ਖੇਤੀ ਕਾਨੂੰਨਾਂ ਦੀ ਵਾਪਸੀ ਦੀ ਸੁੱਖਣਾ ਪੂਰੀ ਹੋਣ 'ਤੇ ਪੈਦਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਪ੍ਰੀਤ ਹਰਪਾਲ
Monday, Nov 29, 2021 - 04:43 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤ ਹਰਪਾਲ ਗੁਰੂ ਸਾਹਿਬ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਪ੍ਰੀਤ ਹਰਪਾਲ ਨੇ ਖੇਤੀ ਬਿੱਲਾਂ ਦੇ ਵਾਪਸ ਹੋਣ ਲਈ ਅਰਦਾਸ ਕੀਤੀ ਸੀ ਕਿ ਜੇ ਸੁੱਖੀ ਸਾਂਦੀ ਖੇਤੀ ਬਿੱਲ ਵਾਪਸ ਹੁੰਦੇ ਹਨ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪੈਦਲ ਜਾ ਕੇ ਆਪਣੇ ਪੁੱਤਰ ਨਾਲ ਮੱਥਾ ਟੇਕਣਗੇ। ਇਹ ਅਰਦਾਸ ਗੁਰੂ ਸਾਹਿਬ ਦੀ ਹਜ਼ੂਰੀ 'ਚ ਮਨਜ਼ੂਰ ਵੀ ਹੋਈ। ਇਸ ਤੋਂ ਬਾਅਦ ਗਾਇਕ ਆਪਣੇ ਪੁੱਤਰ ਅਤੇ ਕੁਝ ਸਾਥੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪਹੁੰਚੇ ਸਨ। ਪ੍ਰੀਤ ਹਰਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕ ਕੇ ਖੇਤੀ ਕਾਨੂੰਨ ਵਾਪਸ ਲਏ ਜਾਣ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਕਿਸਾਨਾਂ ਦੇ ਅੰਦੋਲਨ ਨਾਲ ਵੀ ਜੁੜੇ ਹੋਏ ਹਨ ਅਤੇ ਉਹ ਅਕਸਰ ਕਿਸਾਨਾਂ ਦੇ ਸਮਰਥਨ 'ਚ ਪੋਸਟਾਂ ਅਤੇ ਗੀਤ ਸ਼ੇਅਰ ਕਰਦੇ ਰਹਿੰਦੇ ਹਨ। ਕਿਸਾਨਾਂ ਦੇ ਹੱਕ 'ਚ ਉਹ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਪੂਰੀ ਪੰਜਾਬੀ ਇੰਡਸਟਰੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਪਣੇ ਗੀਤਾਂ ਨਾਲ ਆਵਾਜ਼ ਬੁਲੰਦ ਕਰਦੀ ਰਹੀ ਹੈ। ਭਾਵੇਂ ਉਹ ਗਾਇਕ ਕੰਵਰ ਗਰੇਵਾਲ ਹੋਣ, ਹਰਫ ਚੀਮਾ, ਕਰਮਜੀਤ ਅਨਮੋਲ, ਰੇਸ਼ਮ ਸਿੰਘ ਅਨਮੋਲ ਹੋਣ ਜਾਂ ਫਿਰ ਕੋਈ ਹੋਰ ਗਾਇਕ। ਹਰ ਗਾਇਕ ਨੇ ਕਿਸਾਨ ਅੰਦੋਲਨ 'ਚ ਆਪਣੀ ਹਾਜ਼ਰੀ ਲਵਾਈ ਸੀ। ਇਹੀ ਕਾਰਨ ਹੈ ਕਿ ਕਿਸਾਨਾਂ ਦੀ ਏਕਤਾ ਦੇ ਨਾਲ ਪੰਜਾਬੀ ਸੈਲੀਬ੍ਰੇਟੀਜ਼ ਦੀ ਇੱਕਜੁਟਤਾ ਕਾਰਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।