ਗਾਇਕਾ ਜਸਵਿੰਦਰ ਬਰਾੜ ਦਾ ਗੀਤ 'ਨਿੱਕੇ ਪੈਰੀਂ' ਰਿਲੀਜ਼, ਭਤੀਜ ਸਿੱਧੂ ਨੂੰ ਕਿਹਾ- ਵੱਡੇ ਪੈਰੀਂ ਗਿਆ ਸੀ ਹੁਣ ਨਿੱਕੇ ਪੈਰ
Tuesday, Mar 05, 2024 - 03:04 PM (IST)

ਜਲੰਧਰ (ਬਿਊਰੋ) - 90 ਦੇ ਦਹਾਕੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਦਾ ਗੀਤ ‘ਨਿੱਕੇ ਪੈਰੀਂ’ (Nikke Pairi) ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਗੀਤ ਦੀ ਇਕ ਵੀਡੀਓ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਗਿਆ ਹੈ। ਜਸਵਿੰਦਰ ਬਰਾੜ ਇਸ ਗੀਤ 'ਚ ਆਖ ਰਹੀ ਹੈ- ਤੂੰ ਵੱਡੇ ਪੈਰੀਂ ਗਿਆ ਸੀ ਇਸ ਜਹਾਨ ਤੋਂ, ਹੁਣ ਨਿੱਕੇ ਪੈਰੀਂ ਵਾਪਸ ਆ ਜਾ।
ਦੱਸ ਦਈਏ ਕਿ ਇਸ ਗੀਤ ਦੇ ਬੋਲ ਬੱਬੂ ਬਰਾੜ ਅਤੇ ਜਸਵਿੰਦਰ ਬਰਾੜ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ 'ਜੀ ਗੁਰੀ' ਵਲੋਂ ਦਿੱਤਾ ਹੈ। ਜਸਵਿੰਦਰ ਬਰਾੜ ਨੇ ਇਸ ਗੀਤ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ, 'ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਬੂਲ ਕਰਿਓ।'' ਇਸ ਗੀਤ ਨੂੰ ਜਸਵਿੰਦਰ ਬਰਾੜ ਨੇ ਸਾਂਝਾ ਕਰਦੇ ਹੋਏ ਸਿੱਧੂ ਪਰਿਵਾਰ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਜਸਵਿੰਦਰ ਬਰਾੜ ਦਾ ਜ਼ਿਕਰ ਆਪਣੇ ਗੀਤ 'ਚ ਵੀ ਕੀਤਾ ਸੀ। ਜਸਵਿੰਦਰ ਬਰਾੜ ਸਿੱਧੂ ਦੀ ਭੂਆ ਲੱਗਦੇ ਹਨ।
ਜਸਵਿੰਦਰ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਹ ਆਪਣੇ ਗੀਤਾਂ ‘ਚ ਆਮ ਤੌਰ 'ਤੇ ਜ਼ਿੰਦਗੀ ਦੀ ਸੱਚਾਈ ਬਿਆਨ ਕਰਦੇ ਹਨ। ਇਸ ਤੋਂ ਇਲਾਵਾ ਜਸਵਿੰਦਰ ਆਪਣੀ ਸਾਫ਼ ਸੁਥਰੀ ਗਾਇਕੀ ਲਈ ਵੀ ਜਾਣੇ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8