ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਪੰਜਾਬੀ ਫ਼ਿਲਮ ਡਾਇਰੈਕਟਰ ਨੇ ਕੀਤੀ ਖੁਦਕੁਸ਼ੀ, ਕਰਮਜੀਤ ਅਨਮੋਲ ਨੇ ਦਿੱਤੀ ਸ਼ਰਧਾਂਜਲੀ
Sunday, Sep 25, 2022 - 03:03 PM (IST)
ਲਹਿਰਾਗਾਗਾ (ਨਰੇਸ਼ ਗਰਗ) : ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ ਨੇ ਥਾਣਾ ਸਰਹਿੰਦ ਵਿਖੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦਾ 32 ਸਾਲਾ ਨੌਜਵਾਨ ਪੁੱਤਰ ਤਰਨਜੀਤ ਟੋਰੀ ਪੰਜਾਬੀ ਫ਼ਿਲਮਾਂ 'ਚ ਬਤੌਰ ਡਾਇਰੈਕਟਰ ਕੰਮ ਕਰਦਾ ਸੀ। ਕਰੀਬ ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਪਿੰਡ ਬਡਾਲੀ ਥਾਣਾ ਖਰੜ ਦੇ ਤਜਿੰਦਰ ਕੁਮਾਰ ਦੀ ਪੁੱਤਰੀ ਵਿਜੇ ਲਕਸ਼ਮੀ ਉਰਫ ਹਿਨਾ ਨਾਲ ਹਿੰਦੂ ਰੀਤੀ-ਰਿਵਾਜ਼ਾਂ ਨਾਲ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ, ਪਿਛਲੇ ਦਿਨੀਂ ਜਦੋਂ ਉਹ ਆਪਣੀ ਪਤਨੀ ਨਾਲ ਆਪਣੇ ਸਹੁਰੇ ਘਰ ਮਿਲਣ ਗਿਆ ਤਾਂ ਉਸ ਨੇ ਮੇਰੇ ਭਾਣਜੇ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਮੇਰਾ ਸਹੁਰਾ ਪਰਿਵਾਰ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ। ਮੇਰੀ ਇੱਜ਼ਤ ਨਹੀਂ ਕਰਦਾ, ਜਿਸ ਕਾਰਨ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ।
ਦੱਸ ਦਈਏ ਕਿ ਇਸ ਤੋਂ ਬਾਅਦ ਤਰਨਜੀਤ ਟੋਰੀ ਦੀ ਕਾਰ ਭਾਖੜਾ ਨਹਿਰ 'ਤੇ ਖੜ੍ਹੀ ਮਿਲੀ। ਬੀਤੇ ਦਿਨ ਤਲਾਸ਼ ਕਰਨ 'ਤੇ ਤਰਨਜੀਤ ਟੋਰੀ ਦੀ ਲਾਸ਼ ਖਨੌਰੀ ਦੇ ਨਜ਼ਦੀਕ ਭਾਖੜਾ ਨਹਿਰ 'ਚ ਤੈਰਦੀ ਮਿਲੀ ਹੈ। ਪੁਲਸ ਨੇ ਮ੍ਰਿਤਕ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਤਰਨਜੀਤ ਟੋਰੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਸੱਸ ਸਹੁਰਾ ਅਤੇ ਸਾਲੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਰਨਜੀਤ ਟੋਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੂਜੇ ਪਾਸੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਸਣੇ ਹੋਰਨਾਂ ਕਲਾਕਾਰਾਂ ਨੇ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਦੀ ਬੇਵਕਤ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।