ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਦਾ ਦਰਦ ਜਾਣਦਾ ਹਾਂ : ਯੋਗਰਾਜ ਸਿੰਘ

10/22/2020 1:07:37 PM

ਸਾਹਨੇਵਾਲ (ਹਨੀ) - ਪੰਜਾਬ ਦੇ ਜੰਮਪਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਸ. ਯੋਗਰਾਜ ਸਿੰਘ ਨੇ ਅੱਜ ਸਾਹਨੇਵਾਲ ਵਿਖੇ ਆਪਣੇ ਸੱਜਣਾਂ-ਮਿੱਤਰਾਂ ਨੂੰ ਮਿਲਣ ਉਪਰੰਤ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਮਨਜਿੰਦਰ ਸਿੰਘ ਮਾਂਗਟ ਦੇ ਦਫ਼ਤਰ ਵਿਖੇ ਪੁੱਜਣ 'ਤੇ ਸ. ਯੋਗਰਾਜ ਸਿੰਘ ਦਾ ਕੌਂਸਲਰ ਮਾਂਗਟ ਅਤੇ ਕੌਂਸਲਰ ਕੁਲਵਿੰਦਰ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸ. ਯੋਗਰਾਜ ਨੇ ਕਿਹਾ ਕਿ ਮੈਂ ਫ਼ਿਲਮ ਅਦਾਕਾਰ ਬਾਅਦ ਵਿਚ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਦਾ ਪੁੱਤਰ ਹਾਂ ਅਤੇ ਪੰਜਾਬ ਲਈ ਹਰ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਾਂਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਸੀਂ ਆਪਣੀ ਪੂਰੀ ਜ਼ਿੰਦ-ਜਾਨ ਕੁਰਬਾਨ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਦਾ ਇਕ ਟੋਟਾ ਵੀ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਜੇਕਰ ਪੰਜਾਬ ਦੀ ਧਰਤੀ ਮਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੇਖਿਆਂ ਤਾਂ ਅਸੀਂ ਉਸ ਨੂੰ ਕਿਸੇ ਵੀ ਕੀਮਤ 'ਤੇ ਮੁਆਫ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਦਾ ਦਰਦ ਜਾਣਦਾ ਹਾਂ। ਸਰਕਾਰਾਂ ਭੁੱਲ ਜਾਂਦੀਆਂ ਹਨ ਕਿ ਜਦੋਂ ਵੀ ਦੇਸ਼ 'ਤੇ ਕੋਈ ਮੁਸੀਬਤ ਆਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਪੁੱਤਰ ਅੱਗੇ ਹੋ ਕੇ ਖੜ੍ਹਦੇ ਹਨ। ਇਸ ਮੌਕੇ ਵਿਜੇ ਪੁਰੀ, ਬਿੱਲੂ ਕਨੇਚ ਸਮਾਜਸੇਵੀ ਆਦਿ ਹਾਜ਼ਰ ਸਨ।'

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੀ ਵਾਰ ਪੂਰਾ ਗਾਇਕੀ ਭਾਈਚਾਰਾ ਇਕੱਠਾ ਹੋਇਆ ਹੈ। ਆਏ ਦਿਨ ਵੱਖ-ਵੱਖ ਥਾਵਾਂ 'ਤੇ ਧਰਨੇ ਲਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਪ੍ਰਦਰਸ਼ਨ ਜਾਰੀ ਹੈ।
 


sunita

Content Editor

Related News