ਨਰਿੰਦਰ ਚੰਚਲ ਦੀ ਮੌਤ ਨਾਲ ਸਦਮੇ ’ਚ ਫ਼ਿਲਮੀ ਸਿਤਾਰੇ, ਸੋਸ਼ਲ ਮੀਡੀਆ ’ਤੇ ਦੇ ਰਹੇ ਸ਼ਰਧਾਂਜਲੀ
Saturday, Jan 23, 2021 - 11:31 AM (IST)
ਮੁੰਬਈ (ਬਿਊਰੋ) : 'ਭਜਨ ਸਮਰਾਟ' ਕਹੇ ਜਾਣ ਵਾਲੇ ਨਰਿੰਦਰ ਚੰਚਲ ਇਸ ਫਾਨੀ ਦੁਨੀਆ 'ਤੇ ਨਹੀਂ ਰਹੇ। ਦਿੱਲੀ ਦੇ ਅਪੋਲੋ ਹਸਪਤਾਲ 'ਚ ਅੱਜ ਸਵੇਰੇ ਨਰਿੰਦਰ ਚੰਚਲ ਦਾ ਦੇਹਾਂਤ ਹੋ ਗਿਆ। ਗਾਇਕ ਦੀ ਤਬੀਅਤ ਕਾਫ਼ੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ 80 ਸਾਲ ਦੀ ਉਮਰ 'ਚ ਨਰਿੰਦਰ ਚੰਚਲ ਨੇ ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਨਰਿੰਦਰ ਚੰਚਲ ਨੂੰ ਭਜਨ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕਈ ਬਿਹਤਰੀਨ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਨਰਿੰਦਰ ਚੰਚਲ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਗਾਣੇ ਗਏ ਹਨ।
ਨਰਿੰਦਰ ਚੰਚਲ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਨਰਿੰਦਰ ਦੀ ਮੌਤ ਦੀ ਖ਼ਬਰ 'ਤੇ ਕਈ ਗਾਇਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੂੰ ਲਤਾ ਮੰਗੇਸ਼ਕ, ਜਸਬੀਰ ਜੱਸੀ, ਦਲੇਰ ਮਹਿੰਦੀ ਤੇ ਮਾਸਟਰ ਸਲੀਮ ਵਰਗੇ ਸਿਤਾਰਿਆਂ ਨੇ ਸ਼ਰਧਾਂਜਲੀ ਦਿੱਤੀ ਹੈ।
ਦੱਸ ਦੇਈਏ ਕਿ ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ 1940 'ਚ ਅੰਮ੍ਰਿਤਸਰ 'ਚ ਹੋਇਆ ਸੀ। ਭਜਨ ਸਮਰਾਟ ਪੰਜਾਬੀ ਪਰਿਵਾਰ ਨਾਲ ਤਾਅਲੁੱਕ ਰੱਖਦੇ ਸਨ। ਉਨ੍ਹਾਂ ਦੀ ਪਰਵਰਿਸ਼ ਧਾਰਮਿਕ ਮਾਹੌਲ 'ਚ ਹੋਈ ਸੀ। ਉਨ੍ਹਾਂ ਭਜਨ, ਮਾਤਾ ਦੀਆਂ ਭੇਟਾਂ ਤੇ ਆਰਤੀਆਂ ਗਾ ਕੇ ਖ਼ੂਬ ਨਾਮਣਾ ਖੱਟਿਆ। ਨਰਿੰਦਰ ਚੰਚਲ ਨੇ ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਦੀ ਸੁਪਰਹਿੱਟ ਫ਼ਿਲਮਾਂ 'ਬੌਬੀ' 'ਚ ਪਹਿਲੀ ਵਾਰ ਹਿੰਦੀ ਫ਼ਿਲਮ 'ਚ ਗਾਣਾ ਗਾਇਆ ਸੀ। ਗਾਣੇ ਦਾ ਨਾਂ 'ਬੇਸ਼ਕ ਮੰਦਿਰ ਮਸਜਿਦ ਤੋੜੋ' ਸੀ। ਇਸ ਤੋਂ ਬਾਅਦ ਚੰਚਲ ਨੇ 'ਬੇਨਾਮ' ਫ਼ਿਲਮ ਦਾ 'ਮੈਂ ਬੇਨਾਮ ਹੋ ਗਿਆ' ਗਾਣਾ ਗਾਇਆ, ਜਿਹੜਾ ਉਸ ਦੌਰ 'ਚ ਸੁਪਰ-ਡੁਪਰ ਹਿੱਟ ਰਿਹਾ। ਇਸ ਤੋਂ ਬਾਅਦ ਚੰਚਲ ਨੇ ਲਤਾ ਮੰਗੇਸ਼ਕਰ ਨਾਲ 'ਰੋਟੀ ਕੱਪੜਾ ਔਰ ਮਕਾਨ' ਦੇ 'ਬਾਕੀ ਕੁਛ ਬਚਾ ਤੋ ਮਹਿੰਗਾਈ ਮਾਰ ਗਈ' ਗਾਣੇ 'ਚ ਆਪਣੀ ਆਵਾਜ਼ ਦਿੱਤੀ।
ਨਰਿੰਦਰ ਚੰਚਲ ਦਾ ਬਾਲੀਵੁੱਡ ਗੀਤ ਗਾਉਣ ਦਾ ਸਿਲਸਿਲਾ ਇੱਥੇ ਨਹੀਂ ਰੁਕਿਆ। ਲਤਾ ਮੰਗੇਸ਼ਕਰ ਤੋਂ ਬਾਅਦ ਉਨ੍ਹਾਂ ਨੇ ਮੁਹੰਮਦ ਰਫੀ ਦੇ ਨਾਲ ਫ਼ਿਲਮ 'ਆਸ਼ਾ' ਦਾ 'ਤੂਨੇ ਮੁਝੇ ਬੁਲਾਇਆ', ਆਸ਼ਾ ਭੌਸਲੇ ਨਾਲ 'ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ' ਤੇ ਕੁਮਾਰ ਸ਼ਾਨੂ ਨਾਲ 'ਹੁਏ ਹੈਂ ਕੁਛ ਐਸੇ ਵੋ ਸਬਸੇ ਪਰਾਏ' ਵਰਗੇ ਬਿਹਤਰੀਨ ਗਾਣਿਆਂ 'ਚ ਆਪਣੀ ਆਵਾਜ਼ ਦਿੱਤੀ। ਹਾਲ ਹੀ 'ਚ ਕੋਰੋਨਾ ਕਾਲ ਦੌਰਾਨ ਨਰੇਂਦਰ ਚੰਚਲ ਦਾ ਇਕ ਗਾਣਾ ਕਾਫ਼ੀ ਵਾਇਰਲ ਹੋਇਆ ਸੀ ਜਿਸ ਦੇ ਬੋਲ ਸਨ 'ਡੇਂਗੂ ਵੀ ਆਇਆ ਤੇ ਸਵਾਈਨ ਫਲੂ ਵੀ ਆਇਆ, ਚਿਕਨਗੁਨੀਆ ਨੇ ਸ਼ੋਰ ਮਚਾਇਆ, ਕਿੱਥੇ ਆਇਆ ਕੋਰੋਨਾ?'।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।