ਦਾਰਾ ਮੋਸ਼ਨ ਪਿਕਚਰਜ਼ ‘ਪਾਣੀ ’ਚ ਮਧਾਣੀ’ ਨਾਲ ਨਿਰਮਾਤਾ ਦੇ ਤੌਰ ’ਤੇ ਆਪਣੀ ਸ਼ੁਰੂਆਤ ਲਈ ਤਿਆਰ
Friday, Oct 29, 2021 - 02:12 PM (IST)
ਚੰਡੀਗੜ੍ਹ (ਬਿਊਰੋ)– ਫ਼ਿਲਮ ਉਦਯੋਗ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਨਿਰਮਾਤਾ ਸ਼ਾਇਦ ਸਭ ਤੋਂ ਘੱਟ ਮਾਨਤਾ ਪ੍ਰਾਪਤ ਕਰਨ ਵਾਲੇ ਹੁੰਦੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੱਧਰ ਦੇ ਨਾਲ ਵੱਧ ਤੋਂ ਵੱਧ ਲੋਕ ਇਸ ਗਲੈਮਰੈੱਸ ਦੁਨੀਆ ’ਚ ਆਪਣੀ ਕਿਸਮਤ ਅਜ਼ਮਾਉਣ ਲਈ ਅੱਗੇ ਆ ਰਹੇ ਹਨ। ਇਸ ਸੂਚੀ ’ਚ ਇਕ ਹੋਰ ਨਾਂ ਜੋੜਨ ਲਈ ਸੰਨੀ ਰਾਜ ਤੇ ਪ੍ਰਭਜੋਤ ਸਿੱਧੂ ਦਾਰਾ ਮੋਸ਼ਨ ਪਿਕਚਰਜ਼ ਦੇ ਅਧੀਨ ਆਪਣੀ ਪਹਿਲੀ ਰਿਲੀਜ਼ ‘ਪਾਣੀ ’ਚ ਮਧਾਣੀ’ ਨਾਲ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਗੀਤ ਰਾਹੀਂ ਦਿੱਤੀ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ, ਦੇਖ ਤੁਸੀਂ ਵੀ ਹੋਵੋਗੇ ਭਾਵੁਕ (ਵੀਡੀਓ)
ਵਿਜੇ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਕਾਮੇਡੀ ਪੀਰੀਅਡ ਡਰਾਮਾ ‘ਪਾਣੀ ’ਚ ਮਧਾਣੀ’ ’ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰੁਪਿੰਦਰ ਰੂਪੀ ਖ਼ਾਸ ਭੂਮਿਕਾਵਾਂ ’ਚ ਹਨ। ਆਪਣੇ ਪਹਿਲੇ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਨਿਰਮਾਤਾ ਪ੍ਰਭਜੋਤ ਸਿੱਧੂ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦਾ ਬਹੁਤ ਪ੍ਰਸ਼ੰਸਕ ਰਿਹਾ ਹਾਂ।
ਪ੍ਰਵਾਸੀ ਪੰਜਾਬੀ ਹੋਣ ਦੇ ਨਾਤੇ ਮੈਂ ਹਮੇਸ਼ਾ ਆਪਣੀਆਂ ਜੜ੍ਹਾਂ ਸਹਾਰੇ ਖੜ੍ਹਾ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਲੋਕ ਸਾਜ਼ ਸਿੱਖਣ ਦੀ ਮੇਰੀ ਬਚਪਨ ਦੀ ਉਤਸੁਕਤਾ ਨੇ ਮੈਨੂੰ ਇਸ ਵਿਸ਼ੇ ’ਤੇ ਇਕ ਫ਼ਿਲਮ ਬਣਾਉਣ ਲਈ ਪ੍ਰੇਰਿਆ। ਜਦੋਂ ਅਸੀਂ ਇਸ ਪ੍ਰਾਜੈਕਟ ਦੀ ਯੋਜਨਾ ਬਣਾ ਰਹੇ ਸੀ। ਮੈਂ ਗਿੱਪੀ ਗਰੇਵਾਲ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੇ ਪਹਿਲੇ ਉੱਦਮ ਦਾ ਹਿੱਸਾ ਬਣਾਉਣ ਬਾਰੇ ਨਹੀਂ ਸੋਚ ਸਕਦਾ ਸੀ।
ਇਹ ਪੀਰੀਅਡ ਡਰਾਮਾ ਨਾ ਸਿਰਫ਼ ਨੌਜਵਾਨਾਂ ਨੂੰ ਆਕਰਸ਼ਿਤ ਕਰੇਗੀ, ਸਗੋਂ ਇਸ ਦੇ ਨਾਲ ਹੀ ਸਿਆਣੇ ਦਰਸ਼ਕਾਂ ਨੂੰ ਉਨ੍ਹਾਂ ਦੇ ਪੁਰਾਣੇ ਦਿਨਾਂ ਦੀ ਯਾਦ ਦਿਵਾਏਗੀ। ਫ਼ਿਲਮ ਦੀ ਫੀਮੇਲ ਲੀਡ ਬਾਰੇ ਗੱਲ ਕਰਦਿਆਂ ਨੀਰੂ ਬਾਜਵਾ ਸਾਡੀ ਪਹਿਲੀ ਤੇ ਇਕੋ-ਇਕ ਚੋਣ ਸੀ ਤੇ ਇਕ ਦਹਾਕੇ ਬਾਅਦ ਸਕ੍ਰੀਨ ਸਾਂਝੀ ਕਰਨ ਲਈ ਗਿੱਪੀ ਗਰੇਵਾਲ ਦੇ ਨਾਲ ਹੋਣਾ ਸੋਨੇ ’ਤੇ ਸੁਹਾਗਾ ਸੀ, ਜਿਸ ਨੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਹੈ। ਉਸ ਨੇ ਅੱਗੇ ਕਿਹਾ ਕਿ ‘ਪਾਣੀ ’ਚ ਮਧਾਣੀ’ 5 ਨਵੰਬਰ, 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।