ਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ, ਜਾਣੋ ਪੁਰਾਣਾ ਕਿੱਸਾ
Sunday, Jan 15, 2023 - 05:08 PM (IST)
ਚੰਡੀਗੜ੍ਹ (ਬਿਊਰੋ) - ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ, ਜੋ ਜਿਸਮਾਨੀ ਤੌਰ 'ਤੇ ਤਾਂ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਹਨ ਪਰ ਉਹ ਰੂਹਾਨੀ ਤੌਰ 'ਤੇ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। ਅਜਿਹੇ ਹੀ ਸਖ਼ਸ਼ੀਅਤ ਦੇ ਮਾਲਿਕ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ, ਜਿਨ੍ਹਾਂ ਨੂੰ ਅੱਜ ਵੀ ਯਾਦ ਕਰਕੇ ਹਰ ਕਿਸੇ ਦੀ ਅੱਖ ਨਮ ਹੋ ਜਾਂਦੀ ਹੈ।
'ਰੋਡਵੇਜ਼ ਦੀ ਲਾਰੀ' ਨੂੰ ਲੈ ਕੇ ਦਿਲ ਛੂਹ ਲੈਣ ਵਾਲਾ ਕਿੱਸਾ
ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਨੇ ਸੰਗੀਤ ਜਗਤ 'ਚ ਆਪਣੀ ਖ਼ਾਸ ਪਛਾਣ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਸਰੋਤਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਊਂਦੇ ਹਨ। ਉਨ੍ਹਾਂ ਦੇ ਗੀਤ ਭਾਵੇਂ ਉਹ 'ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ' ਹੋਵੇ, 'ਤੇਰਾ ਲਿਖ ਦੂੰ ਸਫੇਦਿਆਂ 'ਤੇ ਨਾਂ' ਹੋਵੇ ਜਾਂ ਫਿਰ 'ਰੋਡਵੇਜ਼ ਦੀ ਲਾਰੀ' ਹੋਵੇ, ਹਰ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਸੀ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਬਾਰੇ ਦਿਲ ਨੂੰ ਛੂਹ ਲੈਣ ਵਾਲਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਦਾ ਖੁਲਾਸਾ ਗਾਇਕ ਨੇ ਇੱਕ ਇੰਟਰਵਿਊ 'ਚ ਕੀਤਾ ਸੀ।
ਦਿੱਖ ਅਤੇ ਕੱਪੜਿਆਂ ਕਾਰਨ ਕਈ ਵਾਰ ਸਰਦੂਲ ਦੇ ਕੰਮ ਨੂੰ ਨਕਾਰਿਆ
ਦਰਅਸਲ 80-90 ਦੇ ਦਹਾਕੇ 'ਚ ਐੱਚ. ਐੱਮ. ਵੀ. ਨਾਮ ਦੀ ਮਿਊਜ਼ਿਕ ਕੰਪਨੀ ਕਾਫ਼ੀ ਮਸ਼ਹੂਰ ਸੀ, ਜੋ ਕਿਸੇ ਵੀ ਗਾਇਕ ਨੂੰ ਸਫਲ ਸਟਾਰ ਹੋਣ ਵੱਜੋਂ ਪ੍ਰਮਾਣਿਤ ਕਰਦੀ ਸੀ। ਇਸ ਕਰਕੇ ਗਾਇਕ ਵੀ ਇਸ ਕੰਪਨੀ ਨਾਲ ਕੰਮ ਕਰਨਾ ਚਾਹੁੰਦਾ ਸੀ ਪਰ ਉੇਨ੍ਹਾਂ ਦੀ ਦਿੱਖ ਅਤੇ ਕੱਪੜਿਆਂ ਕਾਰਨ ਕਈ ਵਾਰ ਕੰਮ ਨੂੰ ਨਕਾਰ ਦਿੱਤਾ ਸੀ। ਤੰਗੀਆਂ ਕਾਰਨ ਸਰਦੂਲ ਸਿਕੰਦਰ ਸਵੇਰੇ ਅਖਬਾਰ ਸਪਲਾਈ ਕਰਨ ਵਾਲੀ ਗੱਡੀ 'ਚ ਬੈਠ ਕੇ ਸਫ਼ਰ ਕਰਕੇ ਮਿਊਜ਼ਿਕ ਦੀ ਰਿਕਾਰਡਿੰਗ ਲਈ ਜਾਂਦੇ ਹੁੰਦੇ ਸਨ ਅਤੇ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੇ ਸਨ। ਇਸ ਤਰ੍ਹਾਂ ਦਾ ਵਰਤਾਉ ਉਨ੍ਹਾਂ ਨਾਲ ਕਈ ਵਾਰ ਹੋਇਆ।
ਉਨ੍ਹਾਂ ਨੇ ਕਈਆਂ ਨੂੰ ਕਿਹਾ ਕਿ ਘੱਟੋ-ਘੱਟ ਇਕ ਵਾਰ ਉਸ ਦੀ ਗੱਲ ਜ਼ਰੂਰ ਸੁਣੋ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ। ਉਨ੍ਹਾਂ ਨੂੰ ਕਿਹਾ ਕਿ ਕੰਪਨੀ ਨਵੇਂ ਕਲਾਕਾਰਾਂ ਨਾਲ ਜੋਖਮ ਨਹੀਂ ਲੈ ਸਕਦੀ।
ਜਦੋਂ ਲੋਕਾਂ ਦੀ ਭੀੜ 'ਚ ਅਚਾਨਕ ਸਰਦੂਲ ਨੇ ਸ਼ੁਰੂ ਕੀਤਾ ਗਾਉਣਾ
ਫਿਰ ਇੱਕ ਵਧੀਆ ਦਿਨ, ਉਹ ਇੱਕ ਰਿਕਾਰਡਿੰਗ ਸੈਸ਼ਨ 'ਚ ਤੁੰਬੀ ਵਜਾਉਣ ਲਈ ਕਿਸੇ ਨਾਲ ਗਏ। ਉਸ ਸਮੇਂ ਦੌਰਾਨ ਜਦੋਂ ਸਾਰੇ ਲੰਚ ਕਰ ਰਹੇ ਸਨ, ਉਨ੍ਹਾਂ ਨੇ ਇੱਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਕੁਝ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਸੁਣਿਆ ਅਤੇ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਸਰਦੂਲ ਸਿਕੰਦਰ ਨੇ ਆਪਣੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਰਿਕਾਰਡ ਕੀਤੀ, ਜੋ ਕਿ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਗਾਇਕ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਸਰਦੂਲ ਸਿਕੰਦਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਕੱਢੇ ਅਤੇ ਹੌਲੀ ਹੌਲੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਥਾਪਿਤ ਹੁੰਦੇ ਗਏ।
ਪਟਿਆਲਾ ਦੇ ਸੰਗੀਤ ਘਰਾਣੇ ਨਾਲ ਰੱਖਦੈ ਸਬੰਧ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ 'ਚ ਜਨਮੇ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸੰਗੀਤ ਜਗਤ ਦੇ ਇਸ ਲਾਸਾਨੀ ਸਿਤਾਰੇ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ, ਜਿਸ 'ਚ ‘ਜੱਗਾ ਡਾਕੂ’ ਦਾ ਨਾਂ ਖਾਸ ਹੈ। ਆਪਣੇ ਇਸ ਸੰਗੀਤਕ ਸਫ਼ਰ 'ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ, ਜੋ ਅੱਜ ਵੀ ਉਨ੍ਹਾਂ ਸਮਿਆਂ ਦੇ ਲੋਕਾਂ ਦੀ ਜ਼ਬਾਨ 'ਤੇ ਸ਼ਰਾਬੋਰ ਹਨ। ਸਾਲ 1991 'ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ 'ਹੁਸਨ ਦੇ ਮਾਲਕੋ' ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆਂ ਘੁੰਮਦਿਆਂ ਉਨ੍ਹਾਂ ਆਪਣੇ ਸੰਗੀਤ 'ਚ ਇੱਕ ਵੱਖਰਾ ਟੇਸਟ ਅਤੇ ਸਟਾਈਲ ਲਿਆਂਦਾ।
ਅਮਨ ਨੂਰੀ ਨਾਲ ਮੁਲਾਕਾਤ
ਸਾਲ 1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਦੇ ਨਾਲ ਹੋਈ। ਇਹ ਕਿਸਮਤ ਹੀ ਸੀ ਜਿਸਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਉਹਨਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ ਦੋਵਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।
ਇੰਝ ਕੀਤਾ ਪਿਆਰ ਦਾ ਇਜ਼ਹਾਰ
ਆਖਰਕਾਰ ਕੁੱਝ ਸਾਲ ਬਾਅਦ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਜਦੋਂ ਆਪਣੇ ਦਿਲ ਦੀ ਗੱਲ ਬੋਲ ਨਹੀਂ ਸਕੇ ਤਾਂ ਉਨ੍ਹਾਂ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ 'ਚ ਉਹ ਆਪਣੇ ਗੀਤ ਲਿਖਿਆ ਕਰਦੇ ਸਨ। ਉਨ੍ਹਾਂ ਉਸ ਡਾਇਰੀ 'ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸਨੂੰ ਅਮਰ ਨੂਰੀ ਦੇ ਟੇਬਲ 'ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਸੀ, ਉਸ ਪੈਗਾਮ ’ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ। ਬਹਿਰਹਾਲ, ਅਮਰ ਨੂਰੀ ਦੇ ਦਿਲ 'ਚ ਵੀ ਸਰਦੂਲ ਸਿਕੰਦਰ ਲਈ ਮੁਹੱਬਤ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ 'ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਉਂ ਹੀ ਸਰਦੂਲ ਨੇ ਉਹ ਸੁਨੇਹਾ ਪੜਿਆ ਤਾਂ ਖੁਸ਼ੀ 'ਚ ਨੱਚਣ ਲੱਗੇ। ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ਹਾਂ ਕਰ ਦਿੱਤੀ ਸੀ। ਇੱਕ ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ 'ਚ ਬੱਝ ਗਈ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਐਲਬਮ ਰਿਲੀਜ਼ ਕੀਤੇ। ਜਿਸ 'ਚ ਗੋਰਾ ਰੰਗ ਦੇਈ ਨਾ ਰੱਬਾ ਦਾ ਨਾਂ ਖ਼ਾਸ ਹੈ। ਇਸ ਤੋਂ ਇਲਾਵਾ ਗੀਤ 'ਹੱਸਦੀ ਦੇ ਫੁੱਲ ਕਿਰਦੇ' , ‘ਤੇਰਾ ਲਿਖ ਦੂੰ ਸਫੈਦਿਆਂ ’ਤੇ ਨਾਂ’ ਨੂੰ ਵੀ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ।
ਅਮਰ ਨੂਰੀ ਨੇ ਦਿੱਤਾ ਬੇਤਹਾਸ਼ਾ ਮੁਹੱਬਤ ਦਾ ਸਬੂਤ
ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ ਦੀ ਤਬੀਅਤ ਨਾਸਾਜ਼ ਸੀ। ਜਿਸਦੇ ਚਲਦਿਆਂ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਅਤੇ ਉਹਨਾਂ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਨਾਂ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬੇਤਹਾਸ਼ਾ ਮੁਹੱਬਤ ਦਾ ਸਬੂਤ ਵੀ ਦਿੱਤਾ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਕੋਰੋਨਾ ਜਿਹੀ ਨਾਮੁਰਾਦ ਬੀਮਾਰੀ ਦੀ ਚਪੇਟ 'ਚ ਆਉਣ ਕਾਰਨ ਸਰਦੂਲ ਸਿਕੰਦਰ ਅੱਜ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਪੰਜਾਬੀ ਸੰਗੀਤ ਜਗਤ 'ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਅਦਾਰਾ ਜਗਬਾਣੀ ਵੀ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।