ਕੰਗਨਾ ਦੇ ਟਵਿਟਰ ਬੈਨ ’ਤੇ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਪ੍ਰਗਟਾਈ ਖੁਸ਼ੀ, ਦੇਖੋ ਪੋਸਟਾਂ

5/4/2021 5:35:05 PM

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਅੱਜ ਪੱਕੇ ਤੌਰ ’ਤੇ ਬੈਨ ਕਰ ਦਿੱਤਾ ਗਿਆ ਹੈ। ਟਵਿਟਰ ਨੇ ਇਹ ਕਾਰਵਾਈ ਹਿੰਸਾ ਭੜਕਾਉਣ ਵਾਲੇ ਕੀਤੇ ਕੰਗਨਾ ਦੇ ਟਵੀਟਸ ਤੋਂ ਬਾਅਦ ਕੀਤੀ ਹੈ। ਕੰਗਨਾ ਨੇ ਬੰਗਾਲ ਚੋਣਾਂ ਨੂੰ ਲੈ ਕੇ ਇਤਰਾਜ਼ਯੋਗ ਟਵੀਟਸ ਕੀਤੇ ਸਨ ਤੇ ਹਿੰਸਾ ਭੜਕਾਉਣ ਵਾਲੇ ਬੋਲ ਵੀ ਲਿਖੇ ਸਨ। ਇਸ ਸਭ ਨੂੰ ਦੇਖਦਿਆਂ ਉਸ ਦਾ ਟਵਿਟਰ ਅਕਾਊਂਟ ਬੈਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ਅਕਾਊਂਟ ਬੈਨ ਹੋਣ ਤੋਂ ਬਾਅਦ ਕੰਗਨਾ ਰਣੌਤ ਦਾ ਸਾਹਮਣੇ ਆਇਆ ਪਹਿਲਾ ਬਿਆਨ

ਜਿਵੇਂ ਹੀ ਕੰਗਨਾ ਦਾ ਟਵਿਟਰ ਅਕਾਊਂਟ ਬੈਨ ਹੋਇਆ ਤਾਂ ਟਵਿਟਰ ’ਤੇ #KanganaRanaut ਤੇ #Suspended ਹੈਸ਼ਟੈਗ ਟਰੈਂਡ ਕਰਨ ਲੱਗੇ। ਇਨ੍ਹਾਂ ਤੋਂ ਇਲਾਵਾ ਵੀ ਕੁਝ ਹੈਸ਼ਟੈਗ ਟਰੈਂਡ ਕਰ ਰਹੇ ਹਨ, ਜਿਨ੍ਹਾਂ ’ਚ ਲੋਕ ਟਵਿਟਰ ਦਾ ਧੰਨਵਾਦ ਕਰ ਰਹੇ ਹਨ ਤੇ ਟਵਿਟਰ ’ਤੇ ਕੰਗਨਾ ਦੀ ਗੈਰ-ਮੌਜੂਦਗੀ ਦਾ ਮਜ਼ਾਕ ਉਡਾ ਰਹੇ ਹਨ।

ਕੰਗਨਾ ਦੇ ਟਵਿਟਰ ਅਕਾਊਂਟ ਬੈਨ ਨਾਲ ਕੁਝ ਪੰਜਾਬੀ ਕਲਾਕਾਰ ਵੀ ਬੇਹੱਦ ਖੁਸ਼ ਹਨ। ਗਾਇਕ ਪ੍ਰਭ ਗਿੱਲ ਨੇ ਪੋਸਟ ਸਾਂਝੀ ਕਰਕੇ ਟਵਿਟਰ ਇੰਡੀਆ ਦਾ ਧੰਨਵਾਦ ਕੀਤਾ ਹੈ।

ਗਾਇਕ ਅਰਮਾਨ ਬੇਦਿਲ ਨੇ ਵੀ ਟਵਿਟਰ ਇੰਡੀਆ ਦਾ ਕੰਗਨਾ ਦਾ ਟਵਿਟਰ ਅਕਾਊਂਟ ਬੈਨ ਕਰਨ ’ਤੇ ਧੰਨਵਾਦ ਪ੍ਰਗਟ ਕੀਤਾ ਹੈ।

ਗਾਇਕ ਜਸਬੀਰ ਜੱਸੀ ਨੇ ਕੰਗਨਾ ਦੇ ਟਵਿਟਰ ਬੈਨ ’ਤੇ ਇਕ ਪੋਸਟ ’ਚ ਲਿਖਿਆ, ‘ਕੰਗਨਾ ਦਾ ਟਵਿਟਰ ਬੈਨ ਨਾ ਸਿਰਫ ਵਧੀਆ ਹੈ, ਸਗੋਂ ਸੁਸਾਇਟੀ ਲਈ ਵੀ ਬਹੁਤ ਲਾਹੇਵੰਦ ਹੈ। ਲੋਕਾਂ ਨੂੰ ਗੈਰ-ਸੰਵੇਦਨਸ਼ੀਲ ਬਿਆਨਾਂ ਦੇ ਆਧਾਰ ’ਤੇ ਰਾਏ ਬਣਾਉਣ ਦੀ ਇਜਾਜ਼ਤ ਦੇਣਾ ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ। ਟਵਿਟਰ ਨੇ ਇਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ।’

ਦੱਸਣਯੋਗ ਹੈ ਕਿ ਟਵਿਟਰ ਅਕਾਊਂਟ ਬੈਨ ਹੋਣ ਤੋਂ ਬਾਅਦ ਕੰਗਨਾ ਨੇ ਇਕ ਬਿਆਨ ਜਾਰੀ ਕੀਤਾ ਸੀ, ਜਿਸ ’ਚ ਉਸ ਨੇ ਕਿਹਾ ਸੀ, ‘ਟਵਿਟਰ ਨੇ ਮੇਰੀ ਇਸ ਗੱਲ ਨੂੰ ਮੁੜ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹਨ ਤੇ ਜਨਮ ਤੋਂ ਹੀ ਉਹ ਅਮਰੀਕੀ ਲੋਕ ਭੂਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਦੀ ਮਾਨਸਿਕਤਾ ਰੱਖਦੇ ਹਨ। ਉਹ ਦੱਸਦੇ ਹਨ ਕਿ ਤੁਸੀਂ ਕੀ ਸੋਚਣਾ, ਤੁਸੀਂ ਕੀ ਬੋਲਣਾ ਤੇ ਕੀ ਕਰਨਾ ਹੈ। ਖੁਸ਼ਕਿਸਮਤੀ ਨਾਲ ਮੇਰੇ ਕੋਲ ਹੋਰ ਵੀ ਪਲੇਟਫਾਰਮ ਮੌਜੂਦ ਹਨ, ਜਿਨ੍ਹਾਂ ਰਾਹੀਂ ਮੈਂ ਆਪਣੀ ਆਵਾਜ਼ ਉਠਾ ਸਕਦੀ ਹਾਂ ਤੇ ਆਪਣੇ ਸਿਨੇਮਾ ਰਾਹੀਂ ਲੋਕਾਂ ਤਕ ਗੱਲ ਪਹੁੰਚਾ ਸਕਦੀ ਹਾਂ।’

ਨੋਟ– ਤੁਸੀਂ ਕੰਗਨਾ ਦੇ ਟਵਿਟਰ ਬੈਨ ’ਤੇ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh