ਗਾਇਕ ਸਿੰਗਾ ਨੂੰ ਬਲੈਕਮੇਲ ਕਰਨ ਦੇ ਮਾਮਲਾ 'ਤੇ SSP ਕਪੂਰਥਲਾ ਦਾ ਬਿਆਨ

Thursday, Dec 21, 2023 - 12:19 PM (IST)

ਗਾਇਕ ਸਿੰਗਾ ਨੂੰ ਬਲੈਕਮੇਲ ਕਰਨ ਦੇ ਮਾਮਲਾ 'ਤੇ SSP ਕਪੂਰਥਲਾ ਦਾ ਬਿਆਨ

ਕਪੂਰਥਲਾ (ਮਹਾਜਨ)- ਪੰਜਾਬੀ ਗਾਇਕ ਸਿੰਗਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗਾਇਕ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ ’ਚ ਉਸ ਨੇ ਸੀ. ਐੱਮ. ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਾਈ ਹੈ। ਸਿੰਗਾ ਨੇ ਦੱਸਿਆ ਕਿ 10 ਅਗਸਤ ਨੂੰ ਉਨ੍ਹਾਂ ਦੇ ਵਕੀਲ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਕਪੂਰਥਲਾ ਵਿਚ ਇਕ ਗੀਤ ਸਬੰਧੀ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਉਕਤ ਗੀਤ ’ਤੇ ਅਜਨਾਲਾ ’ਚ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸਿੰਗਾ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹਨ ਅਤੇ ਜੇਕਰ ਉਨ੍ਹਾਂ ਕੋਈ ਗਲਤੀ ਕੀਤੀ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਵੀਡੀਓ ’ਚ ਸਿੰਗਾ ਨੇ ਕਿਹਾ ਕਿ ਉਸ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਹੁਣ ਉਸ ਨੂੰ ਬਲੈਕਮੇਲ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸ ਕੋਲ ਇਸ ਸਬੰਧੀ ਪੂਰੇ ਸਬੂਤ ਹਨ। ਗਾਇਕ ਸਿੰਗਾ ਨੇ ਖੁਲਾਸਾ ਕੀਤਾ ਹੈ ਕਿ ਪੈਸੇ ਨਾ ਦੇਣ ’ਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਐੱਸ.ਐੱਸ.ਪੀ. ਕਪੂਰਥਲਾ
ਐੱਸ. ਐੱਸ.ਪੀ. ਕਪੂਰਥਲਾ ਨੇ ਕਿਹਾ ਕਿ ਗਾਇਕ ਸਿੰਗਾ ਦੇ ਦੋਸ਼ਾਂ ਬਾਰੇ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਅਤੇ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਪੁਲਸ ਅਧਿਕਾਰੀ ਇਸ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਮੈਨੂੰ ਬਣਦੀ ਸਜ਼ਾ ਦਿੱਤੀ ਜਾਵੇ
ਲਾਈਵ ਦੌਰਾਨ ਸਿੰਗੇ ਨੇ ਕਿਹਾ, ‘‘10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਮੇਰੇ ’ਤੇ ਕਪੂਰਥਲਾ ਵਿਖੇ ਧਾਰਾ 294 ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 294 ਏ ਤਹਿਤ ਐੱਫ. ਆਈ. ਆਰ. ਦਰਜ ਹੁੰਦੀ ਹੈ। ਮੈਂ ਹਰ ਧਰਮ ਤਾਂ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆ ਦਾ ਕੀ ਬਣੇਗਾ।’’

ਇਹ ਖ਼ਬਰ ਵੀ ਪੜ੍ਹੋ : ਸ਼ਾਹ ਜੋ ਵੀ ਨਹੀਂ ਕਹਿੰਦੇ, ਉਸਨੂੰ ਜ਼ਰੂਰ ਕਰਦੇ ਹਨ : ਹੇਮਾ ਮਾਲਿਨੀ

21 ਬੰਦਿਆਂ ਦੇ ਨਾਂ ਮੈਂ ਮੇਲ ’ਚ ਲਿਖੇ
ਧਮਕੀਆਂ ਬਾਰੇ ਸਿੰਗੇ ਨੇ ਕਿਹਾ, ‘‘ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਸਟੇਜ ਤੋਂ ਚਕਾ ਦਿਆਂਗੇ, ਸਾਡੇ 40-50 ਬੰਦੇ ਚੰਡੀਗੜ੍ਹ ਘੁੰਮਦੇ ਹਨ। ਮੈਂ 21 ਬੰਦਿਆਂ ਦੇ ਨਾਂ ਮੇਲ ’ਚ ਲਿਖ ਕੇ ਆਇਆ। ਮੈਨੂੰ ਜਾਂ ਮੇਰੇ ਪਿਓ ਨੂੰ ਕੁਝ ਹੋ ਗਿਆ ਤਾਂ ਉਹ ਸਾਰੇ ਬੰਦੇ ਮੈਂ ਚਕਾਉਂਗਾ। ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ ਪਰ ਮੇਰੇ ਪਰਿਵਾਰ ’ਤੇ ਕੋਈ ਗੱਲ ਆਈ ਤਾਂ ਮੈਂ ਨਹੀਂ ਸੁਣਾਂਗਾ।’’

ਪੰਜਾਬੀ ਗਾਇਕ ਬਲੈਕਮੇਲ ਹੋਏ ਹਨ
ਬਲੈਕਮੇਲਿੰਗ ਬਾਰੇ ਬੋਲਦਿਆਂ ਸਿੰਗੇ ਨੇ ਕਿਹਾ, ‘‘ਮੈਨੂੰ ਪਤਾ ਪੰਜਾਬੀ ਗਾਇਕ ਬਲੈਕਮੇਲ ਹੋਏ ਹਨ ਤੇ ਉਨ੍ਹਾਂ ਨੇ ਪੈਸੇ ਵੀ ਦਿੱਤੇ ਹਨ। ਇਨ੍ਹਾਂ ਨੂੰ ਲੱਗਾ ਕਿ ਸਿੰਗਾ ਵੀ ਬਲੈਕਮੇਲ ਹੋ ਜਾਵੇਗਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਬੇਨਤੀ ਕਰਦਾ ਹਾਂ ਕਿ ਇਕ ਵਾਰ ਸੋਚ ਕੇ ਦੇਖੋ ਜੇਕਰ ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ ਤੇ ਲੋਕ ਇਸ ਤਰ੍ਹਾਂ ਉਸ ਨੂੰ ਤੰਗ ਕਰਨ, ਜੂਠੇ ਪਰਚੇ ਦੇ ਕੇ ਬਲੈਕਮੇਲ ਕਰਨ ਤਾਂ ਤੁਹਾਡੇ ’ਤੇ ਕੀ ਬੀਤੇਗੀ? ਮੈਨੂੰ ਬਦਨਾਮ ਕੀਤਾ ਗਿਆ ਤੇ ਹਰ ਚੈਨਲ ’ਤੇ ਖ਼ਬਰ ਚੱਲੀ ਕਿ ਮੇਰੇ ’ਤੇ ਧਾਰਾ 295 ਲੱਗੀ ਹੈ।’’

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਮੇਰੇ ਕੋਲ ਸਬੂਤ ਹਨ
ਅਖੀਰ ’ਚ ਸਿੰਗੇ ਨੇ ਕਿਹਾ, ‘‘ਇਸ ਕਾਰਨ ਮੇਰਾ ਕੰਮ ਰੁਕਿਆ, ਮੇਰੇ ਸ਼ੋਅਜ਼ ਰੁਕੇ, ਮੇਰੀਆਂ ਫ਼ਿਲਮਾਂ ਰੁਕੀਆਂ। ਭਗਵੰਤ ਮਾਨ ਜੀ ਮੈਂ ਬੇਨਤੀ ਕਰਦਾ ਹਾਂ ਕਿ ਇਸ ’ਤੇ ਕਾਰਵਾਈ ਕੀਤੀ ਜਾਵੇ। ਮੇਰੇ ਕੋਲ ਜੋ ਸਬੂਤ ਹਨ, ਮੈਂ ਦੇਣ ਲਈ ਤਿਆਰ ਹਾਂ। ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ, ਮੈਂ ਬਾਪੂ ਦੀ ਟੈਂਸ਼ਨ ਨਹੀਂ ਦੇਖ ਸਕਦਾ। ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਮੈਂ ਸਹੀ ਹਾਂ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।’’

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸਿੰਗੇ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News