ਫ਼ਿਲਮ ''ਆਰਟੀਕਲ 295'' ਦਾ ਐਲਾਨ, ਸਾਹਮਣੇ ਆਈ ਪਹਿਲੀ ਝਲਕ

Wednesday, Aug 24, 2022 - 04:13 PM (IST)

ਫ਼ਿਲਮ ''ਆਰਟੀਕਲ 295'' ਦਾ ਐਲਾਨ, ਸਾਹਮਣੇ ਆਈ ਪਹਿਲੀ ਝਲਕ

ਜਲੰਧਰ (ਬਿਊਰੋ) : ਕੋਰੋਨਾ ਕਾਲ ਤੋਂ ਬਾਅਦ ਪੰਜਾਬੀ ਸਿਨੇਮਾ ਦੀਆਂ ਵੱਖ-ਵੱਖ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਹੁਣ ਵਾਲੇ ਮਹੀਨਿਆਂ ਵਿਚ ਪੰਜਾਬੀ ਫ਼ਿਲਮਾਂ ਦੀ ਸਿਨੇਮਾਘਰ ਵਿਚ ਝੜੀ ਲੱਗਣ ਜਾ ਰਹੀ ਹੈ। ਜੀ ਹਾਂ ਆਉਣ ਵਾਲੇ 3 ਮਹੀਨਿਆਂ ਵਿਚ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ਸਿਨੇਮਾਘਰਾਂ ਵਿਚ ਦਸਤਕ ਦੇਣ ਜਾ ਰਹੀ ਹੈ। ਇਸੇ ਦੌਰਾਨ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ, ਜਿਸ ਦਾ ਨਾਂ 'ਆਰਟੀਕਲ 295' ਹੈ । ਫ਼ਿਲਮ ਦੇ ਐਲਾਨ ਨਾਲ ਇਸ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਗਈ ਹੈ। 

ਦੱਸ ਦਈਏ ਕਿ 'ਆਰਟੀਕਲ 295' ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਫ਼ੀ ਸੁਰਖੀਆਂ ਵਿਚ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਗੀਤ 295 ਵੀ ਜ਼ਬਰਦਸਤ ਹਿੱਟ ਹੋਇਆ ਹੈ। ਇਹ ਗੀਤ ਹਾਲੇ ਤੱਕ ਵੀ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ। ਅਜਿਹੇ ਵਿਚ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਲਈ ਕਾਫ਼ੀ ਉਤਸ਼ਾਹਤ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ, ਇਹ ਫ਼ਿਲਮ ਸੁਰਜੀਤ ਮੂਵੀਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ, ਜਿਸ ਨੂੰ ਇਕਬਾਲ ਸਿੰਘ ਢਿੱਲੋਂ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।  ਇਸ ਦਾ ਸਕ੍ਰੀਨਪਲੇ ਤੇ ਡਾਇਲਾਗ ਨਾਸਿਰ ਅਦੀਬ ਨੇ ਲਿਖੇ ਹਨ। ਫ਼ਿਲਮ ਦੇ ਗੀਤ ਅਲਤਾਫ਼ ਬਾਜਵਾ ਤੇ ਮਰਹੂਮ ਖਵਾਜਾ ਪਰਵੇਜ਼ ਨੇ ਲਿਖੇ ਹਨ।


'ਆਰਟੀਕਲ 295' ਦਾ ਫ਼ਰਸਟ ਲੁੱਕ ਪੋਸਟਰ ਹੀ ਸਾਹਮਣੇ ਆਇਆ ਹੈ। ਇਸ ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ 'ਤੇ ਵੀ ਸਸਪੈਂਸ ਬਰਕਰਾਰ ਰੱਖਿਆ ਗਿਆ ਹੈ। ਫ਼ਿਲਮ ਦੇ ਪੋਸਟਰ ਬਾਰੇ ਇੱਕ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਦੇ ਪੋਸਟਰ `ਤੇ ਲਿਖਿਆ ਗਿਆ ਹੈ,"ਚੜ੍ਹਦਾ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਾਂਝੀ ਕੋਸ਼ਿਸ਼।"   

ਕੀ ਹੈ ਆਰਟੀਕਲ 295?
ਭਾਰਤੀ ਦੰਡ ਸੰਹਿਤਾ ਦੇ ਆਰਟੀਕਲ 295 ਦੇ ਮੁਤਾਬਕ ਕਿਸੇ ਵੀ ਧਰਮ ਦੀ ਨਿੰਦਾ ਕਰਨਾ, ਉਸ ਬਾਰੇ ਅਪਸ਼ਬਦਾਂ ਦਾ ਇਸਤੇਮਾਲ ਕਰਨਾ। ਕਿਸੇ ਦੀ ਧਾਰਮਿਕ ਭਾਵਨਾ ਨੂੰ ਸੱਟ ਪਹੁੰਚਾਉਣਾ ਜਾਂ ਕਿਸੇ ਧਾਰਮਿਕ ਜਗ੍ਹਾ ਬਾਰੇ ਅਪਮਾਨਜਨਕ ਟਿੱਪਣੀ ਕਰਨਾ। ਇਹ ਸਾਰੇ ਗੁਨਾਹ ਆਰਟੀਕਲ 295 ਦੇ ਅੰਦਰ ਆਉਂਦੇ ਹਨ। ਇਸ ਆਰਟੀਕਲ ਦੀ ਉਲੰਘਣਾ ਕਰਨ 'ਤੇ ਮੁਜਰਮ ਲਈ 2 ਸਾਲ ਦੀ ਸਜ਼ਾ ਦਾ ਕਾਨੂੰਨ ਹੈ। ਇਹ ਸਜ਼ਾ ਬਿਨਾਂ ਜੁਰਮਾਨੇ ਦੇ ਜਾਂ ਜੁਰਮਾਨੇ ਦੇ ਨਾਲ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਆਰਟੀਕਲ 295 ਦੇ ਤਹਿਤ ਜ਼ਮਾਨਤ ਮਿਲਣ ਦਾ ਕੋਈ ਪ੍ਰਾਵਧਾਨ ਨਹੀਂ ਹੈ। ਯਾਨਿ ਕਿ ਇਹ ਇੱਕ ਗ਼ੈਰ ਜ਼ਮਾਨਤੀ ਜੁਰਮ ਹੈ।


author

sunita

Content Editor

Related News