ਰੋਮਾਂਸ, ਕਾਮੇਡੀ ਤੇ ਜਜ਼ਬਾਤਾਂ ਦਾ ਮੇਲ ਹੈ ‘ਕਿਸਮਤ 2’
Wednesday, Sep 22, 2021 - 10:57 AM (IST)
ਪੰਜਾਬੀ ਫ਼ਿਲਮ ‘ਕਿਸਮਤ 2’ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਜਗਦੀਪ ਸਿੱਧੂ ਦਾ ਹੈ। ‘ਕਿਸਮਤ 2’ ਸਾਲ 2018 ’ਚ ਆਈ ਪੰਜਾਬੀ ਫ਼ਿਲਮ ‘ਕਿਸਮਤ’ ਦਾ ਹੀ ਸੀਕੁਅਲ ਹੈ।
ਫ਼ਿਲਮ ’ਚ ਐਮੀ ਤੇ ਸਰਗੁਣ ਤੋਂ ਇਲਾਵਾ, ਤਾਨੀਆ, ਹਰਦੀਪ ਗਿੱਲ, ਰੁਪਿੰਦਰ ਰੁਪੀ, ਅੰਮ੍ਰਿਤ ਐਂਬੀ, ਬਲਵਿੰਦਰ ਬੁਲੇਟ, ਹਰਪ੍ਰੀਤ ਬੈਂਸ, ਸਤਵੰਤ ਕੌਰ ਤੇ ਮਨਪ੍ਰੀਤ ਸਿੰਘ ਮੰਡੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਫ਼ਿਲਮ ਦੇ ਸਿਲਸਿਲੇ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਜਗਦੀਪ ਸਿੱਧੂ ਨਾਲ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ : ਕੀ ‘ਕਿਸਮਤ 2’ ’ਚ ਪੁਰਾਣੀ ਕਹਾਣੀ ਨੂੰ ਹੀ ਅੱਗੇ ਵਧਾਇਆ ਗਿਆ ਹੈ?
ਐਮੀ ਵਿਰਕ : ‘ਕਿਸਮਤ 2’ ਦਾ ਪਹਿਲੀ ਫ਼ਿਲਮ ‘ਕਿਸਮਤ’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਫ਼ਿਲਮ ਦਾ ਅਹਿਸਾਸ ਪਹਿਲੀ ਫ਼ਿਲਮ ਵਾਂਗ ਹੀ ਹੈ ਪਰ ਫ਼ਿਲਮ ਦੀ ਕਹਾਣੀ ਅਲੱਗ ਹੈ। ਪਹਿਲੀ ਫ਼ਿਲਮ ਵਾਂਗ ਇਸ ਵਾਰ ਵੀ ਤੁਹਾਨੂੰ ਰੋਮਾਂਸ, ਕਾਮੇਡੀ ਤੇ ਜਜ਼ਬਾਤ ਦੇਖਣ ਨੂੰ ਮਿਲਣਗੇ। ਇੰਝ ਕਹਿ ਲਓ ਕਿ ਬਾਨੀ ਤੇ ਸ਼ਿਵਾ ਦਾ ਦੂਜਾ ਜਨਮ ਹੋਇਆ ਹੈ।
ਸਵਾਲ : ‘ਕਿਸਮਤ’ ਤੇ ‘ਪਿਆਰ’ ਨੂੰ ਤੁਸੀਂ ਕਿੰਝ ਬਿਆਨ ਕਰੋਗੇ?
ਐਮੀ ਵਿਰਕ : ਮੈਨੂੰ ਲੱਗਦਾ ਹੈ ਕਿ ਜੋ ਕਿਸਮਤ ’ਚ ਲਿਖਿਆ ਹੈ, ਉਹ ਹੋਣਾ ਹੀ ਹੋਣਾ ਹੈ। ਹਾਂ, ਤੁਸੀਂ ਉਸ ਨੂੰ ਆਪਣੀ ਮਿਹਨਤ ਨਾਲ ਬਦਲ ਜ਼ਰੂਰ ਸਕਦੇ ਹੋ। ਜੇ ਤੁਹਾਡੀ ਕਿਸਮਤ ’ਚ ਸਫਲਤਾ ਲਿਖੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਘਰ ਬੈਠਿਆਂ ਹੀ ਮਿਲ ਜਾਵੇਗੀ। ਤੁਸੀਂ ਮਿਹਨਤ ਕਰਕੇ ਉਸ ਨੂੰ ਮਾੜੀ ਤੋਂ ਚੰਗੀ ਕਰ ਸਕਦੇ ਹੋ ਤੇ ਮਿਹਨਤ ਨਾ ਕਰਕੇ ਉਸ ਨੂੰ ਚੰਗੀ ਤੋਂ ਮਾੜੀ ਵੀ ਕਰ ਸਕਦੇ ਹੋ। ਬਾਕੀ ਜ਼ਿੰਦਗੀ ਦਾ ਨਾਂ ਹੀ ਪਿਆਰ ਹੈ। ਪਿਆਰ ਦੇ ਸਹਾਰੇ ਹੀ ਜ਼ਿੰਦਗੀ ਚੱਲਦੀ ਹੈ।
ਸਵਾਲ : ਤੁਸੀਂ ਆਪਣੀ ਅਸਲ ਜ਼ਿੰਦਗੀ ਦੀ ਪ੍ਰੇਮ ਕਹਾਣੀ ਨੂੰ ਕਿਵੇਂ ਬਿਆਨ ਕਰੋਗੇ?
ਸਰਗੁਣ ਮਹਿਤਾ : ਮੇਰੀ ਤੇ ਰਵੀ ਦੀ ਪ੍ਰੇਮ ਕਹਾਣੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਵਧੀਆ ਕਿਸਮਤ ਹੈ ਕਿ ਮੈਨੂੰ ਰਵੀ ਮਿਲ ਗਿਆ। ਉਸ ਵਰਗਾ ਬੰਦਾ ਕਿਸੇ ਨੂੰ ਮਿਲਦਾ ਨਹੀਂ। ਮੈਂ ਕੋਈ ਪੁੰਨ ਕੀਤਾ ਹੋਵੇਗਾ, ਜੋ ਮੈਨੂੰ ਰਵੀ ਮਿਲ ਗਿਆ ਨਹੀਂ ਤਾਂ ਅੱਜ ਦੇ ਸਮੇਂ ’ਚ ਕਿਸੇ ਨੂੰ ਰਵੀ ਵਰਗਾ ਬੰਦਾ ਮਿਲਣਾ ਬੇਹੱਦ ਮੁਸ਼ਕਿਲ ਹੈ।
ਸਵਾਲ : ਰੋਣ ਵਾਲੇ ਦ੍ਰਿਸ਼ ਤੁਸੀਂ ਕਿੰਝ ਸ਼ੂਟ ਕਰਦੇ ਹੋ?
ਸਰਗੁਣ ਮਹਿਤਾ : ਲੋਕ ਬਹੁਤ ਮਹਿਸੂਸ ਕਰਕੇ ਦ੍ਰਿਸ਼ ਕਰਦੇ ਹਨ, ਮੈਂ ਦ੍ਰਿਸ਼ ਫ਼ਿਲਮਾਉਣ ਸਮੇਂ ਕੋਈ ਤਿਆਰੀ ਨਹੀਂ ਕਰਦੀ। ਮੈਂ ਦ੍ਰਿਸ਼ ਲਈ ਆਪਣੇ ਆਪ ’ਤੇ ਅੱਤਿਆਚਾਰ ਨਹੀਂ ਕਰਦੀ। ਮੈਂ ਕਿਰਦਾਰ ’ਚ ਰਹਿ ਕੇ ਉਸ ਕਿਰਦਾਰ ਨੂੰ ਨਿਭਾਅ ਸਕਦੀ ਹਾਂ, ਸਰਗੁਣ ਮਹਿਤਾ ਬਣ ਕੇ ਕਿਰਦਾਰ ਨਹੀਂ ਕਰ ਸਕਦੀ। ਇੰਝ ਕਰਨ ਨਾਲ ਦਿਮਾਗੀ ਮੁਸ਼ਕਿਲਾਂ ਬਹੁਤ ਆਉਂਦੀਆਂ ਹਨ।
ਸਵਾਲ : ਜਾਨੀ ਫ਼ਿਲਮ ’ਚ ਅਦਾਕਾਰੀ ਲਈ ਕਿਵੇਂ ਤਿਆਰ ਹੋਏ?
ਜਗਦੀਪ ਸਿੱਧੂ : ਜਾਨੀ ਸੋਹਣਾ ਹੋਣ ਦੇ ਨਾਲ-ਨਾਲ ਸ਼ਾਇਰ ਹੈ ਤੇ ਉਸ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਮੈਨੂੰ ਲੱਗਦਾ ਹੈ ਕਿ ਜੋ ਸ਼ਾਇਰ ਹੁੰਦੇ ਹਨ, ਉਨ੍ਹਾਂ ਦੀ ਪਰਸਨੈਲਿਟੀ ਬਹੁਤ ਮਜ਼ੇਦਾਰ ਹੁੰਦੀ ਹੈ। ਇਸ ਲਈ ਜਾਨੀ ਦਾ ਫ਼ਿਲਮਾਂ ’ਚ ਆਉਣਾ ਬਣਦਾ ਹੈ। ਇਸ ਫ਼ਿਲਮ ’ਚ ਉਸ ਦਾ ਇਕ ਛੋਟਾ ਜਿਹਾ ਕਿਰਦਾਰ ਹੈ ਤੇ ਮੈਂ ਉਸ ਨੂੰ ਇਸ ਫ਼ਿਲਮ ਰਾਹੀਂ ਇਕ ਤਜਰਬਾ ਕਰਨ ਲਈ ਕਿਹਾ, ਜਿਸ ਨਾਲ ਉਸ ਨੂੰ ਖ਼ੁਦ ’ਤੇ ਵੀ ਯਕੀਨ ਹੋ ਜਾਵੇਗਾ ਕਿ ਉਸ ਨੇ ਅਦਾਕਾਰੀ ਕਰਨੀ ਹੈ ਜਾਂ ਨਹੀਂ।
ਸਵਾਲ : ਇਸ ਵਾਰ ਫ਼ਿਲਮ ’ਚ ਕਿਸੇ ਨੂੰ ਮਾਰੋਗੇ ਜਾਂ ਨਹੀਂ? ਕੀ ਲੋਕ ਫ਼ਿਲਮ ਦੇਖ ਕੇ ਰੋਣਗੇ?
ਜਗਦੀਪ ਸਿੱਧੂ : ਰੋਣਾ ਤਾਂ ਇਸ ਫ਼ਿਲਮ ਦੀ ਯੂ. ਐੱਸ. ਪੀ. ਹੈ। ਰੋਣ ਤੋਂ ਬਿਨਾਂ ਇਹ ਫ਼ਿਲਮ ਅਧੂਰੀ ਹੈ। ਟਰੇਲਰ ਦੇਖਣ ਤੋਂ ਬਾਅਦ ਲੋਕਾਂ ਦੇ ਫੀਡਬੈਕ ਆ ਰਹੇ ਹਨ ਕਿ ਇਸ ਵਾਰ ਕਿਸੇ ਨੂੰ ਮਾਰ ਨਾ ਦਿਓ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੈ। ਹਰ ਵਾਰ ਇੰਝ ਨਹੀਂ ਕਰ ਸਕਦੇ, ਲੋਕਾਂ ਦੇ ਦਿਲ ਟੁੱਟ ਜਾਂਦੇ ਹਨ।