‘ਕਿਸਮਤ 2’ ਦਾ ਟਰੇਲਰ ਰਿਲੀਜ਼, ਸ਼ਿਵਾ ਤੇ ਬਾਨੀ ਦੀ ਮੁੜ ਦਿਸੀ ਖ਼ੂਬਸੂਰਤ ਕੈਮਿਸਟਰੀ (ਵੀਡੀਓ)

2021-09-13T13:18:46.667

ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਕਿਸਮਤ 2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਐਮੀ ਵਿਰਕ ਤੇ ਸਰਗੁਣ ਮਹਿਤਾ ਆਪਣੇ ਕਿਰਦਾਰਾਂ ਸ਼ਿਵਾ ਤੇ ਬਾਨੀ ਨਾਲ ਇਕ ਵਾਰ ਮੁੜ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਜਾ ਰਹੇ ਹਨ।

ਟਰੇਲਰ ਦੀ ਸ਼ੁਰੂਆਤ ’ਚ ਸਾਨੂੰ ਸਾਲ 2018 ’ਚ ਰਿਲੀਜ਼ ਹੋਈ ਫ਼ਿਲਮ ‘ਕਿਸਮਤ’ ਦਾ ਐਂਡਿੰਗ ਸੀਨ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਨਵੀਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਦੋਵਾਂ ਦੀ ਕੈਮਿਸਟਰੀ ਇਸ ਵਾਰ ਵੀ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ। ਜਿਥੇ ਟਰੇਲਰ ’ਚ ਸਾਨੂੰ ਮਸਤੀ-ਮਜ਼ਾਕ ਦੇਖਣ ਨੂੰ ਮਿਲਦਾ ਹੈ, ਉਥੇ ਰਵਾਉਣ ਵਾਲੇ ਦ੍ਰਿਸ਼ ਵੀ ਦੇਖਣ ਨੂੰ ਮਿਲਦੇ ਹਨ।

ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਜਗਦੀਪ ਸਿੰਘ ਸਿੱਧੂ ਦਾ ਹੈ। ਇਸ ਨੂੰ ਅੰਕਿਤ ਵਿਜਨ, ਨਵਦੀਪ ਨਰੂਲਾ ਤੇ ਜ਼ੀ ਸਟੂਡੀਓਜ਼ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਪ੍ਰੋਡਕਸ਼ਨ ਹਾਊਸ ਸ਼੍ਰੀ ਨਰੋਤਮ ਜੀ ਸਟੂਡੀਓਜ਼ ਦਾ ਹੈ।

ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਰੁਪਿੰਦਰ ਰੂਪੀ, ਅਮਿਤ ਅੰਬੀ, ਬਲਵਿੰਦਰ ਬੁਲਟ, ਹਰਪ੍ਰੀਤ ਬੈਂਸ, ਸਤਵੰਤ ਕੌਰ ਤੇ ਮਨਪ੍ਰੀਤ ਸਿੰਘ ਮੰਡੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਗੀਤਾਂ ਦੇ ਬੋਲ ਜਾਨੀ ਨੇ ਲਿਖੇ ਹਨ। ਦੱਸ ਦੇਈਏ ਕਿ ਫ਼ਿਲਮ ਦਾ ਟਰੇਲਰ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਉਥੇ ਫ਼ਿਲਮ ਦੇ ਗੀਤ ਟਿਪਸ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਹੋਣਗੇ। ਦੁਨੀਆ ਭਰ ’ਚ ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਕਿਸਮਤ 2’ ਦੇ ਟਰੇਲਰ ਨੂੰ ਲੈ ਕੇ ਤੁਹਾਡੀ ਰਾਏ ਕੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh