ਸਾਬਕਾ ਪਤਨੀ ਨਾਲ ਸੁਲਾਹ ਦੇ ਮੂਡ ’ਚ ਨਵਾਜ਼ੂਦੀਨ ਸਿੱਦੀਕੀ, ਭੇਜਿਆ ‘ਸੈਟਲਮੈਂਟ ਡ੍ਰਾਫਟ’

Monday, Mar 27, 2023 - 05:04 PM (IST)

ਸਾਬਕਾ ਪਤਨੀ ਨਾਲ ਸੁਲਾਹ ਦੇ ਮੂਡ ’ਚ ਨਵਾਜ਼ੂਦੀਨ ਸਿੱਦੀਕੀ, ਭੇਜਿਆ ‘ਸੈਟਲਮੈਂਟ ਡ੍ਰਾਫਟ’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ’ਚ ਸਾਰੇ ਦੋਸ਼ਾਂ ਤੋਂ ਤੰਗ ਆ ਕੇ ਅਦਾਕਾਰ ਨੇ ਆਪਣੀ ਸਾਬਕਾ ਪਤਨੀ ਆਲੀਆ ਸਿੱਦੀਕੀ ਉਰਫ ਅਨਨਿਆ ਪਾਂਡੇ ਤੇ ਉਸ ਦੇ ਭਰਾ ਸ਼ਮਸੁਦੀਨ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਦੇ ਨਾਲ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰ ਨੇ ਆਪਣੀ ਸਾਬਕਾ ਪਤਨੀ ਤੇ ਭਰਾ ਨੂੰ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਦੀ ਪੇਸ਼ਕਸ਼ ਕੀਤੀ ਹੈ।

ਨਵਾਜ਼ ਦੇ ਵਕੀਲ ਸੁਨੀਲ ਕੁਮਾਰ ਨੇ ਜਸਟਿਸ ਰਿਆਜ਼ ਛਾਗਲਾ ਦੀ ਬੈਂਚ ਦੇ ਸਾਹਮਣੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਤੇ ਦਲੀਲ ਦਿੱਤੀ ਸੀ ਕਿ ਅਦਾਕਾਰ ਦੇ ਭਰਾ ਤੇ ਸਾਬਕਾ ਪਤਨੀ ਦੋਵਾਂ ਨੂੰ ਜਨਤਕ ਤੌਰ ’ਤੇ ਅਜਿਹਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ, ਜਿਸ ਨਾਲ ਨਵਾਜ਼ ਦਾ ਅਕਸ ਖਰਾਬ ਹੋਵੇ। ਇਸ ’ਤੇ ਪੱਕੇ ਤੌਰ ’ਤੇ ਪਾਬੰਦੀ ਲਗਾਈ ਜਾਵੇ। ਹਾਲਾਂਕਿ ਇਸ ਮਾਮਲੇ ਦੀ ਸੁਣਵਾਈ 30 ਮਾਰਚ ਨੂੰ ਹੋਣੀ ਸੀ ਪਰ ਇਸ ਦੌਰਾਨ ਇਕ ਹੋਰ ਅਪਡੇਟ ਸਾਹਮਣੇ ਆਈ। ਪਤਾ ਲੱਗਾ ਹੈ ਕਿ ਅਦਾਕਾਰ ਨੇ ਸਾਬਕਾ ਪਤਨੀ ਨੂੰ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਦੀ ਪੇਸ਼ਕਸ਼ ਕੀਤੀ ਹੈ।

ਨਵਾਜ਼ੂਦੀਨ-ਆਲੀਆ-ਸ਼ਮਸੁਦੀਨ ਦੇ ਇਕ ਮਾਮਲੇ ਦੀ ਸੁਣਵਾਈ ਕੱਲ ਵੀ ਹੋਣੀ ਸੀ। ਆਲੀਆ ਉਦੋਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਕੇਸ ਦੀ ਸੁਣਵਾਈ ਤੇ ਮਾਨਹਾਨੀ ਦੇ ਕੇਸ ਵਿਚਾਲੇ ਸਮਝੌਤੇ ਦਾ ਨੋਟਿਸ ਮਿਲਿਆ। ਵਕੀਲ ਵਲੋਂ ਜਾਰੀ ਬਿਆਨ ’ਚ ਸਾਬਕਾ ਪਤਨੀ ਨੇ ਨਵਾਜ਼ ਦੇ ਇਰਾਦਿਆਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 100 ਕਰੋੜ ਰੁਪਏ ਦੇ ਮਾਨਹਾਨੀ ਦੇ ਕੇਸ ਤੋਂ ਬਾਅਦ ਇਸ ਤਰ੍ਹਾਂ ਸਮਝੌਤੇ ਦੀ ਗੱਲ ਕਰਨਾ ਅਜੀਬ ਹੈ। ਜੇਕਰ ਉਹ ਚਾਹੁੰਦਾ ਹੈ ਕਿ ਮਾਮਲਾ ਅਦਾਲਤ ਦੇ ਬਾਹਰ ਸੁਲਝਾਇਆ ਜਾਵੇ ਤਾਂ ਪਹਿਲਾਂ ਮਾਨਹਾਨੀ ਦਾ ਕੇਸ ਵਾਪਸ ਲੈਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫ਼ਤਾਰ

ਨਵਾਜ਼ੂਦੀਨ ਤੇ ਆਲੀਆ ਦੇ ਇਕ ਹੋਰ ਮਾਮਲੇ ਦੀ ਸੁਣਵਾਈ 27 ਮਾਰਚ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਨੂੰ ਆਪਸ ’ਚ ਛੇੜਛਾੜ ਦਾ ਮਾਮਲਾ ਸੁਲਝਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਸ਼ਨੀਵਾਰ ਨੂੰ ਆਲੀਆ ਨੇ ਨਵਾਜ਼ ਦੇ ਵਕੀਲ ਤੋਂ ਸੈਟਲਮੈਂਟ ਡ੍ਰਾਫਟ ਪ੍ਰਾਪਤ ਕੀਤਾ। ਇਸ ਡ੍ਰਾਫਟ ’ਚ ਕਿਹਾ ਗਿਆ ਸੀ ਕਿ 27 ਮਾਰਚ ਨੂੰ ਸੁਣਵਾਈ ਤੋਂ ਪਹਿਲਾਂ ਆਪਸ ’ਚ ਮਾਮਲਾ ਸੁਲਝਾਉਣ ’ਤੇ ਵਿਚਾਰ ਕੀਤਾ ਜਾਵੇ। ਇਸ ਤੋਂ ਪਹਿਲਾਂ 23 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਦੋਵਾਂ ਨੇ ਸਹਿਮਤੀ ਜਤਾਈ ਸੀ ਕਿ ਉਹ ਬੱਚਿਆਂ ਦੀ ਖ਼ਾਤਰ ਆਪਣੇ ਆਪਸੀ ਮੁੱਦੇ ਨੂੰ ਪਾਸੇ ਰੱਖਣ ਲਈ ਤਿਆਰ ਹਨ।

ਮੀਡੀਆ ਨਾਲ ਗੱਲਬਾਤ ’ਚ ਨਵਾਜ਼ੂਦੀਨ ਸਿੱਦੀਕੀ ਦੇ ਵਕੀਲ ਅਦਨਾਨ ਨੇ ਕਿਹਾ ਕਿ 8 ਮਾਰਚ ਦੇ ਹੁਕਮ ’ਚ ਅਦਾਲਤ ਨੇ ਕਿਹਾ ਸੀ ਕਿ ਇਸ ਮਾਮਲੇ ’ਚ ਨਿਪਟਾਰੇ ਦੀ ਗੁੰਜਾਇਸ਼ ਹੈ ਕਿਉਂਕਿ ਐੱਫ. ਆਈ. ਆਰ. ਉਸ ਦੇ ਪੱਖ ਦੀ ਹੈ ਤੇ ਉਹ ਖ਼ੁਦ ਅਦਾਲਤ ’ਚ ਨਹੀਂ ਆ ਰਿਹਾ। ਇਹ ਸੈਟਲਮੈਂਟ ਪੇਪਰ ਉਸ ਨੂੰ ਹੀ ਭੇਜੇ ਜਾਣੇ ਸਨ ਪਰ ਅਦਾਲਤ ਨੇ ਕਿਹਾ ਕਿ ਉਹ ਨਹੀਂ ਭੇਜ ਰਿਹਾ, ਇਸ ਲਈ ਤੁਸੀਂ ਇਸ ਮਾਮਲੇ ਨੂੰ ਅੱਗੇ ਵਧਾਓ। ਇਹ ਅਦਾਲਤੀ ਹੁਕਮ ਹਨ। ਅਦਾਲਤ ਨੇ ਕਿਹਾ ਹੈ ਕਿ ਤੁਸੀਂ ਲੋਕ ਇਸ ਨੁਕਤੇ ਦੀ ਪੜਚੋਲ ਕਰੋ ਤੇ ਮਾਮਲੇ ਨੂੰ ਆਪਸ ’ਚ ਸੁਲਝਾਉਣ ਦੀ ਕੋਸ਼ਿਸ਼ ਕਰੋ। ਇਕ ਵਾਰ ਤੁਸੀਂ ਉਨ੍ਹਾਂ ਤੋਂ ਕਾਗਜ਼ ਮੰਗ ਕੇ ਪੁੱਛ ਲਓ ਕਿ ਉਨ੍ਹਾਂ ’ਚ ਕੀ ਲਿਖਿਆ ਹੈ, ਆਪਣੇ ਆਪ ਹੀ ਸਭ ਕੁਝ ਸਪੱਸ਼ਟ ਹੋ ਜਾਵੇਗਾ। ਮਾਨਹਾਨੀ ਕੇਸ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ। ਤੁਹਾਨੂੰ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਰਨਾ ਪਵੇਗਾ।

ਇਸ ਦੇ ਨਾਲ ਹੀ ਆਲੀਆ ਸਿੱਦੀਕੀ ਦੇ ਵਕੀਲ ਨੇ ਕਿਹਾ ਕਿ ਨਵਾਜ਼ ਨੇ 20 ਤਾਰੀਖ਼ ਨੂੰ 100 ਕਰੋੜ ਦਾ ਮਾਨਹਾਨੀ ਕੇਸ ਦਾ ਨੋਟਿਸ ਭੇਜਿਆ, ਫਿਰ ਪੰਜ ਦਿਨ ਬਾਅਦ ਸਾਨੂੰ ਸੈਟਲਮੈਂਟ ਡ੍ਰਾਫਟ ਭੇਜਿਆ ਤਾਂ ਮਾਨਹਾਨੀ ਕੇਸ ਦੀ ਕੋਈ ਤੁਕ ਨਹੀਂ ਬਣਦੀ। ਇਸ ਲਈ ਕਿਉਂਕਿ ਖ਼ਬਰਾਂ ਆ ਰਹੀਆਂ ਹਨ, ਲੋਕ ਮਹਿਸੂਸ ਕਰ ਰਹੇ ਹਨ ਕਿ ਅਸੀਂ ਡਰ ਦੇ ਮਾਰੇ ਸਮਝੌਤਾ ਕਰ ਰਹੇ ਹਾਂ। ਇਸ ਲਈ ਅਜਿਹੀ ਕੋਈ ਗੱਲ ਨਹੀਂ ਹੈ। ਇਹ ਸਭ ਨਵਾਜ਼ ਦੇ ਪੱਖ ਤੋਂ ਹੋ ਰਿਹਾ ਹੈ ਪਰ ਕਿਉਂਕਿ ਬੱਚੇ ਵੀ ਵਿਚਕਾਰ ਹਨ, ਅਸੀਂ ਯਕੀਨੀ ਤੌਰ ’ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਾਂਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News