ਜੇਲ੍ਹ ’ਚ ਬੰਦ ਕਾਮੇਡੀਅਨ ਨੇ ਜ਼ਮਾਨਤ ਲਈ ਕੀਤਾ ਮੱਧ ਪ੍ਰਦੇਸ਼ ਹਾਈ ਕੋਰਟ ਦਾ ਰੁਖ਼

1/14/2021 1:55:35 PM

ਇੰਦੌਰ (ਬਿਊਰੋ)– ਹਿੰਦੂ ਦੇਵੀ-ਦੇਵਤਿਆਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਦੇ ਦੋਸ਼ ’ਚ ਗ੍ਰਿਫਤਾਰੀ ਤੋਂ ਬਾਅਦ ਲਗਭਗ 15 ਦਿਨਾਂ ਤੋਂ ਇਥੇ ਕੇਂਦਰੀ ਜੇਲ੍ਹ ’ਚ ਬੰਦ ਗੁਜਰਾਤ ਦੇ ਕਾਮੇਡੀਅਨ ਮੁਨਵਰ ਫਾਰੂਖ਼ੀ ਨੇ ਜ਼ਮਾਨਤ ’ਤੇ ਰਿਹਾਈ ਲਈ ਮੱਧ ਪ੍ਰਦੇਸ਼ ਹਾਈ ਕੋਰਟ ਦੀ ਸ਼ਰਣ ਲਈ ਹੈ। ਜਾਣਕਾਰੀ ਮੁਤਾਬਕ ਹਾਈ ਕੋਰਟ ਦੀ ਇੰਦੌਰ ਬੈਂਚ ’ਚ ਫਾਰੂਖ਼ੀ ਵਲੋਂ ਪੇਸ਼ ਨਿਯਮਿਤ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਦੀ ਸੰਭਾਵਿਤ ਮਿਤੀ 15 ਜਨਵਰੀ ਤੈਅ ਕੀਤੀ ਗਈ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ’ਚ ਸੱਤਾਧਿਰ ਭਾਜਪਾ ਦੀ ਇਕ ਸਥਾਨਕ ਵਿਧਾਇਕ ਦੇ ਬੇਟੇ ਦੀ ਸ਼ਿਕਾਇਤ ’ਤੇ 1 ਜਨਵਰੀ ਨੂੰ ਮਾਮਲਾ ਦਰਜ ਕਰਦਿਆਂ ਨੌਜਵਾਨ ਕਾਮੇਡੀਅਨ ਤੇ ਚਾਰ ਹੋਰਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਲਾ ਅਦਾਲਤ ਦੇ ਇਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਇਸ ਤੋਂ ਬਾਅਦ ਇਕ ਸੈਸ਼ਨ ਜੱਜ ਫਾਰੂਖ਼ੀ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਚੁੱਕੇ ਹਨ।

ਮੁਨਵਰ ਦੇ ਸਹੁਰੇ ਯੁਨਸ ਬਦਰ ਈਮਾਨੀ ਨੇ ਬੁੱਧਵਾਰ ਨੂੰ ‘ਪੀ. ਟੀ. ਆਈ.-ਭਾਸ਼ਾ’ ਨੂੰ ਦੱਸਿਆ, ‘ਮੇਰੀ ਬੀਤੇ ਸ਼ਨੀਵਾਰ ਤੇ ਬੁੱਧਵਾਰ ਨੂੰ ਕੇਂਦਰੀ ਜੇਲ੍ਹ ’ਚ ਫਾਰੂਖ਼ੀ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਉਸ ਨੇ ਆਪਣੀ ਪਤਨੀ ਤੇ ਘਰ-ਪਰਿਵਾਰ ਦੀ ਖੈਰੀਅਤ ਪੁੱਛੀ।’

ਉਸ ਨੇ ਕਿਹਾ ਕਿ ਫਾਰੂਖ਼ੀ ਦੀ ਪਤਨੀ ਫਿਲਹਾਲ ਜੂਨਾਗੜ੍ਹ ’ਚ ਹੈ ਤੇ ਜੇਲ੍ਹ ਅਧਿਕਾਰੀਆਂ ਨੇ ਨਿਆਇਕ ਹਿਰਾਸਤ ’ਚ ਬੰਦ ਕਾਮੇਡੀਅਨ ਨਾਲ ਫੋਨ ’ਤੇ ਉਸ ਦੀ ਗੱਲ ਕਰਵਾਉਣ ਤੋਂ ਕਥਿਤ ਰੂਪ ’ਚ ਇਹ ਕਹਿੰਦਿਆਂ ਮਨ੍ਹਾ ਕਰ ਦਿੱਤਾ ਕਿ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh