਖਕ ਤੇ ਗੀਤਕਾਰ ਨੇ ਉਸ ਦੀਆਂ ਕਈ ਸਕ੍ਰਿਪਟਾਂ ਵਾਪਸ ਨਾ ਕਰਨ ਤੇ ਉਸ ਨੂੰ ਧਮਕਾਉਣ ਦਾ ਦੋਸ਼ ਲਗਾਇਆ ਹੈ। ਪ੍ਰਿਆ ਸ਼ਰਮਾ ਨੇ ਦੋਸ਼ ਲਾਇਆ ਕਿ ਰਣਦੀਪ ਹੁੱਡਾ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਮਿਲ ਕੇ ਕੰਮ ਕਰਨ ਦਾ ਜ਼ੁਬਾਨੀ ਵਾਅਦਾ ਕਰਕੇ ਉਨ੍ਹਾਂ ਤੋਂ 15 ਸਾਲਾਂ ਦੀ ਸਖ਼ਤ ਮਿਹਨਤ ਨਾਲ ਸਕ੍ਰਿਪਟਾਂ ਤੇ ਗਾਣੇ ਲਿਖਵਾਉਂਦੇ ਰਹੇ ਪਰ ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਝਾਂਸਾ ਦਿੰਦੇ ਰਹੇ ਤੇ ਹੁਣ ਵੀ ਇਹ ਸਕ੍ਰਿਪਟ ਵਾਪਸ ਨਹੀਂ ਕੀਤੀ ਜਾ ਰਹੀ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪ੍ਰਿਆ ਨੇ ਰਣਦੀਪ ਤੇ ਹੋਰਨਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ 10 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਸ ਕੋਲੋਂ ਜਨਤਕ ਮੁਆਫ਼ੀ ਮੰਗਣ ਲਈ ਕਿਹਾ ਹੈ।

ਗੁਜਰਾਤ ਦੀ ਵਸਨੀਕ ਪ੍ਰਿਆ ਸ਼ਰਮਾ ਵਲੋਂ ਅਦਾਕਾਰ ਰਣਦੀਪ ਹੁੱਡਾ, ਉਸ ਦੀ ਮਾਂ ਆਸ਼ਾ ਹੁੱਡਾ, ਮਨਦੀਪ ਹੁੱਡਾ, ਡਾ. ਅੰਜਲੀ ਹੁੱਡਾ ਸਾਂਗਵਾਨ, ਮਨੀਸ਼ (ਡਾ. ਅੰਜਲੀ ਦੇ ਕਾਰੋਬਾਰੀ ਸਾਥੀ), ਪੰਜਾਲੀ ਚੱਕਰਵਰਤੀ (ਰਣਦੀਪ ਦੀ ਮੈਨੇਜਰ) ਤੇ ਰੇਣੁਕਾ ਨੂੰ ਨੋਟਿਸ ਭੇਜਿਆ ਗਿਆ ਹੈ।

ਪ੍ਰਿਆ ਸ਼ਰਮਾ ਨੇ ਇਹ ਕਾਨੂੰਨੀ ਨੋਟਿਸ ਆਪਣੇ ਵਕੀਲ ਰਜਤ ਕਲਸਨ ਰਾਹੀਂ ਭੇਜਿਆ ਹੈ। ਕਿਹਾ ਗਿਆ ਹੈ ਕਿ ਉਹ 2012 ’ਚ ਫੇਸਬੁੱਕ ਰਾਹੀਂ ਰਣਦੀਪ ਹੁੱਡਾ ਦੇ ਸੰਪਰਕ ’ਚ ਆਈ ਸੀ, ਜਿਸ ਤੋਂ ਬਾਅਦ ਉਹ ਦੋਸਤ ਬਣ ਗਏ ਤੇ ਇਥੋਂ ਤਕ ਕਿ ਪਰਿਵਾਰਕ ਗੱਲਾਂ ਵੀ ਹੋਣ ਲੱਗੀਆਂ। ਗੱਲਬਾਤ ਦੌਰਾਨ ਪ੍ਰਿਆ ਨੇ ਰਣਦੀਪ ਹੁੱਡਾ ਦੀ ਮਾਂ ਨੂੰ ਦੱਸਿਆ ਕਿ ਉਸ ਨੇ ਰਣਦੀਪ ਨੂੰ ਧਿਆਨ ’ਚ ਰੱਖਦਿਆਂ ਪਿਛਲੇ 8 ਸਾਲਾਂ ’ਚ ਕਈ ਸਕ੍ਰਿਪਟਾਂ ਲਿਖੀਆਂ ਹਨ ਤੇ ਉਹ ਫ਼ਿਲਮ ਬਣਾਉਣ ਲਈ ਰਣਦੀਪ ਨਾਲ ਉਨ੍ਹਾਂ ਨੂੰ ਸਾਂਝਾ ਕਰਨਾ ਚਾਹੁੰਦੀ ਹੈ। ਇਸ ’ਤੇ ਰਣਦੀਪ ਦੀ ਮਾਂ ਨੇ ਉਸ ਨੂੰ ਕਿਹਾ, ‘ਤੁਸੀਂ ਆਪਣੇ ਹੋ, ਤੁਸੀਂ ਘਰ ਦੇ ਹੋ।’ ਸਾਡਾ ਪ੍ਰੋਡਕਸ਼ਨ ਹਾਊਸ ਜਲਦ ਹੀ ਆਉਣ ਵਾਲਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਸਕ੍ਰਿਪਟ ਪੰਜਾਲੀ ਤੇ ਰੇਣੁਕਾ ਨੂੰ ਭੇਜਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਦਾ ਵਾਇਰਲ ਟਵੀਟ, ‘ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ ਕੰਗਨਾ ਰਣੌਤ’

ਉਸ ਦਾ ਦੋਸ਼ ਹੈ ਕਿ ਰਣਦੀਪ ਦੀ ਮਾਂ ਦੇ ਪ੍ਰਭਾਵ ਤੇ ਭਰੋਸੇ ਦੇ ਤਹਿਤ ਉਸ ਨੇ ਆਪਣੀ ਸਕ੍ਰਿਪਟ ਇੰਡੀਆ ਪੋਸਟ ਦੁਆਰਾ ਸਾਲ 2013 ’ਚ ਫਰੀਦਾਬਾਦ ਦੇ ਡਾਕ ਪਤੇ ’ਤੇ ਭੇਜੀ ਸੀ। ਰੇਣੁਕਾ ਨੇ ਸਕ੍ਰਿਪਟ ਪੇਸ਼ ਕਰਨ ਲਈ ਹਿਸਾਰ ’ਚ ਰਣਦੀਪ ਤੋਂ ਜ਼ੁਬਾਨੀ ਸਹਿਮਤੀ ਲਈ। ਇਸ ਤੋਂ ਬਾਅਦ ਪ੍ਰਿਆ ਨੇ ਰੇਣੁਕਾ ਦੇ ਈ-ਮੇਲ ਪਤੇ ’ਤੇ ਸਾਰੀਆਂ ਸਕ੍ਰਿਪਟਾਂ (200 ਗੀਤ ਤੇ 50 ਕਹਾਣੀਆਂ) ਵੀ ਭੇਜੀਆਂ। ਇਸ ਤੋਂ ਬਾਅਦ ਪੰਜਾਲੀ ਦੀ ਈ-ਮੇਲ ਵੀ ਉਸ ਨੂੰ ਭੇਜੀ ਗਈ ਤੇ ਉਸ ਨੇ ਈ-ਮੇਲ ਪ੍ਰਾਪਤ ਹੋਣ ਦੀ ਪੁਸ਼ਟੀ ਵੀ ਕੀਤੀ।

ਉਸ ਨੇ ਨੋਟਿਸ ’ਚ ਕਿਹਾ ਕਿ ਇਹ ਉਸ ਦੀ 15 ਸਾਲਾਂ ਦੀ ਸਖ਼ਤ ਮਿਹਨਤ ਸੀ ਪਰ ਭਰੋਸੇ ਦੇ ਬਾਵਜੂਦ ਉਸ ਦੀਆਂ ਸਕ੍ਰਿਪਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਸ਼ੁਰੂ ਹੋ ਗਿਆ। ਉਹ ਕਹਿੰਦੀ ਹੈ ਕਿ ਸਕ੍ਰਿਪਟ ਦੀਆਂ ਸਾਰੀਆਂ ਕਾਪੀਆਂ ਅਸਲ ’ਚ ਸਨ। ਵਾਰ-ਵਾਰ ਸੰਪਾਦਨ ਕਰਨ ਤੇ ਕਾਗਜ਼ਾਂ ਦੀ ਲੋੜੀਂਦੀ ਮਾਤਰਾ ਦੇ ਕਾਰਨ ਉਸ ਦੁਆਰਾ ਸਕ੍ਰਿਪਟ ਦੀ ਕੋਈ ਹਾਰਡ ਕਾਪੀ ਨਹੀਂ ਰੱਖੀ ਗਈ ਸੀ। ਉਸ ਕੋਲ ਸਿਰਫ ਉਹ ਸਕ੍ਰਿਪਟਾਂ ਹਨ, ਜਿਹੜੀਆਂ ਉਸ ਦੁਆਰਾ ਪੈੱਨ ਡਰਾਈਵ ’ਚ ਸੁਰੱਖਿਅਤ ਕੀਤੀਆਂ ਗਈਆਂ ਸਨ, ਜੋ ਕਿ ਪਿਛਲੇ 15 ਸਾਲਾਂ ਦੇ ਉਸ ਦੇ ਰਚਨਾਤਮਕ ਕੰਮ ਦਾ ਸਿਰਫ 50 ਫੀਸਦੀ ਹੈ।

ਪ੍ਰਿਆ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਸ ਨੇ ਰੇਣੁਕਾ ਤੋਂ ਆਪਣੀਆਂ ਸਕ੍ਰਿਪਟਾਂ ਵਾਪਸ ਮੰਗੀਆਂ ਤਾਂ ਉਸ ਨੂੰ ਵਾਪਸ ਨਹੀਂ ਦਿੱਤੀਆਂ ਗਈਆਂ। ਜਦੋਂ ਉਸ ਨੇ ਇਸ ਬਾਰੇ ਰਣਦੀਪ ਦੀ ਮੈਨੇਜਰ ਪੰਜਾਲੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਬੇਬੁਨਿਆਦ ਬਹਾਨੇ ਬਣਾਉਂਦੇ ਹੋਏ ਹਮਲਾਵਰ ਸੁਰ ਤੇ ਅਪਮਾਨਜਨਕ ਭਾਸ਼ਾ ਨਾਲ ਜਵਾਬ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News