ਦਿਲਜਾਨ ਨੂੰ ਯਾਦ ਕਰ ਲਾਈਵ ਸ਼ੋਅ ਦੌਰਾਨ ਭਾਵੁਕ ਹੋਏ ਜੀ ਖ਼ਾਨ, ਸਟੇਜ ਤੋਂ ਡੈਡੀਕੇਟ ਕੀਤਾ ਇਹ ਗੀਤ (ਵੀਡੀਓ)

4/2/2021 11:49:18 AM

ਚੰਡੀਗੜ੍ਹ (ਬਿਊਰੋ) -  ਪੰਜਾਬੀ ਸੂਫੀ ਗਾਇਕ ਦਿਲਾਜਨ ਦੀ ਅਚਾਨਕ ਹੋਈ ਮੌਤ ਨਾਲ ਪੂਰੀ ਇੰਡਸਟਰੀ ਇਸ ਸਮੇਂ ਸਦਮੇ 'ਚ ਹੈ। ਹਰ ਕੋਈ ਦਿਲਜਾਨ ਦੇ ਕਿਰਦਾਰ ਅਤੇ ਉਸ ਦੀ ਗਾਇਕੀ ਨੂੰ ਯਾਦ ਕਰ ਰਿਹਾ ਹੈ। ਜਿਸ ਦਿਨ ਦਿਲਜਾਨ ਦੀ ਮੌਤ ਹੋਈ, ਉਸੇ ਦਿਨ ਪੰਜਾਬੀ ਗਾਇਕ ਜੀ ਖ਼ਾਨ ਦਾ ਲਾਈਵ ਸ਼ੋਅ ਵੀ ਸੀ। ਦੋਹਾਂ ਦੀ ਆਪਸ 'ਚ ਚੰਗੀ ਦੋਸਤੀ ਸੀ। ਦਿਲਜਾਨ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇ ਜੀ ਖ਼ਾਨ ਸਟੇਜ 'ਤੇ ਭਾਵੁਕ ਹੋ ਗਏ। ਇਸ ਦੌਰਾਨ ਉਹ ਨਮ ਅੱਖਾਂ ਨਾਲ ਦਿਲਜਾਨ ਨੂੰ ਯਾਦ ਕਰਨ ਲੱਗੇ। ਆਪਣੀ ਸਟੇਜ ਤੋਂ ਦਿਲਜਾਨ ਬਾਰੇ ਗੱਲ ਕਰਦਿਆਂ ਜੀ ਖ਼ਾਨ ਨੇ ਦਿਲਜਾਨ ਨੂੰ ਇਕ ਗੀਤ ਡੈਡੀਕੇਟ ਕੀਤਾ। 

ਦੱਸ ਦਈਏ ਕਿ ਪੰਜਾਬੀ ਸੂਫੀ ਗਾਇਕ ਦਿਲਜਾਨ ਦੀ 30 ਮਾਰਚ ਦੀ ਸਵੇਰ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਦਿਲਜਾਨ ਉਹ ਗਾਇਕ ਹੈ ਜਿਸ ਨੂੰ ਉਸ ਦੇ ਸੂਫੀ ਅੰਦਾਜ਼ ਕਰਕੇ ਵੱਖਰੀ ਪਛਾਣ ਮਿਲੀ ਹੋਈ ਹੈ ਪਰ ਉੱਭਰਦਾ ਸਿਤਾਰਾ ਸਾਰਿਆਂ ਨੂੰ ਅਲਵਿਦਾ ਕਹਿ ਅੰਬਰਾਂ ਦਾ ਤਾਰਾ ਬਣ ਗਿਆ ਹੈ। ਦਿਲਜਾਨ ਦੀ ਮੌਤ ਸੜਕ ਹਾਦਸੇ 'ਚ ਹੋਈ ਜਦੋਂ ਉਹ ਦੇਰ ਰਾਤ ਨੂੰ ਅੰਮ੍ਰਿਤਸਰ ਤੋਂ ਆਪਣੇ ਘਰ ਕਰਤਾਰਪੁਰ ਆ ਰਿਹਾ ਸੀ। ਰਸਤੇ 'ਚ ਉਸ ਦੀ ਕਾਰ ਦੀ ਟੱਕਰ ਇਕ ਡਿਵਾਈਡਰ ਨਾਲ ਹੋਈ, ਜਿਥੇ ਉਸ ਦੀ ਮੌਕੇ 'ਤੇ ਹੀ ਮੌਤ ਗਈ। ਦਿਲਜਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਸੰਗੀਤ ਜਗਤ 'ਚ ਸ਼ੋਕ ਦੀ ਲਹਿਰ ਹੈ। 31 ਸਾਲਾਂ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਦੇ ਅਤੇ ਨੈਸ਼ਨਲ ਲੈਵਲ ਦੇ ਰਿਐਲਿਟੀ ਸ਼ੋਅ ਤੋਂ ਬਣੀ ਸੀ।

PunjabKesari

ਦੱਸਣਯੋਗ ਹੈ ਕਿ ਦਿਲਜਾਨ ਨੇ ਇੰਗਲੈਂਡ, ਅਮਰੀਕਾ, ਕਤਰ, ਦੁਬਈ ਅਤੇ ਅਫਰੀਕਾ ਸਮੇਤ ਕਈ ਦੇਸ਼ਾਂ 'ਚ ਸ਼ੋਅ ਲਗਾਏ ਸਨ। ਉਨ੍ਹਾਂ ਨੇ ਸੰਗੀਤ ਲਈ ਜੋ ਕੁਰਬਾਨੀ ਦਿੱਤੀ, ਇਸ ਤੋਂ ਵਧੀਆ ਉਦਾਹਰਨ ਨਹੀਂ ਹੋ ਸਕਦੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਬਲਦੇਵ ਕੁਮਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ। 

ਸੰਗੀਤ ਲਈ ਦਿਲਜਾਨ ਨੇ ਦਿੱਤੀ ਇਹ ਕੁਰਬਾਨੀ
ਮਾਡਾਰ ਰਾਸ਼ਟਰੀ ਬੀਮੇ 'ਚ ਕਲਾਸ ਵੰਨ ਅਧਿਕਾਰੀ ਸੀ ਅਤੇ ਸੰਗੀਤ ਦੇ ਮਹਾਂਗੁਰੂ, ਪੂਰਨ ਸ਼ਾਹਕੋਟੀ ਦੇ ਚੇਲੇ ਸੀ। ਬਚਪਨ 'ਚ ਜਦੋਂ ਦਿਲਜਾਨ ਨੂੰ ਪਤਾ ਲੱਗਿਆ ਕਿ ਮਡਾਰ ਕਰਤਾਰਪੁਰੀ ਸੰਗੀਤ ਸਿਖਾਉਂਦਾ ਹੈ ਤਾਂ ਦਿਲਜਾਨ ਉਸ ਦੀ ਸ਼ਰਨ 'ਚ ਚਲਾ ਗਿਆ।
ਸੰਗੀਤ ਸਿੱਖਣ ਲਈ, ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਮਦਨ ਮਾਡਾਰ ਦੇ ਨੇੜੇ ਹੀ ਰਿਹਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਵਜੋਂ ਸਵੀਕਾਰ ਲਿਆ। ਸਿੱਖਿਆ ਪ੍ਰਾਪਤ ਕਰਦਿਆਂ ਵੀ ਦਿਲਜਾਨ ਨੇ ਆਪਣੇ ਸਕੂਲ-ਕਾਲਜ ਦੇ ਸਾਰੇ ਸਰਟੀਫਿਕੇਟ 'ਤੇ ਪਿਤਾ ਬਲਦੇਵ ਕੁਮਾਰ ਦੀ ਥਾਂ 'ਤੇ ਮਦਨ ਮਾਡਾਰ ਦਾ ਨਾਂ ਲਿਖਿਆ। ਕਰਤਾਰਪੁਰ ਦੇ ਵਸਨੀਕ ਸਮਝਦੇ ਹਨ ਕਿ ਦਿਲਜਾਨ ਮਦਨ ਮਾਡਾਰ ਦਾ ਪੁੱਤਰ ਹੈ। ਮਦਨ ਮਾਡਾਰ ਦੀ ਪਤਨੀ ਮੀਨਾ ਰਾਣੀ ਨੇ ਦਿਲਜਾਨ ਨੂੰ ਪੁੱਤਰ ਦੀ ਤਰ੍ਹਾਂ ਪਾਲਿਆ।

ਮਦਨ ਮਾਡਾਰ ਨੇ ਦਿਲਜਾਨ ਨੂੰ ਸਿਖਰਾਂ 'ਤੇ ਪਹੁੰਚਾਇਆ
ਜਦੋਂ ਦਿਲਜਾਨ ਦਾ ਵਿਆਹ ਇਕ ਕੈਨੇਡੀਅਨ ਨਾਗਰਿਕ ਨਾਲ ਹੋਇਆ ਸੀ, ਤਾਂ ਹਰਮਨ, ਮਦਨ ਮਾਡਾਰ ਅਤੇ ਮੀਨਾ ਰਾਣੀ ਨੂੰ ਮਾਤਾ-ਪਿਤਾ ਲਿਖ ਕੇ ਕਾਰਡ ਭੇਜਿਆ। ਮਦਨ ਮਾਡਾਰ ਨੇ ਦਿਲਜਾਨ ਨੂੰ ਸੰਗੀਤ ਦੀ ਇਕ ਇਕ ਪੌੜੀ ਚੜ੍ਹਾ ਕੇ ਉਨ੍ਹਾਂ ਨੂੰ ਸਿਖਰ 'ਤੇ ਪਹੁੰਚਾਇਆ ਅਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦਿਲਜਾਨ ਦੀ ਤਪੱਸਿਆ ਸਫ਼ਲ ਹੋ ਗਈ ਹੈ। ਦਿਲਜਾਨ ਹਰਮਨ ਨਾਲ ਵਿਆਹ ਤੋਂ ਬਾਅਦ ਕੈਨੇਡਾ ਦਾ ਪੱਕਾ ਵਸਨੀਕ ਵੀ ਬਣ ਗਿਆ ਸੀ। ਉਨ੍ਹਾਂ ਦੀ ਬੇਟੀ ਸੁਰੈਆ ਦਾ ਜਨਮ ਦੋ ਸਾਲ ਪਹਿਲਾਂ ਹੋਇਆ ਸੀ। ਉਹ ਆਪਣੀ ਮਾਂ ਹਰਮਨ ਨਾਲ ਕੈਨੇਡਾ 'ਚ ਰਹਿੰਦੀ ਹੈ। ਨੇੜਲੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦਿਲਜਾਨ ਅਪ੍ਰੈਲ 'ਚ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਪੰਜਾਬ ਦੇ ਕਰਤਾਰਪੁਰ ਵਿਖੇ ਮੇਲੇ ਕਾਰਨ ਰੁਕਿਆ ਸੀ, ਮੇਲਾ 14 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 16 ਨੂੰ ਸਮਾਪਤ ਹੋਇਆ ਸੀ।

ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। 

ਇੰਝ ਬਣੇ ਸੁਰਾਂ ਦੇ ਸਰਤਾਜ 
ਸਾਲ 2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ। ਸਾਲ 2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਅਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ 'ਚ ਜੱਜ ਸੀ, ਇੰਨੀ ਭਾਵੁਕ ਹੋਏ ਕਿ ਅੱਖਾਂ 'ਚ ਅਥਰੂ ਆ ਗਏ। 'ਸੁਰ ਕਸ਼ੇਤਰ' ਗਾਇਕੀ ਮੁਕਾਬਲੇ 'ਚ ਵੀ ਦਿਲਜਾਨ ਰਨਰਅੱਪ ਰਿਹਾ। 


sunita

Content Editor sunita