ਰਣਦੀਪ ਹੁੱਡਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਹੋਏ ਦਾਖ਼ਲ
Thursday, Aug 27, 2020 - 10:06 AM (IST)

ਮੁੰਬਈ (ਵੈੱਬ ਡੈਸਕ) — 'ਸਰਬਜੀਤ' ਫੇਮ ਅਦਾਕਾਰ ਰਣਦੀਪ ਹੁੱਡਾ ਬੁੱਧਵਾਰ ਦੀ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਬਾਹਰ ਨਜ਼ਰ ਆਏ ਸਨ। ਫੋਟੋਗ੍ਰਾਫਰਜ਼ ਨੇ ਉਨ੍ਹਾਂ ਨੂੰ ਕੈਮਰੇ 'ਚ ਕੈਦ ਕੀਤਾ ਸੀ। ਰਣਦੀਪ ਹੁੱਡਾ ਨੇ ਕੈਮਰੇ ਵੱਲ ਦੇਖਦੇ ਹੋਏ ਹੱਥ ਵੀ ਹਿਲਾਇਆ ਸੀ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਲੱਗੇ। ਖ਼ਬਰਾਂ ਦੀ ਮੰਨੀਏ ਤਾਂ ਰਣਦੀਪ ਹੁੱਡਾ ਹਪਸਤਾਲ 'ਚ ਦਾਖ਼ਲ ਹੋਏ ਹਨ। ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਰਣਦੀਪ ਹੁੱਡਾ ਦੀ ਸਰਜਰੀ ਹੋਣੀ ਹੈ। ਇਸੇ ਕਰਕੇ ਉਹ ਹਸਪਤਾਲ 'ਚ ਦਾਖ਼ਲ ਹੋਏ ਹਨ। ਸਰਜਰੀ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ।
ਦੱਸ ਦਈਏ ਕਿ ਰਣਦੀਪ ਹੁੱਡਾ ਹੀ ਨਹੀਂ ਸਗੋਂ ਕੋਰੋਨਾ ਕਾਲ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੂੰ ਹਸਪਤਾਲ 'ਚ ਦਾਖ਼ਲ ਹੋਣਾ ਪਿਆ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਤੇ ਆਰਾਧਿਆ ਬੱਚਨ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਹੋਣਾ ਪਿਆ ਸੀ। ਉਥੇ ਹੀ ਕੁਝ ਦਿਨ ਪਹਿਲਾਂ ਸੰਜੇ ਦੱਤ ਵੀ ਹਸਪਤਾਲ 'ਚ ਦਾਖ਼ਲ ਹੋਏ ਸਨ। ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੈ।
ਦੱਸਣਯੋਗ ਹੈ ਕਿ ਰਣਦੀਪ ਹੁੱਡਾ ਬਾਲੀਵੁੱਡ ਦੇ ਫਿੱਟਨੈੱਸ ਅਦਾਕਾਰਾਂ 'ਚੋਂ ਇੱਕ ਹੈ। ਬੀਤੀ 20 ਅਗਸਤ ਨੂੰ ਹੀ ਉਨ੍ਹਾਂ ਨੇ ਆਪਣਾ 44ਵਾਂ ਜਨਮਦਿਨ ਮਨਾਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵਧਾਈਆਂ ਦਿੱਤੀਆਂ ਸਨ।