ਅਲਵਿਦਾ 2020 : ਕੋਰੋਨਾ ਵਾਇਰਸ ਕਰਕੇ ਇਸ ਸਾਲ ਰਿਲੀਜ਼ ਹੋਈਆਂ ਸਿਰਫ 10 ਪੰਜਾਬੀ ਫ਼ਿਲਮਾਂ

12/29/2020 3:31:13 PM

ਚੰਡੀਗੜ੍ਹ (ਬਿਊਰੋ)– ਸਾਲ 2020 ’ਚ ਕੋਰੋਨਾ ਵਾਇਰਸ ਨੇ ਹਰ ਆਮ ਤੇ ਖਾਸ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਅਜਿਹਾ ਸ਼ਖਸ ਨਹੀਂ ਹੈ, ਜਿਸ ਦੀ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਕੋਰੋਨਾ ਵਾਇਰਸ ਨੇ ਪ੍ਰਭਾਵਿਤ ਨਾ ਕੀਤੀ ਹੋਵੇ। ਪੰਜਾਬੀ ਫ਼ਿਲਮਾਂ ’ਤੇ ਵੀ ਕੋਰੋਨਾ ਵਾਇਰਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਜਿਥੇ ਕੋਰੋਨਾ ਵਾਇਰਸ ਕਰਕੇ ਅਣਗਿਣਤ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਰੁੱਕ ਗਈ, ਉਥੇ ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫ਼ਿਲਮਾਂ ਵੀ ਠੰਡੇ ਬਸਤੇ ਪੈ ਗਈਆਂ। ਸਾਲ 2020 ਦੀ ਗੱਲ ਕਰੀਏ ਤਾਂ ਇਸ ਸਾਲ ਸਿਰਫ 10 ਪੰਜਾਬੀ ਫ਼ਿਲਮਾਂ ਹੀ ਰਿਲੀਜ਼ ਹੋ ਸਕੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ 10 ਪੰਜਾਬੀ ਫ਼ਿਲਮਾਂ ਬਾਰੇ–

1. ਜਾਨ ਤੋਂ ਪਿਆਰਾ (3 ਜਨਵਰੀ, 2020)
ਸਾਲ 2020 ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਜਾਨ ਤੋਂ ਪਿਆਰਾ’ ਨਾਲ ਹੋਈ। ਇਸ ਫ਼ਿਲਮ ’ਚ ਇੰਦਰਜੀਤ ਨਿੱਕੂ, ਰਾਏ ਜੁਝਾਰ, ਮੰਗੀ ਮਾਹਲ, ਸਾਕਸ਼ੀ ਮਾਗੂ, ਯੁਵਲੀਨ ਕੌਰ, ਵੀਨਾ ਮਲਿਕ, ਸਰਦਾਰ ਸੋਹੀ ਤੇ ਰਾਣਾ ਜੰਗ ਬਹਾਦੁਰ ਮੁੱਖ ਭੂਮਿਕਾ ’ਚ ਸਨ। ਫ਼ਿਲਮ ’ਚ ਐਕਸ਼ਨ, ਕਾਮੇਡੀ, ਰੋਮਾਂਸ ਤੇ ਇਮੋਸ਼ਨਜ਼ ਦਾ ਤੜਕਾ ਲਗਾਇਆ ਗਿਆ ਸੀ। ਫ਼ਿਲਮ ਹਰਪ੍ਰੀਤ ਸਿੰਘ ਮਠਾੜੂ ਵਲੋਂ ਡਾਇਰੈਕਟ ਕੀਤੀ ਗਈ ਸੀ, ਜਿਸ ਦੀ ਕਹਾਣੀ ਜੇ. ਐੱਸ. ਮਹਿਲ ਕਲਾਂ ਤੇ ਯਸ਼ ਰਾਜ ਧੀਮਾਨ ਨੇ ਲਿਖੀ ਸੀ। ਦਰਸ਼ਕਾਂ ’ਤੇ ਇਹ ਫ਼ਿਲਮ ਕੋਈ ਖਾਸ ਅਸਰ ਨਹੀਂ ਦਿਖਾ ਸਕੀ।

PunjabKesari

2. ਖਤਰੇ ਦਾ ਘੁੱਗੂ (17 ਜਨਵਰੀ, 2020)
17 ਜਨਵਰੀ ਨੂੰ ਪੰਜਾਬੀ ਫ਼ਿਲਮ ‘ਖਤਰੇ ਦਾ ਘੁੱਗੂ’ ਰਿਲੀਜ਼ ਹੋਈ। ਇਸ ਫ਼ਿਲਮ ’ਚ ਜੋਰਡਨ ਸੰਧੂ, ਦਿਲਜੋਤ, ਬੀ. ਐੱਨ. ਸ਼ਰਮਾ, ਅਨੀਤਾ ਸ਼ਬਦੀਸ਼, ਪ੍ਰਕਾਸ਼ ਗਾਧੂ ਆਦਿ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ’ਚ ਕਾਮੇਡੀ ਦਾ ਤੜਕਾ ਲਗਾਇਆ ਗਿਆ ਸੀ। ਫ਼ਿਲਮ ਨੂੰ ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਨੇ ਡਾਇਰੈਕਟ ਕੀਤਾ ਸੀ, ਜਦਕਿ ਕਹਾਣੀ ਰਵਿੰਦਰ ਮੰਡ ਨੇ ਲਿਖੀ ਸੀ। ਸਿਨੇਮਾਘਰਾਂ ’ਚ ਇਸ ਫ਼ਿਲਮ ਨੂੰ ਵੀ ਖਾਸ ਹੁੰਗਾਰਾ ਨਹੀਂ ਮਿਲਿਆ ਸੀ।

PunjabKesari

3. ਜਿੰਦੇ ਮੇਰੀਏ (24 ਜਨਵਰੀ, 2020)
ਪੰਜਾਬੀ ਸਿਨੇਮਾ ਨੂੰ 2020 ’ਚ ਥੋੜ੍ਹਾ ਉਛਾਲ ਫ਼ਿਲਮ ‘ਜਿੰਦੇ ਮੇਰੀਏ’ ਨੇ ਦਿੱਤਾ। ਇਸ ਫ਼ਿਲਮ ’ਚ ਪਰਮੀਸ਼ ਵਰਮਾ, ਸੋਨਮ ਬਾਜਵਾ, ਯੁਵਰਾਜ ਹੰਸ, ਨਵਨੀਤ ਕੌਰ ਢਿੱਲੋਂ, ਹੋਬੀ ਧਾਲੀਵਾਲ, ਅਨੀਤਾ ਦੇਵਗਨ, ਹਰਦੀਪ ਗਿੱਲ, ਮਲਕੀਤ ਰੌਣੀ ਤੇ ਰਵਿੰਦਰ ਮੰਡ ਨੇ ਮੁੱਖ ਭੂਮਿਕਾ ਨਿਭਾਈ ਸੀ। ਪਰਮੀਸ਼ ਇਸ ਫ਼ਿਲਮ ’ਚ ਗ੍ਰੇ ਸ਼ੇਡ ਕਿਰਦਾਰ ’ਚ ਨਜ਼ਰ ਆਏ ਸਨ। ਪਰਮੀਸ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖੂਬ ਤਾਰੀਫ ਮਿਲੀ ਸੀ। ਫ਼ਿਲਮ ਨੂੰ ਪੰਕਜ ਬਤਰਾ ਨੇ ਡਾਇਰੈਕਟ ਕੀਤਾ ਸੀ, ਜਦਕਿ ਕਹਾਣੀ ਵੀ ਖ਼ੁਦ ਪੰਕਜ ਬਤਰਾ ਨੇ ਲਿਖੀ ਸੀ। ਸਿਨੇਮਾਘਰਾਂ ’ਚ ਫ਼ਿਲਮ ਨੂੰ ਮਿਲਿਆ-ਜੁਲਿਆ ਹੁੰਗਾਰਾ ਵੇਖਣ ਨੂੰ ਮਿਲਿਆ ਸੀ।

PunjabKesari

4. ਜ਼ਖਮੀ (7 ਫਰਵਰੀ, 2020)
ਆਪਣੇ ਐਕਸ਼ਨ ਕਰਕੇ ਸਭ ਦੇ ਦਿਲਾਂ ’ਚ ਵੱਖਰੀ ਜਗ੍ਹਾ ਬਣਾਉਣ ਵਾਲੇ ਦੇਵ ਖਰੌੜ ਦੀ ਸਾਲ 2020 ’ਚ ਫ਼ਿਲਮ ‘ਜ਼ਖਮੀ’ ਰਿਲੀਜ਼ ਹੋਈ। ਦੇਵ ਖਰੌੜ ਨਾਲ ਇਸ ਫ਼ਿਲਮ ’ਚ ਆਂਚਲ ਸਿੰਘ, ਬੇਬੀ ਤੇਜੂ ਪੋਪਲੀ, ਲੱਖਾ ਲਹਿਰੀ ਆਦਿ ਨਜ਼ਰ ਆਏ। ਫ਼ਿਲਮ ਸਪੀਡ ਰਿਕਾਰਡਸ ਤੇ ਬੀਨੂੰ ਢਿੱਲੋਂ ਦੀ ਪੇਸ਼ਕਸ਼ ਸੀ। ਇਸ ਨੂੰ ਡਾਇਰੈਕਟ ਕਰਨ ਦੇ ਨਾਲ-ਨਾਲ ਕਹਾਣੀ ਤੇ ਸਕ੍ਰੀਨਪਲੇਅ ਵੀ ਇੰਦਰਜੀਤ ਸਿੰਘ ਵਲੋਂ ਲਿਖਿਆ ਗਿਆ ਸੀ। ਹਾਲਾਂਕਿ ਦੇਵ ਖਰੌੜ ਦੇ ਐਕਸ਼ਨ ਦੇ ਬਾਵਜੂਦ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਮਿਲਿਆ-ਜੁਲਿਆ ਹੁੰਗਾਰਾ ਹੀ ਮਿਲਿਆ।

PunjabKesari

5. ਸੁਫਨਾ (14 ਫਰਵਰੀ, 2020)
ਵੈਲੇਨਟਾਈਨਜ਼ ਡੇਅ ਮੌਕੇ ਐਮੀ ਵਿਰਕ ਤੇ ਤਾਨੀਆ ਦੀ ਖੂਬਸੂਰਤ ਪ੍ਰੇਮ ਕਹਾਣੀ ਵਾਲੀ ਫ਼ਿਲਮ ‘ਸੁਫਨਾ’ ਰਿਲੀਜ਼ ਹੋਈ। ਫ਼ਿਲਮ ’ਚ ਐਮੀ ਤੇ ਤਾਨੀਆ ਨਾਲ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹੀਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਤੇ ਮਿੰਟੂ ਕਾਪਾ ਨੇ ਅਹਿਮ ਕਿਰਦਾਰ ਨਿਭਾਏ ਸਨ। ਜਿਥੇ ਇਸ ਫ਼ਿਲਮ ’ਚ ਪ੍ਰੇਮ ਕਹਾਣੀ ਦੇਖਣ ਨੂੰ ਮਿਲੀ, ਉਥੇ ਨਾਲ ਹੀ ਕਾਮੇਡੀ ਤੇ ਇਮੋਸ਼ਨਜ਼ ਨੇ ਵੀ ਦਰਸ਼ਕਾਂ ਨੂੰ ਫ਼ਿਲਮ ਨਾਲ ਬੰਨ੍ਹੀ ਰੱਖਿਆ। ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟਰ ਵੀ ਖੁਦ ਜਗਦੀਪ ਸਿੱਧੂ ਨੇ ਕੀਤਾ ਸੀ। ਫ਼ਿਲਮ ਬਾਕਸ ਆਫਿਸ ’ਤੇ ਸਫਲ ਸਾਬਿਤ ਹੋਈ।

PunjabKesari

6. ਜੱਗਾ ਜਗਰਾਵਾਂ ਜੋਗਾ (14 ਫਰਵਰੀ, 2020)
14 ਫਰਵਰੀ ਨੂੰ ‘ਸੁਫਨਾ’ ਦੇ ਨਾਲ ਇਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਹੋਈ ਸੀ, ਜਿਸ ਦਾ ਨਾਂ ਸੀ ‘ਜੱਗਾ ਜਗਰਾਵਾਂ ਜੋਗਾ’। ਇਸ ਫ਼ਿਲਮ ਨਾਲ ਕੁਲਬੀਰ ਝਿੰਜਰ ਨੇ ਪਾਲੀਵੁੱਡ ’ਚ ਡੈਬਿਊ ਕੀਤਾ ਸੀ। ਫ਼ਿਲਮ ’ਚ ਸ਼ੈਰੀ ਉੱਪਲ, ਹੈਪੀ ਗੋਸਲ, ਜਸ਼ਨ ਅਗਨੀਹੋਤਰੀ, ਅਤੁਲ ਸੋਨੀ, ਵਿਕਟਰ ਜੌਨ ਨੇ ਵੀ ਅਹਿਮ ਕਿਰਦਾਰ ਨਿਭਾਏ ਸਨ। ਫ਼ਿਲਮ ਦੀ ਕਹਾਣੀ ਸ਼ੈਰੀ ਉੱਪਲ ਵਲੋਂ ਲਿਖੀ ਗਈ ਸੀ ਤੇ ਇਸ ਨੂੰ ਡਾਇਰੈਕਟ ਵੀ ਸ਼ੈਰੀ ਉੱਪਲ ਨੇ ਹੀ ਕੀਤਾ ਸੀ ਪਰ ਸਿਨੇਮਾਘਰਾਂ ’ਚ ਇਹ ਫ਼ਿਲਮ ਫਲਾਪ ਸਾਬਿਤ ਹੋਈ।

PunjabKesari

7. ਇਕ ਸੰਧੂ ਹੁੰਦਾ ਸੀ (28 ਫਰਵਰੀ, 2020)
ਇਸ ਫ਼ਿਲਮ ’ਚ ਵੱਡੀ ਸਟਾਰਕਾਸਟ ਦੇਖਣ ਨੂੰ ਮਿਲੀ। ਫ਼ਿਲਮ ’ਚ ਗਿੱਪੀ ਗਰੇਵਾਲ ਨੇ ‘ਰਾਜਵੀਰ ਸੰਧੂ’ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਐਕਸ਼ਨ ਨਾਲ ਭਰਪੂਰ ਸੀ, ਜਿਸ ’ਚ ਰੋਮਾਂਸ ਵੀ ਦੇਖਣ ਨੂੰ ਮਿਲਿਆ। ਗਿੱਪੀ ਤੋਂ ਇਲਾਵਾ ਫ਼ਿਲਮ ’ਚ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬੱਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਨੇ ਵੀ ਅਹਿਮ ਕਿਰਦਾਰ ਨਿਭਾਏ ਸਨ। ਫ਼ਿਲਮ ਨੂੰ ਡਾਇਰੈਕਟ ਰਾਕੇਸ਼ ਮਹਿਤਾ ਨੇ ਕੀਤਾ ਸੀ, ਜਦਕਿ ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਸੀ। ਫ਼ਿਲਮ ਬਾਕਸ ਆਫਿਸ ਦੀ ਖਿੜਕੀ ’ਤੇ ਉਮੀਦ ਮੁਤਾਬਕ ਹੀ ਕਮਾਈ ਕਰ ਪਾਈ।

PunjabKesari

8. ਜੋਰਾ– ਦਿ ਸੈਕਿੰਡ ਚੈਪਟਰ (6 ਮਾਰਚ, 2020)
ਸਾਲ 2017 ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਜੋਰਾ 10 ਨੰਬਰੀਆ’ ਦਾ ਸੀਕੁਅਲ ‘ਜੋਰਾ– ਦਿ ਸੈਕਿੰਡ ਚੈਪਟਰ’ 6 ਮਾਰਚ, 2020 ਨੂੰ ਰਿਲੀਜ਼ ਹੋਈ। ਫ਼ਿਲਮ ’ਚ ਦੀਪ ਸਿੱਧੂ ‘ਜੋਰਾ’ ਦੇ ਕਿਰਦਾਰ ’ਚ ਨਜ਼ਰ ਆਏ। ਦੀਪ ਤੋਂ ਇਲਾਵਾ ਧਰਮਿੰਦਰ, ਸਿੰਗਾ, ਜਪਜੀ ਖਹਿਰਾ, ਗੁੱਗੂ ਗਿੱਲ, ਮਾਹੀ ਗਿੱਲ, ਹੋਬੀ ਧਾਲੀਵਾਲ, ਅਸ਼ੀਸ਼ ਦੁੱਗਲ, ਯਾਦ ਗਰੇਵਾਲ, ਕੁਲ ਸਿੱਧੂ ਤੇ ਮੁਕੇਸ਼ ਤਿਵਾਰੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਏ। ਦੀਪ ਸਿੱਧੂ ਦੀ ਅਦਾਕਾਰੀ ਦੀ ਫ਼ਿਲਮ ’ਚ ਕਾਫੀ ਤਾਰੀਫ ਕੀਤੀ ਗਈ। ਫ਼ਿਲਮ ਦੀ ਕਹਾਣੀ, ਸਕ੍ਰੀਨਪਲੇਅ, ਡਾਇਲਾਗਸ ਤੇ ਡਾਇਰੈਕਸ਼ਨ ਅਮਰਦੀਪ ਸਿੰਘ ਗਿੱਲ ਦਾ ਹੀ ਸੀ। ਹਾਲਾਂਕਿ ਫ਼ਿਲਮ ਨੂੰ ਸਿਨੇਮਾਘਰਾਂ ’ਚ ਮਿਲਿਆ-ਜੁਲਿਆ ਹੁੰਗਾਰਾ ਹੀ ਮਿਲਿਆ।

PunjabKesari

9. ਚੱਲ ਮੇਰਾ ਪੁੱਤ 2 (13 ਮਾਰਚ, 2020)
ਸਾਲ 2020 ਦੀਆਂ ਸੁਪਰਹਿੱਟ ਫ਼ਿਲਮਾਂ ’ਚ ਸਭ ਤੋਂ ਉੱਪਰ ਨਾਂ ‘ਚੱਲ ਮੇਰਾ ਪੁੱਤ 2’ ਦਾ ਆਉਂਦਾ ਹੈ। ਇਹ ਫ਼ਿਲਮ ਭਾਵੇਂ ਸਿਨੇਮਾਘਰਾਂ ’ਚ ਸਿਰਫ 2 ਦਿਨ ਹੀ ਚੱਲੀ ਪਰ ਇਸ ਨੇ ਦਰਸ਼ਕਾਂ ਦੇ ਦਿਲਾਂ ਅੰਦਰ ਵੱਖਰੀ ਜਗ੍ਹਾ ਬਣਾ ਲਈ। ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ਦੇ ਹਰ ਪਾਸੇ ਸ਼ੋਅ ਹਾਊਸਫੁੱਲ ਰਹੇ। ਹਾਲਾਂਕਿ ਕੋਰੋਨਾ ਵਾਇਰਸ ਕਰਕੇ 13 ਮਾਰਚ ਨੂੰ ਰਿਲੀਜ਼ ਹੋਈ ਇਹ ਫ਼ਿਲਮ 15 ਮਾਰਚ ਤੋਂ ਸਿਨੇਮਾਘਰ ਬੰਦ ਹੋਣ ਕਾਰਨ ਹਟਾ ਦਿੱਤੀ ਗਈ। ਫ਼ਿਲਮ ’ਚ ਅਮਰਿੰਦਰ ਗਿੱਲ, ਗੈਰੀ ਸੰਧੂ, ਸਿਮੀ ਚਾਹਲ, ਇਫਤਿਖਾਰ ਠਾਕੁਰ, ਨਾਸਿਰ ਚਿਨੌਟੀ, ਅਕਰਮ ਉਦਾਸ, ਜ਼ਫਰੀ ਖ਼ਾਨ, ਹਰਦੀਪ ਗਿੱਲ, ਗੁਰਸ਼ਬਦ, ਰੂਬੀ ਅਨੁਮ ਤੇ ਨਿਰਮਲ ਰਿਸ਼ੀ ਨੇ ਅਹਿਮ ਕਿਰਦਾਰ ਨਿਭਾਏ ਸਨ। ਫ਼ਿਲਮ ਦੀ ਕਹਾਣੀ ਤੇ ਡਾਇਲਾਗਸ ਰਾਕੇਸ਼ ਧਵਨ ਵਲੋਂ ਲਿਖੇ ਗਏ ਸਨ, ਜਦਕਿ ਇਸ ਨੂੰ ਡਾਇਰੈਕਟ ਜਨਜੋਤ ਸਿੰਘ ਨੇ ਕੀਤਾ ਸੀ। ਫ਼ਿਲਮ ਸੁਪਰਹਿੱਟ ਸਾਬਿਤ ਹੋਈ।

PunjabKesari

10. ਇੱਕੋ-ਮਿੱਕੇ (13 ਮਾਰਚ, 2020)
13 ਮਾਰਚ ਨੂੰ ਹੀ ‘ਚੱਲ ਮੇਰਾ ਪੁੱਤ 2’ ਦੇ ਨਾਲ ਪੰਜਾਬੀ ਫ਼ਿਲਮ ‘ਇੱਕੋ-ਮਿੱਕੇ’ ਰਿਲੀਜ਼ ਹੋਈ। ਫ਼ਿਲਮ ’ਚ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਸੀ। ਪਿਆਰ ਨਾਲ ਭਰਪੂਰ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਸਰਤਾਜ ਤੇ ਅਦਿਤੀ ਤੋਂ ਇਲਾਵਾ ਫ਼ਿਲਮ ’ਚ ਸਰਦਾਰ ਸੋਹੀ, ਮਾਹਾਬੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੇ, ਰਾਜ ਧਾਲੀਵਾਲ, ਨੂਰ ਚਾਹਲ ਤੇ ਉਮੰਗ ਸ਼ਰਮਾ ਨੇ ਅਹਿਮ ਕਿਰਦਾਰ ਨਿਭਾਏ ਸਨ। ਫ਼ਿਲਮ ਨੂੰ ਪੰਕਜ ਵਰਮਾ ਨੇ ਡਾਇਰੈਕਟ ਕੀਤਾ ਸੀ, ਜਦਕਿ ਇਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਵੀ ਖ਼ੁਦ ਪੰਕਜ ਵਰਮਾ ਨੇ ਲਿਖੇ ਸਨ। ਫ਼ਿਲਮ ਦੇ ਜ਼ਿਆਦਾਤਰ ਸ਼ੋਅਜ਼ ਹਾਊਸਫੁੱਲ ਰਹੇ।

PunjabKesari

ਨੋਟ– ਸਾਲ 2020 ’ਚ ਰਿਲੀਜ਼ ਹੋਈਆਂ ਇਨ੍ਹਾਂ ਪੰਜਾਬੀ ਫ਼ਿਲਮਾਂ ’ਚੋਂ ਤੁਹਾਡੀ ਮਨਪਸੰਦ ਕਿਹੜੀ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News