ਨਿੱਕੇ ਸਿੱਧੂ ਨੂੰ ਮਿਲਣ ਹਸਪਤਾਲ ਪਹੁੰਚੇ ਗਾਇਕ ਆਰ. ਨੇਤ, ਬਾਪੂ ਬਲਕੌਰ ਨਾਲ ਕੱਟਿਆ ਕੇਕ
Saturday, Mar 23, 2024 - 02:36 PM (IST)

ਐਂਟਰਟੇਨਮੈਂਟ ਡੈਸਕ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਛੋਟੇ ਭਰਾ ਸ਼ੁੱਭਦੀਪ ਦੇ ਆਉਣ ਨਾਲ ਰੌਣਕਾਂ ਲੱਗ ਗਈਆਂ ਹਨ। ਬੀਤੇ ਐਤਵਾਰ ਮਾਤਾ ਚਰਨ ਕੌਰ ਨੇ ਆਪਮੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦੀ ਜਾਣਕਾਰੀ ਬਾਪੂ ਬਲਕੌਰ ਨੇ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਸੀ। ਇਸ ਤੋਂ ਬਾਅਦ ਹਰ ਕੋਈ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਦੇ ਰਿਹਾ ਹੈ।
ਉਥੇ ਹੀ ਪੰਜਾਬੀ ਗਾਇਕ ਆਰ. ਨੇਟ ਮਾਤਾ ਚਰਨ ਕੌਰ ਤੇ ਨਿੱਕੇ ਸਿੱਧੂ ਨੂੰ ਮਿਲਣ ਹਸਪਤਾਲ ਪਹੁੰਚੇ ਹਨ। ਇਸ ਦੌਰਾਨ ਆਰ. ਨੇਤ ਨੇ ਬਲਕੌਰ ਸਿੰਘ ਨਾਲ ਮਿਲ ਕੇ ਕੇਕ ਵੀ ਕੱਟਿਆ।
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਗਾਇਕ ਆਖਦਾ ਹੈ ਕਿ ਝੋਟਾ ਆ ਗਿਆ ਹੈ, ਸਿੱਧੂ ਤਾਂ ਕਦੇ ਸਾਡੇ 'ਚੋਂ ਕਦੇ ਗਿਆ ਹੀ ਨਹੀਂ ਸੀ। ਉਹ ਤਾਂ ਹਰ ਸਮੇਂ ਸਾਡੇ ਨਾਲ ਮੌਜੂਦ ਹੀ ਹੁੰਦਾ।
ਦੱਸਣਯੋਗ ਹੈ ਕਿ ਚਰਨ ਕੌਰ ਤੇ ਸ਼ੁੱਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਮਾਂ-ਪੁੱਤ ਨੂੰ ਹਸਪਤਾਲ ਤੋਂ ਛੁੱਟੀ ਤਾਂ ਮਿਲ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਹਾਲੇ ਮਾਨਸਾ (ਮੂਸਾ ਪਿੰਡ) ਹਵੇਲੀ 'ਚ ਨਹੀਂ ਆਉਣਗੇ।
ਉਹ ਹਾਲੇ ਬਠਿੰਡਾ 'ਚ ਪਰਿਵਾਰ ਨਾਲ ਕੁਝ ਦਿਨ ਹੋਰ ਰਹਿਣਗੇ। ਉਥੇ ਹੀ ਮਾਤਾ ਚਰਨ ਕੌਰ ਤੇ ਸ਼ੁੱਭਦੀਪ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਿੰਡ ਦੀਆਂ ਮਹਿਲਾਵਾਂ ਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਦੀ ਹਵੇਲੀ ਤੇ ਪੁਰਾਣੇ ਘਰ ਨੂੰ ਸਜਾ ਦਿੱਤਾ।