ਖ਼ਾਲਸਾ ਏਡ ਨਾਲ ਮਿਲ ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਕਰਨਗੇ ਸੇਵਾ, ਵੀਡੀਓ ਕੀਤੀ ਸਾਂਝੀ
Thursday, May 13, 2021 - 12:33 PM (IST)
ਚੰਡੀਗੜ੍ਹ (ਬਿਊਰੋ)– ਕੋਰੋਨਾ ਵਾਇਰਸ ਦੇ ਨਿੱਤ ਦਿਨ ਵੱਡੀ ਗਿਣਤੀ ’ਚ ਕੇਸ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ’ਚ ਸਰਕਾਰਾਂ ਵੀ ਫੇਲ ਸਾਬਿਤ ਹੋਈਆਂ ਹਨ ਤੇ ਮੰਤਰੀਆਂ ਨੂੰ ਛੱਡ ਫ਼ਿਲਮੀ ਕਲਾਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਰੋਨਾ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ। ਸੋਨੂੰ ਸੂਦ ਵਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਤੋਂ ਬਾਅਦ ਹੁਣ ਕਈ ਪੰਜਾਬੀ ਕਲਾਕਾਰ ਵੀ ਅੱਗੇ ਆਏ ਹਨ। ਹਾਲ ਹੀ ’ਚ ਸ਼ਿਪਰਾ ਗੋਇਲ ਨੇ ਆਪਣੇ ਨਾਂ ਤੋਂ ਇਕ ਐੱਨ. ਜੀ. ਓ. ਬਣਾਈ ਸੀ, ਜਿਸ ਰਾਹੀਂ ਉਹ ਲੋੜਵੰਦਾਂ ਦੀ ਮਦਦ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਦੀ ਤਾਰੀਫ਼ ਕਰਨ ਵਾਲੇ ਅਨੁਪਮ ਖੇਰ ਨੇ ਵਿੰਨ੍ਹਿਆ ਮੋਦੀ ਸਰਕਾਰ ’ਤੇ ਨਿਸ਼ਾਨਾ
ਹੁਣ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਕ ਵੀਡੀਓ ਸਾਂਝੀ ਕਰਕੇ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ਦੀ ਗੱਲ ਆਖੀ ਹੈ। ਅਸਲ ’ਚ ਪਰਮੀਸ਼ ਵਰਮਾ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਨਾਲ ਜੁੜੇ ਹਨ, ਜਿਨ੍ਹਾਂ ਨਾਲ ਮਿਲ ਕੇ ਉਹ ਕੋਰੋਨਾ ਮਰੀਜ਼ਾਂ ਦੀ ਮਦਦ ਕਰਨਗੇ। ਖ਼ਾਲਸਾ ਏਡ ਵਲੋਂ ਬਾਹਰਲੇ ਦੇਸ਼ਾਂ ਤੋਂ ਭਾਰਤ ’ਚ ਆਕਸੀਜਨ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਪਰਮੀਸ਼ ਵੀਡੀਓ ’ਚ ਜਿਥੇ ਕੋਰੋਨਾ ਮਰੀਜ਼ਾਂ ਦੀ ਮਦਦ ਦਾ ਪ੍ਰਣ ਲੈ ਰਹੇ ਹਨ, ਉਥੇ ਲੋਕਾਂ ਨੂੰ ਵੀ ਅੱਗੇ ਆ ਕੇ ਇਕ-ਦੂਜੇ ਦੀ ਮਦਦ ਕਰਨ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਲੋਕ ਸਾਹ ਲੈਣ ਲਈ ਲੜ ਰਹੇ ਹਨ ਤੇ ਵੱਡੀ ਗਿਣਤੀ ’ਚ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ। ਆਓ ਅਸੀਂ ਆਪਣੇ ਯਤਨ ਕਰਕੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਵੀ ਲੋਕ ਡੋਨੇਸ਼ਨ ਦੇ ਸਕਦੇ ਹਨ ਕਿਰਪਾ ਕਰਕੇ ਉਹ ਡੋਨੇਸ਼ਨ ਕਰਨ ਤਾਂ ਕਿ ਕੀਮਤੀ ਜਾਨਾਂ ਨੂੰ ਬਚਾ ਸਕੀਏ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਤੇ ਪੰਜਾਬੀ ਅਦਾਕਾਰ ਦੇਵ ਖਰੌੜ ਵੀ ਖ਼ਾਲਸਾ ਏਡ ਨਾਲ ਹੱਥ ਮਿਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।