ਕਦੇ ਦੁਨੀਆ ਤੋਂ ਡਰ ਕੇ ਚੁਣੀ ਸੀ ਗੁੰਮਨਾਮੀ, ਹੁਣ ਫਿਰ ਪਰਦੇ 'ਤੇ ਧਮਾਕਾ ਕਰਨ ਨੂੰ ਤਿਆਰ ਇਹ ਅਦਾਕਾਰ
Sunday, Feb 08, 2026 - 02:40 PM (IST)
ਮੁੰਬਈ - ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ, ਜੋ ਕਦੇ ਆਪਣੀ ਅਦਾਕਾਰੀ ਅਤੇ ਚਾਕਲੇਟੀ ਲੁੱਕ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੇ ਸਨ, ਨੇ ਲੰਬੇ ਸਮੇਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਅਤੇ ਮਾਨਸਿਕ ਸਿਹਤ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇਕ ਤਾਜ਼ਾ ਇੰਟਰਵਿਊ 'ਚ ਇਮਰਾਨ ਨੇ ਦੱਸਿਆ ਕਿ ਕਿਵੇਂ ਉਹ ਮਾਨਸਿਕ ਸਿਹਤ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਇਕ ਦਹਾਕਾ ਪਹਿਲਾਂ ਫ਼ਿਲਮੀ ਦੁਨੀਆ ਤੋਂ ਕਿਨਾਰਾ ਕਰ ਲਿਆ ਸੀ।
ਦੁਨੀਆ ਨਾਲ ਗੱਲ ਕਰਨ ਤੋਂ ਲੱਗਦਾ ਸੀ ਡਰ
ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਅਸਲ ਸਖਸ਼ੀਅਤ ਉਨ੍ਹਾਂ ਦੇ 'ਚਿਲ' ਅਕਸ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਕਿਹਾ, "ਮੈਂ ਦੁਨੀਆ ਨਾਲ ਬਹੁਤ ਜ਼ਿਆਦਾ ਡਰ, ਘਬਰਾਹਟ ਅਤੇ ਚਿੰਤਾ ਨਾਲ ਪੇਸ਼ ਆ ਰਿਹਾ ਸੀ"। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੁਝ ਵੀ ਸਹੀ ਨਹੀਂ ਚੱਲ ਰਿਹਾ, ਜਿਸ ਨੂੰ ਉਨ੍ਹਾਂ ਨੇ ਇਕ 'ਵੇਕ-ਅੱਪ ਕਾਲ' ਵਜੋਂ ਲਿਆ। ਇਮਰਾਨ ਮੁਤਾਬਕ, ਜਿਵੇਂ ਸਰੀਰਕ ਬੀਮਾਰੀ ਹੋਣ 'ਤੇ ਖੁਰਾਕ ਅਤੇ ਜੀਵਨਸ਼ੈਲੀ ਬਦਲੀ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ।
ਸਫਲਤਾ ਤੋਂ ਬਾਅਦ ਫ਼ਿਲਮਾਂ ਦਾ ਫਲਾਪ ਹੋਣਾ ਅਤੇ ਤਲਾਕ
ਇਮਰਾਨ ਨੇ 2007 'ਚ ਫ਼ਿਲਮ 'ਜਾਣੇ ਤੂ... ਯਾ ਜਾਣੇ ਨਾ' ਨਾਲ ਧਮਾਕੇਦਾਰ ਡੈਬਿਊ ਕੀਤਾ ਸੀ, ਜੋ ਸੁਪਰਹਿੱਟ ਰਹੀ। ਇਸ ਤੋਂ ਬਾਅਦ 'ਡੇਲੀ ਬੇਲੀ' ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ, ਪਰ ਹੌਲੀ-ਹੌਲੀ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ 'ਤੇ ਅਸਫਲ ਹੋਣ ਲੱਗੀਆਂ। 2015 'ਚ ਫ਼ਿਲਮ 'ਕੱਟੀ ਬੱਟੀ' ਦੇ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ। ਇਸ ਦੌਰਾਨ ਉਨ੍ਹਾਂ ਨੂੰ ਤਲਾਕ ਵਰਗੀਆਂ ਨਿੱਜੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ।
ਹੁਣ ਫ਼ਿਲਮਾਂ 'ਚ ਵਾਪਸੀ ਦੀ ਤਿਆਰੀ
ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਇਹ ਹੈ ਕਿ ਇਮਰਾਨ ਖ਼ਾਨ ਹੁਣ ਫ਼ਿਲਮਾਂ 'ਚ ਵਾਪਸੀ ਕਰ ਰਹੇ ਹਨ। ਉਹ ਜਲਦੀ ਹੀ ਨੈੱਟਫਲਿਕਸ ਦੀ ਫ਼ਿਲਮ 'ਅਧੂਰੇ ਹਮ ਅਧੂਰੇ ਤੁਮ' 'ਚ ਭੂਮੀ ਪੇਡਨੇਕਰ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਉਹ ਆਪਣੇ ਦੋਸਤ ਵੀਰ ਦਾਸ ਦੀ ਫ਼ਿਲਮ 'ਹੈਪੀ ਪਟੇਲ' 'ਚ ਇਕ ਕੈਮਿਓ ਰੋਲ 'ਚ ਵੀ ਦਿਖਾਈ ਦਿੱਤੇ ਸਨ।
