ਨੈਗੇਟਿਵ ਕਿਰਦਾਰ ਨਿਭਾਉਣਾ ਇਕ ਵੱਖਰੇ ਮਾਈਂਡਸੈੱਟ ''ਚ ਜਾਣ ਵਰਗਾ ਤਜ਼ਰਬਾ ਹੈ: ਬੋਮਨ ਈਰਾਨੀ
Friday, Jun 20, 2025 - 01:36 PM (IST)

ਮੁੰਬਈ- ਫਿਲਮਾਂ ’ਚ ਸਸਪੈਂਸ-ਥ੍ਰਿਲ ਅਤੇ ਡਿਟੈਕਟਿਵ ਜਾਨਰ ਦਰਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਜੀ-5 ਅਜਿਹੀ ਹੀ ਇਕ ਫਿਲਮ ‘ਡਿਟੈਕਟਿਵ ਸ਼ੇਰਦਿਲ’ ਲੈ ਕੇ ਆ ਰਿਹਾ ਹੈ। ਇਹ ਇਕ ਰੋਮਾਂਚਕ ਮਿਸਟਰੀ ਫਿਲਮ ਹੈ, ਜਿਸ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿਚ ਉਹ ਇਕ ਬੇਹੱਦ ਦਿਲਚਸਪ ਤੇ ਅਲੱਗ ਕਿਸਮ ਦੇ ਜਾਸੂਸ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਰਵੀ ਛਾਬੜੀਆ ਦੁਆਰਾ ਨਿਰਦੇਸ਼ਤ ਇਸ ਫਿਲਮ ਵਿਚ ਦਿਲਜੀਤ ਨਾਲ ਬੋਮਨ ਇਰਾਨੀ, ਰਤਨਾ ਪਾਠਕ ਸ਼ਾਹ, ਚੰਕੀ ਪਾਂਡੇ, ਬਨੀਤਾ ਸੰਧੂ ਅਤੇ ਸੁਮਿਤ ਵਿਆਸ ਅਹਿਮ ਭੂਮਿਕਾਵਾਂ ਵਿਚ ਹਨ। ‘ਡਿਟੈਕਟਿਵ ਸ਼ੇਰਦਿਲ’ 20 ਜੂਨ ਯਾਨੀ ਅੱਜ ਜੀ-5 ’ਤੇ ਸਟ੍ਰੀਮ ਕੀਤੀ ਗਈ। ਬਨੀਤਾ ਸੰਧੂ ਅਤੇ ਬੋਮਨ ਈਰਾਨੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਬੋਮਨ ਇਰਾਨੀ
ਪ੍ਰ. ਤੁਸੀਂ ਨੈਗੇਟਿਵ ਰੋਲ ਵੀ ਕੀਤੇ ਹਨ। ਅਜਿਹੇ ਕਿਰਦਾਰ ਨਿਭਾਉਣ ਦਾ ਤਜਰਬਾ ਕਿਵੇਂ ਦਾ ਰਿਹਾ?
ਮੈਂ ਖ਼ੁਦ ਨੂੰ ਲੱਕੀ ਮੰਨਦਾ ਹਾਂ ਕਿ ਮੈਨੂੰ ਜ਼ਿੰਦਗੀ ਦੇ ਉਸ ਹਿੱਸੇ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਦਾ ਹੈ, ਜਿੱਥੇ ਇਨਸਾਨ ਦਾ ਇਕ ਡਾਰਕ ਅਤੇ ਕੰਪਲੈਕਸ ਰੂਪ ਸਾਹਮਣੇ ਆਉਂਦਾ ਹੈ। ਇਕ ਐਕਟਰ ਦੇ ਤੌਰ ’ਤੇ ਸਾਨੂੰ ਹਰ ਕਿਰਦਾਰ ਲਈ ਆਪਣਾ ਪੂਰਾ ਅਪ੍ਰੋਚ ਬਦਲਣਾ ਪੈਂਦਾ ਹੈ। ਚਾਹੇ ਉਹ ਪਾਜ਼ੇਟਿਵ ਹੋਵੇ ਜਾਂ ਨੈਗੇਟਿਵ। ਅਜਿਹਾ ਕਿਰਦਾਰ ਨਿਭਾਉਣਾ ਇਕ ਅਲੱਗ ਹੀ ਮਾਈਂਡਸੈੱਟ ’ਚ ਜਾਣ ਵਰਗਾ ਹੁੰਦਾ ਹੈ। ਨੈਗੇਟਿਵ ਰੋਲ ਚੁਣੌਤੀਪੂਰਨ ਹੁੰਦੇ ਹਨ ਪਰ ਉਹ ਮੈਨੂੰ ਇਕ ਐਕਟਰ ਵਜੋਂ ਪੁਸ਼ ਕਰਦੇ ਹਨ ਅਤੇ ਸੱਚ ਕਹਾਂ ਤਾਂ ਮੈਨੂੰ ਉਹ ਕਰਨ ਵਿਚ ਮਜ਼ਾ ਆਉਂਦਾ ਹੈ।
ਪ੍ਰ. ਕੀ ਡਿਟੈਕਟਿਵ ਜਾਨਰ ਵਿਚ ਤੁਹਾਡੀ ਦਿਲਚਸਪੀ ਰਹੀ ਹੈ। ਇਕ ਦਰਸ਼ਕ ਵਜੋਂ ਇਸ ਤਰ੍ਹਾਂ ਦੀਆਂ ਫਿਲਮਾਂ ਤੋਂ ਕੀ ਉਮੀਦ ਕਰਦੇ ਹੋ?
ਜੀ ਹਾਂ, ਮੈਨੂੰ ਡਿਟੈਕਟਿਵ ਤੇ ਹੂ-ਡਨ-ਇਟ ਜਾਨਰ ਬਹੁਤ ਪਸੰਦ ਹੈ। ਇਹ ਮੇਰੇ ਫੇਵਰਟ ਜਾਨਰ ’ਚੋਂ ਇਕ ਹੈ। ਇਕ ਦਰਸ਼ਕ ਵਜੋਂ ਵੀ ਮੈਂ ਉਨ੍ਹਾਂ ਫਿਲਮਾਂ ਵੱਲ ਆਕਰਸ਼ਿਤ ਹੁੰਦਾ ਹਾਂ, ਜਿੱਥੇ ਸਸਪੈਂਸ ਹੋਵੇ, ਟਵਿਸਟ ਹੋਵੇ ਤੇ ਜਿੱਥੇ ਮੈਂ ਖ਼ੁਦ ਵੀ ਕੇਸ ਸੁਲਝਾਉਣ ਦੀ ਕੋਸ਼ਿਸ਼ ਕਰਾਂ। ਅਜਿਹੀਆਂ ਫਿਲਮਾਂ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਮੈਨੂੰ ਪਤਾ ਹੈ ਕਿ ਕਿਸ ਨੇ ਕੀਤਾ ਤੇ ਫਿਰ ਵੀ ਕਹਾਣੀ ਤੁਹਾਨੂੰ ਹੈਰਾਨ ਕਰ ਦਿੰਦੀ ਹੈ, ਉਹੀ ਇਸ ਜਾਨਰ ਦਾ ਅਸਲੀ ਮਜ਼ਾ ਹੈ। ਲੇਖਕ ਕੋਲ ਹਮੇਸ਼ਾ ਇਕ ਐਡਵਾਂਟੇਜ ਹੁੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਕਹਾਣੀ ਕਿੱਥੇ ਜਾ ਰਹੀ ਹੈ ਪਰ ਦਰਸ਼ਕ ਉਸ ਸਫ਼ਰ ਦਾ ਹਿੱਸਾ ਹੁੰਦੇ ਹਨ, ਉਹ ਲਾਈਵ ਉਸ ਸਸਪੈਂਸ ਨੂੰ ਮਹਿਸੂਸ ਕਰਦੇ ਹਨ ਤੇ ਇਹੀ ਤਜਰਬਾ ਉਨ੍ਹਾਂ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਲਈ ਅਜਿਹੀਆਂ ਕਹਾਣੀਆਂ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ।
ਪ੍ਰ. ਤੁਸੀਂ ਇਸ ਫਿਲਮ ਨੂੰ ਕਿਵੇਂ ਚੁਣਿਆ? ਇਸ ਪ੍ਰਾਜੈਕਟ ਲਈ ਹਾਂ ਕਿਉਂ ਕਹੀ?
ਡਾਇਰੈਕਟਰ ਨੇ ਮੈਨੂੰ ਇਕ ਮੈਸੇਜ ਭੇਜਿਆ ਅਤੇ ਮੈਂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਨਹੀਂ ਸੀ ਪਰ ਉਨ੍ਹਾਂ ਦਾ ਮੈਸੇਜ ਬਹੁਤ ਹੀ ਸ਼ਾਲੀਨ, ਈਮਾਨਦਾਰ ਅਤੇ ਚੰਗੇ ਸ਼ਬਦਾਂ ਵਿਚ ਲਿਖਿਆ ਗਿਆ ਸੀ। ਮੈਨੂੰ ਵੈਸੇ ਵੀ ਅਜਿਹੇ ਮੈਸੇਜ ਜਲਦੀ ਆਕਰਸ਼ਿਤ ਕਰਦੇ ਹਨ, ਜੋ ਚੰਗੇ ਸ਼ਬਦਾਂ ਵਿਚ ਪਿਰੋਏ ਗਏ ਹੋਣ ਤਾਂ ਮੈਂ ਜਵਾਬ ਦਿੱਤਾ। ਫਿਰ ਇਕ ਜ਼ੂਮ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਮੈਨੂੰ ਫਿਲਮ ਬਾਰੇ ਦੱਸਿਆ ਤੇ ਮੈਨੂੰ ਉਨ੍ਹਾਂ ਦਾ ਐਟੀਚਿਊਡ ਬਹੁਤ ਪਸੰਦ ਆਇਆ, ਉਹ ਸੱਚੇ ਅਤੇ ਸਾਫ਼ ਇਨਸਾਨ ਲੱਗੇ। ਮੈਨੂੰ ਐਕਟਰ ਵਜੋਂ ਸਭ ਤੋਂ ਪਹਿਲਾਂ ਉਸ ਡਾਇਰੈਟਰ ਨਾਲ ਜੁੜਾਅ ਮਹਿਸੂਸ ਹੋਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਮੈਂ ਸਭ ਤੋਂ ਕਲੋਜ਼ਲੀ ਕੰਮ ਕਰਨਾ ਹੈ ਤੇ ਮੈਨੂੰ ਉਹ ਕੁਨੈਕਸ਼ਨ ਮਿਲਿਆ। ਦੂਜੀ ਗੱਲ ਇਹ ਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ, ਮੈਨੂੰ ਇਹ ਜਾਨਰ ਬਹੁਤ ਪਸੰਦ ਹੈ ਅਤੇ ਤੀਜੀ ਅਤੇ ਸਭ ਤੋਂ ਜ਼ਰੂਰੀ ਗੱਲ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਕ੍ਰਿਪਟ ਤੁਹਾਡੇ ਨਾਲ ਬੈਠ ਕੇ ਪੜ੍ਹਨਾ ਚਾਹੁੰਦਾ ਹਾਂ। ਜ਼ੂਮ ਕਾਲ ’ਤੇ ਹੀ ਅਸੀਂ ਸਕ੍ਰਿਪਟ ਸਕ੍ਰਾਲ ਕਰ-ਕਰ ਕੇ ਪੜ੍ਹਨ ਲੱਗੇ ਅਤੇ ਵੈਸੇ ਮੈਂ ਸਕ੍ਰਿਪਟ ਪੜ੍ਹਦੇ ਸਮੇਂ ਥੋੜ੍ਹਾ ਇਰੀਟੇਟ ਹੋ ਸਕਦਾ ਹਾਂ ਪਰ ਡਾਇਰੈਕਟਰ ਕੋਲ ਹਰ ਸਵਾਲ ਦਾ ਜਵਾਬ ਸੀ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ।
ਪ੍ਰ. ਇਸ ਪ੍ਰਾਜੈਕਟ ਵਿਚ ਬਤੌਰ ਕਾਸਟ ਮੈਂਬਰ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ? ਖ਼ਾਸ ਕਰਕੇ ਜਦੋਂ ਕਹਾਣੀ ਦਾ ਅੰਤ ਤੁਹਾਨੂੰ ਪਤਾ ਹੋਵੇ।
ਜਦੋਂ ਸਕ੍ਰਿਪਟ ਇੰਨੀ ਮਜ਼ਬੂਤ ਹੋਵੇ ਤੇ ਤੁਸੀਂ ਜਾਣ ਚੁੱਕੇ ਹੋ ਕਿ ਕਤਲ ਕਿਸ ਨੇ ਕੀਤਾ ਹੈ ਜਾਂ ਜੋ ਵੀ ਟਵਿਸਟ ਹੈ, ਫਿਰ ਵੀ ਤੁਸੀਂ ਉਸ ਨੂੰ ਬਾਹਰ ਜ਼ਾਹਰ ਨਹੀਂ ਕਰ ਸਕਦੇ। ਅਜਿਹੀਆਂ ਫਿਲਮਾਂ ਸਿਰਫ਼ ਇਸ ਗੱਲ ’ਤੇ ਟਿਕੀਆਂ ਨਹੀਂ ਹੁੰਦੀਆਂ ਕਿ ਕਾਤਲ ਕੌਣ ਹੈ। ਅਸਲ ’ਚ ਫਿਲਮ ਦਾ ਅਸਲੀ ਜ਼ੋਰ ਉਸ ਇਨਸਾਨੀ ਤਜਰਬੇ ’ਤੇ ਹੁੰਦਾ ਹੈ ਜਿਵੇਂ ਲਾਲਚ, ਈਗੋ, ਗੁੱਸਾ, ਧੋਖਾ, ਦੋਸਤੀ, ਵਫ਼ਾਦਾਰੀ, ਇਹ ਸਾਰੇ ਇਮੋਸ਼ਨਜ਼ ਕਹਾਣੀ ਨੂੰ ਡੂੰਘਾਈ ਦਿੰਦੇ ਹਨ ਅਤੇ ਇਹੀ ਉਹ ਚੀਜ਼ਾਂ ਹਨ, ਜਿਸ ਨਾਲ ਤੁਸੀਂ ਦਰਸ਼ਕਾਂ ਨੂੰ ਜੋੜਦੇ ਹੋ। ਚਲੋ ਕੇਸ ਸਾਲਵ ਕਰਦੇ ਹਾਂ, ਇਹ ਬਸ ਇਕ ਜ਼ਰੀਆ ਹੈ, ਇਕ ਬਹਾਨਾ ਹੈ ਇਨਸਾਨਾਂ ਦੀ ਗੁੰਝਲਤਾ ਨੂੰ ਦਿਖਾਉਣ ਦਾ। ਜੇ ਸਿਰਫ਼ ਕੇਸ ਹੱਲ ਕਰਨਾ ਹੀ ਮਕਸਦ ਹੋਵੇ ਤਾਂ ਫਿਰ ਲੋਕ ਕਿਤਾਬ ਵੀ ਪੜ੍ਹ ਸਕਦੇ ਹਨ ਪਰ ਫਿਲਮ ਇਸ ਲਈ ਬਣਦੀ ਹੈ ਤਾਂ ਕਿ ਲੋਕ ਇਨ੍ਹਾਂ ਕਿਰਦਾਰਾਂ ਨੂੰ ਮਹਿਸੂਸ ਕਰ ਸਕਣ ਤਾਂ ਕਿ ਉਹ ਉਸ ਪਿਤਾ ਨਾਲ ਖ਼ੁਦ ਨੂੰ ਜੋੜ ਸਕਣ, ਉਸ ਦੋਸਤ ਦੀ ਵਫ਼ਾਦਾਰੀ ’ਚ ਆਪਣਾ ਅਕਸ ਦੇਣ ਸਕਣ। ਇਸ ਲਈ ਮੇਰੇ ਲਈ ਇਹ ਪ੍ਰਾਜੈਕਟ ਬਹੁਤ ਖ਼ਾਸ ਰਿਹਾ ਹੈ।
ਡਿਟੈਕਟਿਵ ਜਾਨਰ ਦਾ ਹਿੱਸਾ ਬਣ ਕੇ ਬੇਹੱਦ ਉਤਸ਼ਾਹਿਤ ਹਾਂ : ਬਨੀਤਾ ਸੰਧੂ
ਪ੍ਰ. ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਲੋਕ ਗੱਲ ਕਰ ਰਹੇ ਹਨ, ਇੰਤਜ਼ਾਰ ਕਰ ਰਹੇ ਹਨ। ਹੁਣ ਅਕਸਾਈਟਮੈਂਟ ਲੈਵਲ ਕੀ ਹੈ?
ਮੈਂ ਡਿਟੈਕਟਿਵ ਜਾਨਰ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ ਪਰ ਨਾਲ ਹੀ ਮੈਂ ਹਰ ਫਿਲਮ ਦੇ ਰਿਲੀਜ਼ ਦੇ ਟਾਈਮ ’ਤੇ ਇਕ ਚੀਜ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਖ਼ੁਦ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਦੀ ਕਿਉਂਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਜੇ ਮੈਂ ਜ਼ਿਆਦਾ ਉਮੀਦਾਂ ਰੱਖੀਆਂ ਤੇ ਚੀਜ਼ਾਂ ਉਹੋ ਜਿਹੀਆਂ ਨਾ ਹੋਈਆਂ ਤਾਂ ਸ਼ਾਇਦ ਮੈਨੂੰ ਨਿਰਾਸ਼ਾ ਹੋਵੇ ਤਾਂ ਮੈਂ ਖ਼ੁਦ ਨੂੰ ਇਕ ਲਿਮਿਟ ’ਚ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਇਹ ਮੇਰੇ ਲਈ ਇਕ ਤਰ੍ਹਾਂ ਕੰਟਰੋਲ ਕਰਨ ਵਾਲੀ ਗੱਲ ਹੈ ਪਰ ਹਾਂ, ਅਕਸਾਈਟਮੈਂਟ ਜ਼ਰੂਰ ਹੈ। ਖ਼ਾਸ ਕਰਕੇ ਜਦੋਂ ਲੋਕ ਗੱਲ ਕਰ ਰਹੇ ਹਨ, ਟੀਜ਼ਰ ਪਸੰਦ ਕਰ ਰਹੇ ਹਨ ਤਾਂ ਦਿਲ ’ਚ ਉਹ ਹਲਚਲ ਤਾਂ ਚੱਲ ਰਹੀ ਹੈ।
ਪ੍ਰ. ਤੁਸੀਂ ਇਸ ਫਿਲਮ ਦਾ ਹਿੱਸਾ ਕਿਵੇਂ ਬਣੇ?
ਸਾਡੇ ਪ੍ਰੋਡਿਊਸਰ ਹਿਮਾਂਸ਼ੂ ਅਤੇ ਅਲੀ ਨੇ ਮੇਰੇ ਨਾਲ ਇਸ ਫਿਲਮ ਬਾਰੇ ਗੱਲ ਕੀਤੀ, ਜੋ ਬੁਡਾਪੇਸਟ ਵਿਚ ਸ਼ੂਟ ਹੋ ਰਹੀ ਸੀ। ਮੈਂ ਕਾਸਟ ਦੇਖੀ ਅਤੇ ਫਿਰ ਸਕ੍ਰਿਪਟ ਪੜ੍ਹੀ ਅਤੇ ਜਿਵੇਂ ਹੀ ਮੈਨੂੰ ਪਤਾ ਲੱਗ ਕਿ ਸ਼ੂਟਿੰਗ ਬੁਡਾਪੇਸਟ ਵਿਚ ਹੈ ਤਾਂ ਮੈਂ ਕਿਹਾ ਕਿ ਬਸ ਹੋਰ ਕੁਝ ਨਾ ਕਹੋ, ਮੈਂ ਆ ਰਹੀ ਹਾਂ। ਮੈਂ ਇਕ ਆਡੀਸ਼ਨ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ਤੁਸੀਂ ਆ ਜਾਓ, ਬਸ ਬੁਡਾਪੇਸਟ ਪਹੁੰਚੋ ਤੇ ਉਸ ਤੋਂ ਬਾਅਦ ਸ਼ੂਟਿੰਗ ਸ਼ੁਰੂ ਹੋ ਗਈ।
ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ।
ਮੇਰੇ ਕਿਰਦਾਰ ਦਾ ਨਾਂ ਸ਼ਾਂਤੀ ਹੈ ਜੋ ਗੂੰਗੀ-ਬੋਲ਼ੀ ਹੈ ਪਰ ਉਹ ਬਹੁਤ ਹੁਸ਼ਿਆਰ ਹੈ। ਉਹ ਆਪਣੇ ਪਾਪਾ ਦੀ ਫੇਵਰੇਟ ਹੈ। ਆਪਣੇ ਪਰਿਵਾਰ ਦੇ ਬਹੁਤ ਕਰੀਬ ਹੈ ਤਾਂ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਸ ਦੇ ਕਿਰਦਾਰ ਬਾਰੇ ਤੁਹਾਨੂੰ ਹੋਰ ਜਾਣਨ ਨੂੰ ਮਿਲੇਗਾ।
ਪ੍ਰ. ਤੁਸੀਂ ਇਕ ਗੂੰਗੇ-ਬੋਲ਼ੇ ਕਿਰਦਾਰ ਨੂੰ ਨਿਭਾਇਆ ਹੈ। ਇਹ ਇਕ ਚੁਣੌਤੀਪੂਰਨ ਰੋਲ ਹੁੰਦਾ ਹੈ। ਇਸ ਪ੍ਰੋਸੈੱਸ ਨੂੰ ਲੈ ਕੇ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
ਇਹ ਰੋਲ ਵਾਕਈ ਚੁਣੌਤੀਪੂਰਨ ਸੀ। ਗੂੰਗੇ ਤੇ ਬੋਲ਼ੇ ਕਿਰਦਾਰ ਨੂੰ ਨਿਭਾਉਣਾ ਆਸਾਨ ਨਹੀਂ ਹੁੰਦਾ। ਇਸ ਕਿਰਦਾਰ ਲਈ ਸਾਡੇ ਨਾਲ ਜੋ ਕੋਚ ਸੀ, ਉਹ ਸੀ ਸੀਤਾਰਾਮ ਜੀ। ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਚੰਗੇ ਹੱਥਾਂ ਵਿਚ ਸੀ। ਸੀਤਾਰਾਮ ਜੀ ਨੇ ਪੂਰੇ ਪ੍ਰੋਸੈੱਸ ’ਚ ਹੱਥ ਫੜ ਕੇ ਰੱਖਿਆ। ਮੈਂ ਇਹ ਨਹੀਂ ਕਹਾਂਗੀ ਕਿ ਉਨ੍ਹਾਂ ਨੇ ਸਭ ਆਸਾਨ ਕਰ ਦਿੱਤਾ ਪਰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਗਾਈਡ ਕੀਤਾ ਹਰ ਕਦਮ ’ਤੇ। ਇਸ ਰੋਲ ਲਈ ਕਾਫ਼ੀ ਤਿਆਰੀ ਕੀਤੀ। ਚੰਗਾ-ਖ਼ਾਸਾ ਪ੍ਰੇਪ ਵਰਕ ਕੀਤਾ ਗਿਆ ਤਾਂ ਕਿ ਅਸੀਂ ਇਸ ਨੂੰ ਸਹੀ ਢੰਗ ਨਾਲ ਨਿਭਾ ਸਕੀਏ।
ਬਨੀਤਾ ਸੰਧੂ