ਅਨਿਰੁੱਧ ਦਵੇ ਸਟਾਰਰ ਥ੍ਰਿਲਰ ਫ਼ਿਲਮ ‘ਕੋਟਾ : ਦਿ ਰਿਜ਼ਰਵੇਸ਼ਨ’ ਨੂੰ ਲਾਂਚ ਕਰੇਗਾ ਬਾਬਾ ਪਲੇਅ
Wednesday, Nov 24, 2021 - 03:26 PM (IST)
ਮੁੰਬਈ (ਬਿਊਰੋ)– ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਵਿਚਾਰਧਾਰਾ ਦਾ ਸਨਮਾਨ ਕਰਨ ਵਾਲਾ ਡਿਜੀਟਲ ਸੋਸ਼ਲ ਪਲੇਟਫਾਰਮ ਬਾਬਾ ਪਲੇਅ, ਫ਼ਿਲਮ ਤੇ ਟੀ. ਵੀ. ਅਦਾਕਾਰ ਅਨਿਰੁੱਧ ਦਵੇ ਸਟਾਰਰ ਆਗਾਮੀ ਥ੍ਰਿਲਰ ਫ਼ਿਲਮ ‘ਕੋਟਾ’ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਫ਼ਿਲਮ ਫਰਸਟ ਯੀਅਰ ਦੇ ਉਸ ਦਲਿਤ ਵਿਦਿਆਰਥੀ ਦੀ ਕਹਾਣੀ ਦਰਸਾਉਂਦੀ ਹੈ, ਜਿਸ ਨਾਲ ਇਕ ਉੱਚ ਜਾਤੀ ਦੇ ਵਿਦਿਆਰਥੀ ਵਲੋਂ ਭੇਦਭਾਵ ਕੀਤਾ ਜਾਂਦਾ ਹੈ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਸਰੀਰਕ ਸ਼ੋਸ਼ਣ ਉਸ ਵਿਦਿਆਰਥੀ ਦੇ ਦਿਲੋ-ਦਿਮਾਗ ’ਤੇ ਇਕ ਨਾ ਮਿਟਣ ਵਾਲਾ ਨਿਸ਼ਾਨ ਛੱਡ ਦਿੰਦਾ ਹੈ।
ਹੇਠਲੀ ਜਾਤੀ ਦੇ ਵਿਦਿਆਰਥੀਆਂ ਨੂੰ ਉਦੇਸ਼ਪੂਰਨ ਤਰੀਕੇ ਨਾਲ ਟਾਰਗੇਟ ਕਰਨ ਦੇ ਖ਼ਿਲਾਫ਼ ਪੀੜਤ ਵਿਦਿਆਰਥੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੁੰਦਾ ਹੈ। ਉਸ ਦੇ ਇਸ ਜਵਾਬੀ ਹਮਲੇ ਨਾਲ ਦਲਿਤ ਵਿਦਿਆਰਥੀਆਂ ’ਚ ਇਕ ਵਿਦ੍ਰੋਹ ਪੈਦਾ ਹੁੰਦਾ ਹੈ, ਜੋ ਨਿਆਂ ਲਈ ਲੜਦੇ ਹਨ।
ਬਾਬਾ ਪਲੇਅ ਇਕ ਸੋਸ਼ਲ ਮੀਡੀਆ ਐਪ ਹੈ, ਜਿਸ ਦਾ ਉਦੇਸ਼ ਮਨੋਰੰਜਨ ਦੇ ਮਾਧਿਅਮ ਨਾਲ ਸਮਾਜ ਨੂੰ ਜਗਾਉਣਾ ਤੇ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਨੂੰ ਦੁਨੀਆ ਭਰ ’ਚ ਫੈਲਾਉਣਾ ਹੈ।
ਇਹ ਖ਼ਬਰ ਵੀ ਪੜ੍ਹੋ : ਬਾਡੀ ਸ਼ੇਮਿੰਗ ’ਤੇ ਰੁਬੀਨਾ ਦਿਲੈਕ ਨੇ ਟਰੋਲਰਜ਼ ਨੂੰ ਦਿੱਤਾ ਠੋਕਵਾਂ ਜਵਾਬ
ਇਹ ਫ਼ਿਲਮ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸੰਜੀਵ ਜਾਇਸਵਾਲ ਦੀ ਪੇਸ਼ਕਸ਼ ਹੈ, ਜੋ ਨਿਰਮਾਤਾ ਦੇ ਰੂਪ ’ਚ ਆਪਣੀ ਪਹਿਲੀ ਫ਼ਿਲਮ ‘ਫਰੇਬ’ (2005) ਲਈ ਬਿਹਤਰ ਜਾਣੇ ਜਾਂਦੇ ਹਨ। ਇਸ ਨੂੰ ਦੀਪਕ ਤਿਜੌਰੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਸੀ ਤੇ ਇਸ ’ਚ ਸ਼ਿਲਪਾ ਸ਼ੈੱਟੀ, ਸ਼ਮਿਤਾ ਸ਼ੈੱਟੀ ਤੇ ਮਨੋਜ ਬਾਜਪਾਈ ਮੁੱਖ ਭੂਮਿਕਾਵਾਂ ’ਚ ਨਜ਼ਰ ਆਏ ਸਨ।
ਬਾਬਾ ਪਲੇਅ ਬਾਰੇ ਗੱਲ ਕਰਦਿਆਂ ਜਾਇਸਵਾਲ ਨੇ ਕਿਹਾ, ‘ਇਹ ਵੱਡੇ ਬਦਲਾਅ ਦਾ ਸਾਧਨ ਹੋਵੇਗਾ ਤੇ ‘ਕੋਟਾ’ ਵਰਗੀਆਂ ਫ਼ਿਲਮਾਂ ਇਸ ਬਦਲਾਅ ਲਈ ਮਹੱਤਵਪੂਰਨ ਹਨ। ਸਾਡਾ ਮਕਸਦ ਅਰਥ ਤੇ ਉਦੇਸ਼ ਨਾਲ ਮਨੋਰੰਜਨ ਪ੍ਰਦਾਨ ਕਰਨਾ ਤੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਪੂਰੇ ਦੇਸ਼ ’ਚ ਫੈਲਾਉਣਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।