ਮੂਸੇ ਵਾਲਾ ਦਾ ਫਰਵਰੀ ''ਚ ਹੋਣਾ ਸੀ ਕਤਲ, ਤਿਹਾੜ ਜੇਲ ''ਚ ਬੰਦ ਜੱਗੂ ਤੇ ਬਿਸ਼ਨੋਈ ਨੇ ਬਣਾਈਆਂ ਸਨ 2 ਟੀਮਾਂ
Saturday, Sep 17, 2022 - 10:57 AM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਵਿਚ ਫੜ੍ਹੇ ਗਏ ਸ਼ਾਰਪ ਸ਼ੂਟਰਾਂ ਮਨੀ ਰਈਆ ਤੇ ਮਨਦੀਪ ਸਿੰਘ ਤੂਫ਼ਾਨ ਨੇ ਪੁਲਸ ਹਿਰਾਸਤ ਵਿਚ ਕਈ ਰਾਜ਼ ਖੋਲ੍ਹੇ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਤਿਹਾੜ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੇ ਮੂਸੇ ਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਦੋ ਟੀਮਾਂ ਤਿਆਰ ਕੀਤੀਆਂ ਸਨ। ਟੀਮ ਇਕ ਦੀ ਅਗਵਾਈ ਸ਼ਾਰਪ ਸ਼ੂਟਰ ਮਨੀ ਰਈਆ ਕਰ ਰਿਹਾ ਸੀ, ਜਦੋਂਕਿ ਦੂਜੀ ਟੀਮ ਦੀ ਅਗਵਾਈ ਦੀਪਕ ਮੁੰਡੀ ਨੇ ਕੀਤੀ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਈਆਂ ਇਹ ਗੱਲਾਂ
ਦੱਸ ਦਈਏ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਨੇ ਮਨੀ ਰਈਆ ਨੂੰ ਸਿੱਧੂ ਮੂਸੇ ਵਾਲਾ ਦਾ ਕੰਮ ਫਰਵਰੀ ਮਹੀਨੇ ਵਿਚ ਪੂਰਾ ਕਰਨ ਦਾ ਹੁਕਮ ਦਿੱਤਾ ਸੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮਨੀ ਰਈਆ, ਮਨਦੀਪ ਤੂਫ਼ਾਨ ਨੇ ਆਪਣੇ ਦੋ ਹੋਰ ਸਾਥੀਆਂ ਸਚਿਨ ਥਾਪਨ ਅਤੇ ਕਪਿਲ ਪੰਡਿਤ ਦੀ ਮਦਦ ਲਈ। ਮੁਲਜ਼ਮਾਂ ਵੱਲੋਂ ਸਿੱਧੂ ਨੂੰ ਮਾਰਨ ਤੋਂ ਬਾਅਦ ਵਿਦੇਸ਼ਾਂ ਤੋਂ ਲੱਖਾਂ ਰੁਪਏ ਇੱਥੇ ਹੀ ਮਿਲਣ ਦੀ ਗੱਲ ਆਖੀ ਗਈ ਸੀ। ਇਸ ਤੋਂ ਬਾਅਦ ਚਾਰੇ ਗੈਂਗਸਟਰਾਂ ਨੇ ਮੂਸੇ ਵਾਲਾ ਦੇ ਘਰ ਦੀ ਲਗਪਗ ਤਿੰਨ ਵਾਰ ਰੇਕੀ ਕੀਤੀ ਪਰ ਉਹ ਮੂਸੇ ਵਾਲਾ ਨੂੰ ਮਾਰ ਨਾ ਸਕੇ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਫੇਲ੍ਹ ਹੁੰਦਾ ਦੇਖ ਕੇ ਗੋਲਡੀ ਬਰਾੜ, ਲਾਰੈਂਸ ਤੇ ਜੱਗੂ ਵੀ ਆਪਣੇ ਗੁਰਗੇ ਮਨੀ ਰਈਆ ਨਾਲ ਬਹੁਤ ਨਾਰਾਜ਼ ਹੋਏ। ਇਸ ਤੋਂ ਬਾਅਦ ਇਸ ਕੰਮ ਦੀ ਜ਼ਿੰਮੇਵਾਰੀ ਪ੍ਰਿਅਵਰਤ ਫ਼ੌਜੀ ਤੇ ਉਸ ਦੇ ਸਾਥੀਆਂ ਨੂੰ ਦਿੱਤੀ ਗਈ। ਮਨੀ ਰਈਆ ਨੂੰ ਦੱਸਿਆ ਕਿ ਉਹ ਗੈਂਗਸਟਰ ਪ੍ਰਿਅਵਰਤ ਫ਼ੌਜੀ ਨਾਲ ਮੂਸੇ ਵਾਲਾ ਦੇ ਕਤਲ ਨੂੰ ਵੀ ਅੰਜਾਮ ਦੇਵੇਗਾ। ਇਸ ਤੋਂ ਬਾਅਦ ਸ਼ਾਰਪ ਸ਼ੂਟਰਾਂ ਦੀਆਂ ਦੋਵੇਂ ਟੀਮਾਂ ਨੇ 29 ਮਈ ਦੀ ਸ਼ਾਮ ਨੂੰ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕੰਮ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਕਈ ਦਿਨ ਬਠਿੰਡਾ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣਾ ਪਿਆ।
ਚਾਰ ਵਿਦੇਸ਼ੀ ਪਿਸਤੌਲ ਬਰਾਮਦ
ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿਚ .30 ਬੋਰ ਦਾ ਪਿਸਤੌਲ, .45 ਬੋਰ ਦਾ ਪਿਸਤੌਲ, .357 ਬੋਰ ਦਾ ਰਿਵਾਲਵਰ ਤੇ .32 ਬੋਰ ਦਾ ਪਿਸਤੌਲ ਸ਼ਾਮਲ ਹੈ। ਇਸ ਦੇ ਨਾਲ ਹੀ 36 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਇਹ ਅਫ਼ਸਰ ਹੋਣਗੇ ਸਨਮਾਨਿਤ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਰਪ ਸ਼ੂਟਰਾਂ ਨੂੰ ਫੜਨ ਵਾਲੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਐੱਸ. ਪੀ. ਅਭਿਮੰਨਿਊ ਰਾਣਾ, ਡੀ. ਐੱਸ. ਪੀ. ਗੁਰਿੰਦਰਪਾਲ ਸਿੰਘ ਨਾਗਰਾ, ਡੀ. ਐੱਸ. ਪੀ. ਬਿਕਰਮ ਬਰਾੜ, ਡੀ. ਐੱਸ. ਪੀ. ਪਰਮਿੰਦਰ ਰਾਜਨ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਅਪਰਾਧਿਕ ਰਿਕਾਰਡ ਦੇਖ ਕੇ ਜੱਗੂ ਕਰਦਾ ਹੈ ਗੈਂਗ ਵਿਚ ਸ਼ਾਮਲ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੱਗੂ ਮੁਲਜ਼ਮਾਂ ਦਾ ਲੰਮਾ ਅਪਰਾਧਿਕ ਰਿਕਾਰਡ ਦੇਖ ਕੇ ਨੌਜਵਾਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਲ ਕਰਦਾ ਹੈ। ਤੂਫ਼ਾਨ ਪੁਲਸ ਵੱਲੋਂ ਦੋ ਮਾਮਲਿਆਂ ਵਿਚ ਭਗੌੜਾ ਐਲਾਨਿਆ ਜਾ ਚੁੱਕਾ ਹੈ। ਮੁਲਜ਼ਮਾਂ ਨੇ ਸਾਲ 2018 ਵਿਚ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਫ਼ਤਹਿਗੜ੍ਹ ਚੂੜੀਆਂ ਵਿਚ ਜੱਗੂ ਦੀ ਪਤਨੀ, ਫ਼ੌਜੀ ਹੱਤਿਆਕਾਂਡ ਤੇ ਸ਼ਰਾਬ ਕਾਰੋਬਾਰੀ ਦੇ ਕਤਲ ਵਿਚ ਵੀ ਤੂਫ਼ਾਨ ਸ਼ਾਮਲ ਹੈ। 11 ਕਿੱਲੋ ਸੋਨਾ ਲੁੱਟਣ ਵਿਚ ਵੀ ਇਸ ਦੀ ਵੱਡੀ ਭੂਮਿਕਾ ਸੀ। ਇਸ ਦੇ ਨਾਲ ਹੀ ਰਈਆ ਨੂੰ ਤਿੰਨ ਮਾਮਲਿਆਂ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਦੋਂ ਕਿ ਉਹ ਚਾਰ ਮਾਮਲਿਆਂ ਵਿਚ ਬਰੀ ਹੋ ਚੁੱਕਾ ਹੈ। ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿਚ ਸੱਤ ਕੇਸ ਚੱਲ ਰਹੇ ਹਨ। ਜਦਕਿ ਚਾਰ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦਾ ਹੈ। ਸਾਲ 2016 ਵਿਚ ਤਰਨਤਾਰਨ ਵਿਚ ਹੋਈ ਗੈਂਗਵਾਰ ਵਿਚ ਵੀ ਮਨੀ ਰਈਆ ਦਾ ਨਾਂ ਆਉਂਦਾ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ ਕਤਲਕਾਂਡ ਵਿਚ ਮਾਨਸਾ ਪੁਲਸ ਹੱਥ ਵੱਡੀ ਸਫ਼ਲਤਾ ਹੱਥ ਲੱਗੀ ਹੈ। ਮੂਸੇ ਵਾਲਾ ਦੀ ਰੇਕੀ ਕਰਨ ਦੇ ਦੋਸ਼ ਵਿਚ ਕੇਕੜੇ ਦੇ ਭਰਾ ਬਿੱਟੂ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੇਕੜੇ ਦੇ ਭਰਾ ਬਿੱਟੂ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਮੂਸੇ ਵਾਲਾ ਕਿਤੇ ਵੀ ਆਉਣ-ਜਾਣ ਦੀ ਪਲ-ਪਲ ਦੀ ਜਾਣਕਾਰੀ ਪਹੁੰਚਾਉਂਦਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।