ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਨਿਰਦੇਸ਼ਕ ਰਾਜੀਵ ਕੁਮਾਰ ਨੇ ਆਪਣੇ ਅਗਲੇ ਪ੍ਰਾਜੈਕਟ ਦਾ ਕੀਤਾ ਐਲਾਨ

05/23/2022 1:25:34 PM

ਚੰਡੀਗੜ੍ਹ (ਬਿਊਰੋ)– ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਨਿਰਦੇਸ਼ਕ ਰਾਜੀਵ ਕੁਮਾਰ ਨੇ ਇਸ ਦੀਵਾਲੀ ’ਤੇ ਸਿਨੇਮਾਘਰਾਂ ’ਚ ਆਉਣ ਵਾਲੀ ਆਪਣੀ ਅਗਲੀ ਪੰਜਾਬੀ ਫ਼ਿਲਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਪਹਿਲੀ ਸੱਚਮੁੱਚ ਨਾਰੀਵਾਦੀ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ, ਕਹਾਣੀ ਚਾਰ ਔਰਤ ਪਾਤਰਾਂ ਤੇ ਉਨ੍ਹਾਂ ਦੇ ਜੀਵਨ ’ਚ ਉਤਾਰ-ਚੜ੍ਹਾਅ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ’ਚ ਸ਼ਾਮਲ ਔਰਤ ਪਾਤਰ ਇਕ ਟਰੱਕ ਡਰਾਈਵਰ ਹਨ, ਇਕ ਟੈਲੀਵਿਜ਼ਨ ਪੱਤਰਕਾਰ, ਇਕ ਯੂਨੀਵਰਸਿਟੀ ਦੀ ਵਿਦਿਆਰਥੀ ਤੇ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ’ਤੇ ਕੰਮ ਕਰਨ ਵਾਲਾ ਇਕ ਐੱਨ. ਆਰ. ਆਈ. ਰਿਸਰਚ ਸਕਾਲਰ ਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)

ਫ਼ਿਲਮ ਦੀ ਕਹਾਣੀ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਦੋਵਾਂ ਇਲਾਕਿਆਂ ’ਤੇ ਆਧਾਰਿਤ ਹੈ ਤੇ ਆਰਥਿਕ ਤੌਰ ’ਤੇ ਅਮੀਰ ਰਾਜ ’ਚ ਔਰਤਾਂ ਦੀ ਅਧੀਨਗੀ ਤੇ ਸ਼ੋਸ਼ਣ ਦੇ ਸਭ ਤੋਂ ਸੰਵੇਦਨਸ਼ੀਲ ਵਿਸ਼ਿਆਂ ਨੂੰ ਛੂੰਹਦੀ ਹੈ। ਨਿਰਦੇਸ਼ਕ ਰਾਜੀਵ ਕੁਮਾਰ ਨੇ ਕਿਹਾ, ‘‘ਮੈਂ ਇਹ ਫ਼ਿਲਮ ਬਣਾਉਣਾ ਕਾਫੀ ਲੰਬੇ ਸਮੇਂ ਤੋਂ ਚਾਹੁੰਦਾ ਸੀ। ਮੈਂ ਗੈਰ-ਕਾਨੂੰਨੀ ਪਰਵਾਸ, ਦਲਿਤ ਸਿੱਖਾਂ ਦੀ ਦੁਰਦਸ਼ਾ, ਬੰਧੂਆ ਮਜ਼ਦੂਰੀ ਵਰਗੇ ਕਈ ਅਣਜਾਣ ਵਿਸ਼ਿਆਂ ਨੂੰ ਛੂਹਿਆ ਹੈ, ਇਹ ਪਹਿਲੀ ਵਾਰ ਹੈ, ਜਦੋਂ ਮੈਂ ਸੱਚਮੁੱਚ ਔਰਤ-ਕੇਂਦਰਿਤ ਫ਼ਿਲਮ ਬਣਾ ਰਿਹਾ ਹਾਂ।’’

ਫ਼ਿਲਮ ਦੀ ਸ਼ੂਟਿੰਗ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ। ਨਿਰਮਾਤਾ ਅਜੇ ਵੀ ਫ਼ਿਲਮ ’ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਫਾਈਨਲ ਕਰ ਰਹੇ ਹਨ। ਫ਼ਿਲਮ ਦਾ ਨਿਰਮਾਣ ਯੂ. ਕੇ. ਦੇ ਨਿਰਮਾਤਾ ਹਰਦੀਪ ਸਿੰਘ ਕਰ ਰਹੇ ਹਨ ਤੇ ਫ਼ਿਲਮ ਦਾ ਬੈਕਗਰਾਊਂਡ ਮਿਊਜ਼ਿਕ ਸੰਗੀਤ ਨਿਰਦੇਸ਼ਕ ਰਵੀ ਸ਼ੀਨ ਵਲੋਂ ਦਿੱਤਾ ਜਾਵੇਗਾ। ਫ਼ਿਲਮ ਦੀ ਸ਼ੂਟਿੰਗ ਲੁਧਿਆਣਾ ਤੇ ਇਸ ਦੇ ਆਲੇ-ਦੁਆਲੇ ਕੀਤੀ ਜਾਵੇਗੀ। ਫ਼ਿਲਮ ਦੇ ਕਈ ਹਿੱਸੇ ਇੰਗਲੈਂਡ ’ਚ ਵੀ ਸ਼ੂਟ ਕੀਤੇ ਜਾਣਗੇ।

PunjabKesari

ਫ਼ਿਲਮ ਮੇਕਿੰਗ ਦੀ ਆਪਣੀ ਨਵੀਂ ਪਹਿਲਕਦਮੀ ’ਤੇ ਬੋਲਦਿਆਂ ਹਰਦੀਪ ਸਿੰਘ ਨੇ ਕਿਹਾ, ‘‘ਮੈਂ ਹਮੇਸ਼ਾ ਤੋਂ ਹੀ ਆਪਣੇ ਗ੍ਰਹਿ ਰਾਜ ਪੰਜਾਬ ਨਾਲ ਕਿਸੇ ਤਰੀਕੇ ਨਾਲ ਜੁੜਨਾ ਚਾਹੁੰਦਾ ਸੀ ਤੇ ਫ਼ਿਲਮ ਨਿਰਮਾਣ ਦੇ ਖੇਤਰ ’ਚ ਕੰਮ ਕਰਨ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ। ਜੋ ਮੁੱਦਾ ਅਸੀਂ ਚੁਣਿਆ ਹੈ, ਉਹ ਵੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਅਜਿਹੀ ਕੋਈ ਫ਼ਿਲਮ ਨਹੀਂ ਹੈ, ਜਿਸ ਬਾਰੇ ਮੈਨੂੰ ਪਤਾ ਹੈ ਕਿ ਇਸ ਵਿਸ਼ੇ ’ਤੇ ਬਣਾਈ ਗਈ ਹੈ ਤੇ ਮੇਰੇ ਲਈ ਇਸ ਵਿਸ਼ੇ ਨੂੰ ਜ਼ਿੰਦਾ ਕਰਨ ਦੇ ਪ੍ਰਾਜੈਕਟ ਦਾ ਹਿੱਸਾ ਬਣਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ।’’

ਬਿਨਾਂ ਸਿਰਲੇਖ ਵਾਲੀ ਇਹ ਫ਼ਿਲਮ ਦੀਵਾਲੀ 2022 ’ਤੇ ਵੱਡੇ ਪਰਦੇ ’ਤੇ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News