ਦੇਖੋ ਕੀ ਹੈ ਫਿਰੋਜ਼ ਖਾਨ ਦੇ ਚਰਚਿਤ ਗੀਤਾਂ ਦੇ ਪਿੱਛੇ ਦੀ ਕਹਾਣੀ (ਵੀਡੀਓ)

Saturday, Jul 04, 2020 - 04:26 PM (IST)

ਜਲੰਧਰ (ਵੈੱਬ ਡੈਸਕ) — ਸੰਗੀਤ ਸਾਡੀ ਰੂਹ ਦੀ ਖ਼ੁਰਾਕ ਹੈ ਅਤੇ ਕੁਦਰਤ ਦੇ ਕਣ-ਕਣ 'ਚ ਸੰਗੀਤ ਵਸਿਆ ਹੋਇਆ ਹੈ। ਸਮੇਂ-ਸਮੇਂ 'ਤੇ ਮਨੁੱਖ ਨੇ ਸ਼ਾਜ ਬਣਾ ਕੇ ਸੰਗੀਤਕ ਧੁਨਾਂ ਨੂੰ ਖ਼ੂਬਸੂਰਤ ਆਵਾਜ਼ ਦੇਣ ਦਾ ਯਤਨ ਕੀਤਾ ਹੈ। ਪੰਜਾਬੀ ਸੰਗੀਤ ਖੇਤਰ 'ਚ ਮਿੱਠੀ ਆਵਾਜ਼ ਨਾਲ ਹਰ ਕਿਸੇ ਨੂੰ ਕੀਲ ਕੇ ਰੱਖ ਦੇਣ ਵਾਲੇ ਨੌਜਵਾਨ ਗਾਇਕ ਫਿਰੋਜ਼ ਖਾਨ ਦਾ ਨਾਂ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੇ ਫਿਰੋਜ਼ ਖਾਨ ਨੇ 'ਜਗਬਾਣੀ' 'ਤੇ ਲਾਈਵ ਦੌਰਾਨ ਆਪਣੇ ਕਈ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਤੋਂ ਲੈ ਕੇ ਅਤੇ ਮਿਊਜ਼ਕ 'ਚ ਹੋਏ ਬਦਲਾਅ 'ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, ਜਿਹੜਾ ਬਦਲਾਅ ਹੁਣ ਸੰਗੀਤ 'ਚ ਹੋਇਆ ਹੈ, ਉਹ ਆਉਣਾ ਬਹੁਤ ਜ਼ਰੂਰੀ ਸੀ। ਸਾਨੂੰ ਹਰ ਯੁੱਗ ਨਾਲ ਚੱਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੀ ਗੱਲਾਂ ਕੀਤੀਆਂ ਆਓ ਦੇਖਦੇ ਹਾਂ ਇਸ ਵੀਡੀਓ ਰਾਹੀਂ :-
ਫਿਰੋਜ਼ ਖਾਨ ਦਾ ਲਾਈਵ ਵੀਡੀਓ :

ਦੱਸ ਦਈਏ ਕਿ ਫਿਰੋਜ਼ ਖਾਨ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਧਲੇਰ ਕਲਾਂ 'ਚ ਪਿਤਾ ਖੁਸ਼ੀ ਮੁਹੰਮਦ ਤੇ ਮਾਤਾ ਸੰਦੀਕਨ ਦੇ ਘਰ 1973 ਨੂੰ ਹੋਇਆ। ਉਨ੍ਹਾਂ ਨੂੰ ਸੰਗੀਤ ਦੀ ਗੁੜਤੀ ਵਿਰਾਸਤ 'ਚ ਮਿਲੀ ਹੈ। ਫਿਰੋਜ਼ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਨੇ ਉਨ੍ਹਾਂ ਦੀ ਬੇਹੱਦ ਮਦਦ ਕੀਤੀ। ਕਿੱਟੂ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦਿਆਂ ਗਾਇਨ ਕਲਾ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖਣ ਦੀ ਪ੍ਰੇਰਨਾ ਵੀ ਉਨ੍ਹਾਂ ਨੂੰ ਦਿੱਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸੇ ਹੌਸਲੇ ਸਦਕਾ ਉਹ ਦ੍ਰਿੜ੍ਹ ਇਰਾਦੇ ਨਾਲ ਤੁਰਿਆ ਤੇ ਬਸ ਤੁਰਿਆ ਹੀ ਗਿਆ।
ਦੱਸਣਯੋਗ ਹੈ ਕਿ ਪਹਿਲੀ ਵਾਰ ਜਦੋਂ ਫਿਰੋਜ਼ ਖਾਨ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਲਿਸ਼ਕਾਰਾ' ਰਾਹੀਂ ਆਪਣੀ ਦਰਦ ਭਰੀ ਆਵਾਜ਼ 'ਚ ਗਾਇਆ ਗੀਤ 'ਤੇਰੀ ਮੈਂ ਹੋ ਨਾ ਸਕੀ' ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਏ ਤਾਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ। ਉਨ੍ਹਾਂ ਦੀ ਬਾਕਮਾਲ ਆਵਾਜ਼ ਅਤੇ ਖੂਬਸੂਰਤ ਪੇਸ਼ਕਾਰੀ ਸਦਕਾ ਸਰੋਤਿਆਂ ਨੇ ਉਨ੍ਹਾਂ ਨੂੰ ਖਿੜ੍ਹੇ ਮੱਥੇ ਕਬੂਲ ਕਰ ਲਿਆ।ਫਿਰੋਜ਼ ਦੀ ਫਿਤਰਤ 'ਚ ਹਥਿਆਰਾਂ ਤੇ ਭੜਕਾਊ ਗੀਤਾਂ ਲਈ ਕੋਈ ਥਾਂ ਨਹੀਂ ਹੈ।


sunita

Content Editor

Related News