ਅਦਾਕਾਰਾ ਨੁਸਰਤ ਨੂੰ ਦੂਜੇ ਦਿਨ ਮਿਲੀ ਜ਼ਮਾਨਤ, ਪੁਲਸ ਨੇ ਕਤਲ ਦੇ ਦੋਸ਼ਾਂ ''ਚ ਕੀਤਾ ਸੀ ਗ੍ਰਿਫ਼ਤਾਰ

Tuesday, May 20, 2025 - 03:37 PM (IST)

ਅਦਾਕਾਰਾ ਨੁਸਰਤ ਨੂੰ ਦੂਜੇ ਦਿਨ ਮਿਲੀ ਜ਼ਮਾਨਤ, ਪੁਲਸ ਨੇ ਕਤਲ ਦੇ ਦੋਸ਼ਾਂ ''ਚ ਕੀਤਾ ਸੀ ਗ੍ਰਿਫ਼ਤਾਰ

ਐਂਟਰਟੇਨਮੈਂਟ ਡੈਸਕ- ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਨੂੰ ਐਤਵਾਰ ਨੂੰ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਪੁਲਸ ਨੇ ਉਨ੍ਹਾਂ ਨੂੰ ਢਾਕਾ ਹਵਾਈ ਅੱਡੇ 'ਤੋਂ ਫੜ ਲਿਆ, ਜਿਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਗਈ। ਇਸ ਦੇ ਨਾਲ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਨੁਸਰਤ ਫਾਰੀਆ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਦੂਜੇ ਦਿਨ ਹੀ ਜ਼ਮਾਨਤ ਮਿਲ ਗਈ ਹੈ।
ਰਿਪੋਰਟਾਂ ਅਨੁਸਾਰ ਢਾਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਯਾਨੀ ਅੱਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਨੁਸਰਤ ਫਾਰੀਆ ਨੂੰ ਜ਼ਮਾਨਤ ਦੇ ਦਿੱਤੀ ਹੈ।  ਨੁਸਰਤ ਫਾਰੀਆ ਦੀ ਗ੍ਰਿਫ਼ਤਾਰੀ ਜੁਲਾਈ 2024 ਵਿੱਚ ਸ਼ੇਖ ਹਸੀਨਾ ਵਿਰੁੱਧ ਹੋਏ ਅੰਦੋਲਨਾਂ ਨਾਲ ਜੁੜੀ ਹੋਈ ਹੈ। ਅੰਦੋਲਨ ਦੌਰਾਨ ਕੁਝ ਹਿੰਸਕ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ ਨੁਸਰਤ ਸਮੇਤ ਕਈ ਲੋਕਾਂ 'ਤੇ ਇੱਕ ਵਿਦਿਆਰਥੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਫਾਰੀਆ ਸਮੇਤ 17 ਅਦਾਕਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਵਕੀਲ ਨੇ ਸਬੂਤ ਪੇਸ਼ ਕੀਤੇ
ਨੁਸਰਤ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਢਾਕਾ ਦੇ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਦੇ ਜੱਜ ਨੇ ਮੰਗਲਵਾਰ ਸਵੇਰੇ ਅਦਾਕਾਰਾ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪਹਿਲਾਂ ਨੁਸਰਤ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਸੀ। ਸੁਣਵਾਈ ਦੌਰਾਨ ਅਦਾਕਾਰਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਘਟਨਾ ਲਈ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਹੈ, ਉਸ ਸਮੇਂ ਅਦਾਕਾਰਾ ਦੇਸ਼ ਵਿੱਚ ਵੀ ਨਹੀਂ ਸੀ।
ਰਿਪੋਰਟਾਂ ਦੇ ਅਨੁਸਾਰ ਵਕੀਲ ਨੇ ਕਿਹਾ ਕਿ ਇਹ ਸਾਬਤ ਕਰਨ ਲਈ ਦਸਤਾਵੇਜ਼ ਹਨ ਕਿ ਅਦਾਕਾਰਾ ਪਿਛਲੇ ਸਾਲ 14 ਅਗਸਤ ਨੂੰ ਵਿਦੇਸ਼ ਵਿੱਚ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਵਾਪਸ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਦਾ ਪਾਸਪੋਰਟ ਅਤੇ ਵੀਜ਼ਾ ਦਸਤਾਵੇਜ਼ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ। ਹੁਣ ਇਸ ਤੋਂ ਬਾਅਦ ਅਦਾਲਤ ਨੇ ਅਦਾਕਾਰਾ ਨੂੰ ਜ਼ਮਾਨਤ ਦੇ ਦਿੱਤੀ।


author

Aarti dhillon

Content Editor

Related News