ਪੂਨਮ ਪਾਂਡੇ ਦੇ ਘਟੀਆ ਮੌਤ ਦੇ ਸਟੰਟ ’ਤੇ ਪਤੀ ਸੈਮ ਬਾਂਬੇ ਦਾ ਬਿਆਨ ਆਇਆ ਸਾਹਮਣੇ

02/04/2024 6:13:50 PM

ਮੁੰਬਈ (ਬਿਊਰੋ)– ਇਸ ਸਮੇਂ ਪੂਰੇ ਦੇਸ਼ ’ਚ ਇਕ ਹੀ ਚਰਚਾ ਚੱਲ ਰਹੀ ਹੈ ਤੇ ਉਹ ਹੈ ਅਦਾਕਾਰਾ ਪੂਨਮ ਪਾਂਡੇ ਦੀ। ਸ਼ੁੱਕਰਵਾਰ ਨੂੰ ਪੂਨਮ ਪਾਂਡੇ ਨੇ ਆਪਣੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ। ਉਸ ਦੇ ਇੰਸਟਾਗ੍ਰਾਮ ’ਤੇ ਲਿਖਿਆ ਸੀ ਕਿ ਸਰਵਾਈਕਲ ਕੈਂਸਰ ਕਾਰਨ ਉਹ ਇਸ ਦੁਨੀਆ ’ਚ ਨਹੀਂ ਰਹੀ।

ਹਾਲਾਂਕਿ ਠੀਕ 24 ਘੰਟਿਆਂ ਬਾਅਦ ਅਦਾਕਾਰਾ ਸੋਸ਼ਲ ਮੀਡੀਆ ’ਤੇ ਲਾਈਵ ਆਈ ਤੇ ਦੱਸਿਆ ਕਿ ਉਹ ਜ਼ਿੰਦਾ ਹੈ। ਉਸ ਨੇ ਇਹ ਸਭ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ। ਹੁਣ ਹਰ ਕੋਈ ਸੋਸ਼ਲ ਮੀਡੀਆ ’ਤੇ ਅਦਾਕਾਰਾ ਦੇ ਇਸ ਘਟੀਆ ਸਟੰਟ ’ਤੇ ਆਪਣਾ ਗੁੱਸਾ ਜ਼ਾਹਿਰ ਕਰ ਰਿਹਾ ਹੈ। ਹੁਣ ਤੱਕ ਕਈ ਟੀ. ਵੀ. ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਦੌਰਾਨ ਹੁਣ ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਸ ਨੇ ਇਸ ਲਈ ਆਪਣੀ ਸਾਬਕਾ ਪਤਨੀ ਦਾ ਸਮਰਥਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਸੈਮ ਬਾਂਬੇ ਨੇ ਪੂਨਮ ਦਾ ਸਾਥ ਦਿੱਤਾ
ਸੈਮ ਬਾਂਬੇ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਉਸ ਨੇ ਅਜਿਹਾ ਕੀਤਾ... ਉਹ ਜ਼ਿੰਦਾ ਹੈ। ਮੇਰੇ ਲਈ ਇਹ ਕਾਫ਼ੀ ਹੈ। ਜਦੋਂ ਮੈਂ ਉਸ ਦੀ ਮੌਤ ਦੀ ਖ਼ਬਰ ਸੁਣੀ ਤਾਂ ਮੇਰੇ ਦਿਲ ’ਚ ਕੁਝ ਵੀ ਮਹਿਸੂਸ ਨਹੀਂ ਹੋਇਆ। ਨੁਕਸਾਨ ਦਾ ਕੋਈ ਅਹਿਸਾਸ ਨਹੀਂ ਸੀ ਤੇ ਮੈਂ ਸੋਚਿਆ ਕਿ ਇਹ ਨਹੀਂ ਹੋ ਸਕਦਾ। ਮੈਨੂੰ ਕੁਝ ਮਹਿਸੂਸ ਕਿਉਂ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਜੁੜੇ ਹੁੰਦੇ ਹੋ, ਤੁਹਾਨੂੰ ਸਭ ਕੁਝ ਮਹਿਸੂਸ ਹੁੰਦਾ ਹੈ। ਮੈਂ ਹਰ ਰੋਜ਼ ਉਸ (ਪੂਨਮ ਪਾਂਡੇ) ਬਾਰੇ ਸੋਚਦਾ ਹਾਂ ਤੇ ਮੈਂ ਹਰ ਰੋਜ਼ ਉਸ ਲਈ ਪ੍ਰਾਰਥਨਾ ਕਰਦਾ ਹਾਂ। ਜੇਕਰ ਕੁਝ ਗਲਤ ਹੋਇਆ ਤਾਂ ਮੈਨੂੰ ਪਤਾ ਲੱਗੇਗਾ।’’

ਸੈਮ ਤੇ ਪੂਨਮ ਦਾ ਤਲਾਕ ਨਹੀਂ ਹੋਇਆ
ਇਸ ਦੌਰਾਨ ਸੈਮ ਨੇ ਇਹ ਵੀ ਦੱਸਿਆ, ‘‘ਨਹੀਂ, ਸਾਡਾ ਅਜੇ ਤਲਾਕ ਨਹੀਂ ਹੋਇਆ ਹੈ।’’ ਉਸ ਨੇ ਪੂਨਮ ਦੇ ਪਬਲੀਸਿਟੀ ਸਟੰਟ ਦਾ ਵੀ ਸਮਰਥਨ ਕੀਤਾ ਤੇ ਕਿਹਾ, “ਜੇ ਕੋਈ ਆਪਣੇ ਸਟਾਰਡਮ ਤੇ ਅਕਸ ਦੀ ਪਰਵਾਹ ਕੀਤੇ ਬਿਨਾਂ ਕਿਸੇ ਮੁੱਦੇ ’ਤੇ ਜਾਗਰੂਕਤਾ ਫੈਲਾਉਂਦਾ ਹੈ ਤਾਂ ਆਓ ਉਸ ਦਾ ਸਤਿਕਾਰ ਕਰੀਏ।’’

ਸਾਲ 2020 ’ਚ ਵਿਆਹ ਹੋਇਆ ਸੀ
ਪੂਨਮ ਤੇ ਸੈਮ ਨੇ ਸਾਲ 2020 ’ਚ ਗੁਪਤ ਵਿਆਹ ਕਰਵਾ ਲਿਆ ਸੀ। ਇਸ ਜੋੜੇ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ ਦਿੱਤੀ। ਹਾਲਾਂਕਿ ਵਿਆਹ ਦੇ 12 ਦਿਨਾਂ ਦੇ ਅੰਦਰ ਹੀ ਸੈਮ ਬਾਂਬੇ ਤੋਂ ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਵੀ ਆ ਗਈ। ਪੂਨਮ ਨੇ ਆਪਣੇ ਪਤੀ ਸੈਮ ਬਾਂਬੇ ’ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News